ਕੈਨੇਡਾ ਅਤੇ ਅਮਰੀਕਾ ਦੇ ਪੰਜਾਬੀ ਸ਼ਾਇਰਾਂ ਵੱਲੋਂ ਪਾਕਿਸਤਾਨ ਦੇ ਇਤਿਹਾਸਕ ਸਥਾਨਾਂ ਦੀ ਯਾਤਰਾ
ਲਹਿੰਦੇ ਪੰਜਾਬ ਦੇ ਅਦੀਬਾਂ ਨੇ ਮਹਿਮਾਨ ਸ਼ਾਇਰਾਂ ਦੇ ਮਾਣ ਵਿਚ ਰਚਾਏ ਸਾਹਿਤਕ ਸਮਾਗਮ
ਹਰਦਮ ਮਾਨ
ਜੈਤੋ, 9 ਮਾਰਚ 2025-ਬੀਤੇ ਦਿਨੀਂ ਕੈਨੇਡਾ ਅਤੇ ਅਮਰੀਕਾ ਦੇ ਕੁਝ ਪੰਜਾਬੀ ਸ਼ਾਇਰਾਂ ਨੇ ਪਾਕਿਸਤਾਨ ਦਾ 8 ਦਿਨ ਦਾ ਟੂਰ ਕੀਤਾ। ਇਨ੍ਹਾਂ ਸ਼ਾਇਰਾਂ ਵਿਚ ਗ਼ਜ਼ਲ ਮੰਚ ਸਰੀ (ਕੈਨੇਡਾ) ਦੇ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਹਰਦਮ ਮਾਨ, ਦਸ਼ਮੇਸ਼ ਗਿੱਲ ਫ਼ਿਰੋਜ਼ ਤੇ ਪ੍ਰੀਤ ਮਨਪ੍ਰੀਤ, ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੀਫੋਰਨੀਆ (ਅਮਰੀਕਾ) ਦੇ ਕੁਲਵਿੰਦਰ ਤੇ ਜਗਜੀਤ ਨੌਸ਼ਹਿਰਵੀ ਅਤੇ ਟੋਰਾਂਟੋ ਤੋਂ ਸ਼ਾਇਰ ਕੁਲਵਿੰਦਰ ਖਹਿਰਾ ਅਤੇ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ ਬਲਦੇਵ ਰਹਿਪਾ ਸ਼ਾਮਲ ਸਨ। ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਪਹੁੰਚੇ ਇਨ੍ਹਾਂ ਸ਼ਾਇਰਾਂ ਦਾ ਲਹਿੰਦੇ ਪੰਜਾਬ ਦੇ ਅਦੀਬ ਆਸਿਫ ਰਜ਼ਾ, ਪ੍ਰੋ. ਅਮਾਨਤ ਅਲੀ ਮੁਸਾਫ਼ਿਰ ਅਤੇ ਡਾ. ਤਾਹਿਰ ਸੰਧੂ ਨੇ ਉਚੇਚੇ ਤੌਰ ‘ਤੇ ਬਾਰਡਰ ‘ਤੇ ਆ ਕੇ ਨਿੱਘਾ ਸਵਾਗਤ ਕੀਤਾ।
ਆਪਣੇ ਟੂਰ ਦੌਰਾਨ ਇਹ ਸ਼ਾਇਰ ਇਤਿਹਾਸਕ, ਧਾਰਮਿਕ ਸਥਾਨ ‘ਗੁਰਦੁਆਰਾ ਨਨਕਾਣਾ ਸਾਹਿਬ’, ਗੁਰਦੁਆਰਾ ਸੱਚਾ ਸੌਦਾ’, ‘ਗੁਰਦੁਆਰਾ ਕਰਤਾਰਪੁਰ ਸਾਹਿਬ’, ‘ਗੁਰਦੁਆਰਾ ਡੇਹਰਾ ਸਾਹਿਬ ਲਾਹੌਰ’, ‘ਸੂਫੀ ਸ਼ਾਇਰ ਬੁੱਲੇ ਸ਼ਾਹ ਦੀ ਮਜ਼ਾਰ (ਕਸੂਰ), ‘ਮਹਾਨ ਪੰਜਾਬੀ ਸ਼ਾਇਰ ਵਾਰਿਸ ਸ਼ਾਹ ਦੇ ਦਰਬਾਰ’ ਵਿਖੇ ਨਤਮਸਤਕ ਹੋਏ ਅਤੇ ‘ਲਾਹੌਰ ਮਿਊਜ਼ੀਅਮ’, ‘ਸ਼ਾਹੀ ਕਿਲਾ ਲਾਹੌਰ’, ‘ਭਗਤ ਸਿੰਘ ਗੈਲਰੀ ਲਾਹੌਰ’, ‘ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਜਨਮ ਸਥਾਨ’ (ਚੱਕ ਨੰਬਰ 105 ਬੀ ਬੰਗੇ) ਅਤੇ ਸਰਹੱਦ ਲਾਗਲੇ ਦੋ ਪਿੰਡਾਂ (ਘਣੀਏ ਕੇ ਅਤੇ ਪਢਾਣਾ) ਦਾ ਟੂਰ ਵੀ ਕੀਤਾ। ਪਿੰਡ ਬੰਗੇ ਵਿਖੇ ਭਗਤ ਸਿੰਘ ਦੇ ਪ੍ਰਾਇਮਰੀ ਸਕੂਲ ਦਾ ਉਹ ਕਮਰਾ ਵੀ ਵੇਖਿਆ ਜਿੱਥੇ ਬੈਠ ਕੇ ਭਗਤ ਸਿੰਘ ਨੇ ਮੁੱਢਲੀ ਸਿੱਖਿਆ ਗ੍ਰਹਿਣ ਕੀਤੀ ਸੀ। ਇਹ ਕਮਰਾ ਉਸੇ ਤਰ੍ਹਾਂ ਸੁਰੱਖਿਅਤ ਰੱਖਿਆ ਹੋਇਆ ਹੈ।
ਗੌਰਮਿੰਟ ਕਾਲਜ ਯੂਨੀਵਰਸਿਟੀ ਲਾਹੌਰ ਵਿਚ ਕਾਲਜ ਦੀ ਪ੍ਰਿੰਸੀਪਲ ਡਾ. ਨਬੀਲਾ ਰਹਿਮਾਨ ਨੇ ਇਨ੍ਹਾਂ ਸ਼ਾਇਰਾਂ ਦਾ ਹਾਰਦਿਕ ਸਵਾਗਤ ਕੀਤਾ ਅਤੇ ਕਾਲਜ ਵਿਚ ‘ਜਪੁਜੀ ਸਾਹਿਬ’ ਵਿਚ ਪੰਜਾਬੀ ਕਲਾਸ ਦੇ ਸਿਲੇਬਸ ਵਿਚ ਸ਼ਾਮਲ ਕੀਤੇ ਜਾਣ ਅਤੇ ਗੁਰਮੁਖੀ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਕਾਲਜ ਦੇ ਪਹਿਲੇ ਸਿੱਖ ਪ੍ਰੋ. ਕਲਿਆਣ ਸਿੰਘ ਨੇ ਮਹਿਮਾਨ ਸ਼ਾਇਰਾਂ ਨੂੰ ਕਾਲਜ ਦੀ ਉਹ ਜਗ੍ਹਾ ਦੇ ਦਰਸ਼ਨ ਕਰਵਾਏ ਜਿੱਥੇ ਬੈਠ ਕੇ ਭਗਤ ਸਿੰਘ ਆਪਣੇ ਸਾਥੀਆਂ ਨਾਲ ਮੀਟਿੰਗ ਕਰਦੇ ਸਨ। ਡੀ.ਏ.ਵੀ. ਕਾਲਜ ਲਾਹੌਰ (ਅੱਜ ਕੱਲ੍ਹ ਗੌਰਮਿੰਟ ਇਸਲਾਮੀਆ ਗਰੈਜੂਏਟ ਕਾਲਜ) ਦੇ ਟੂਰ ਦੌਰਾਨ ਕਾਲਜ ਦੇ ਪ੍ਰਿੰਸੀਪਲ ਅਖਤਰ ਹੁਸੈਨ ਸੰਧੂ ਨੇ ਸਭ ਨੂੰ ਜੀ ਆਇਆਂ ਕਿਹਾ। ਮਹਿਮਾਨ ਸ਼ਾਇਰਾਂ ਨੇ ਇੱਥੇ ਉਹ ਜਗ੍ਹਾ ਦੇਖੀ ਜਿੱਥੇ 17 ਦਸੰਬਰ 1928 ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਇਸ ਕਾਲਜ ਦੇ ਗੇਟ 'ਤੇ ਪੁਲਿਸ ਸੁਪਰਡੈਂਟ ਜੇਮਸ ਏ ਸਕਾਟ ਨੂੰ ਮਾਰਨ ਦੀ ਉਡੀਕ ਵਿਚ ਦਰੱਖਤ ਦੀ ਓਟ ਲੈ ਕੇ ਖੜ੍ਹੇ ਸਨ ਪਰ ਭੁਲੇਖੇ ਵਿਚ ਪੁਲਿਸ ਦੇ ਸਹਾਇਕ ਸੁਪਰਡੈਂਟ ਜੌਨ ਪੀ. ਸਾਂਡਰਸ ਨੂੰ ਗੋਲੀ ਮਾਰ ਦਿੱਤੀ ਜਦੋਂ ਉਹ ਕਾਲਜ ਦੇ ਸਾਹਮਣੇ ਸਥਿਤ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਤੋਂ ਨਿਕਲ ਤੇ ਗਲੀ ਪਾਰ ਕਰ ਰਿਹਾ ਸੀ।ਗੋਲੀ ਚਲਾ ਕੇ ਭਗਤ ਸਿੰਘ ਤੇ ਸਾਥੀ ਸਰਕਾਰੀ ਕਾਲਜ ਵੱਲ ਭੱਜ ਗਏ ਸਨ।
ਟੂਰ ਦੌਰਾਨ ਇਨ੍ਹਾਂ ਸ਼ਾਇਰਾਂ ਦੇ ਮਾਣ ਵਿਚ ਲਹਿੰਦੇ ਪੰਜਾਬ ਦੇ ਅਦੀਬਾਂ ਅਤੇ ਕਈ ਸੰਸਥਾਵਾਂ ਵੱਲੋਂ ਸਾਹਿਤਕ ਪ੍ਰੋਗਰਾਮ ਰਚਾਏ ਗਏ। ‘ਸਾਂਝਾ ਵਿਰਸਾ, ਲੋਕਸਾਰ ਤੇ ਅਫਰਾ ਬੁਖਾਰੀ ਬੁੱਕ ਕਲੱਬ ਲਾਹੌਰ’, ‘ਅੰਜੁਮਨ ਪ੍ਰਗਤੀਸ਼ੀਲ ਲੇਖਕ ਲਾਹੌਰ’ ਅਤੇ ‘ਵਾਰਿਸ ਸ਼ਾਹ ਵਿਚਾਰ ਪ੍ਰਚਾਰ ਪਰ੍ਹਿਆ ਪੰਜਾਬ’ (ਪਾਕਿਸਤਾਨ) ਵੱਲੋਂ ਕਰਵਾਏ ਸ਼ਾਇਰੀ ਦੇ ਪ੍ਰੋਗਰਾਮਾਂ ਵਿਚ ਇਨ੍ਹਾਂ ਸ਼ਾਇਰਾਂ ਨੇ ਆਪਣੇ ਕਲਾਮ ਰਾਹੀਂ ਖੂਬ ਰੰਗ ਬੰਨ੍ਹਿਆਂ। ਸ਼ਾਇਰੀ ਦੀਆਂ ਇਨ੍ਹਾਂ ਮਹਿਫ਼ਿਲਾਂ ਵਿਚ ਲਹਿੰਦੇ ਪੰਜਾਬ ਦੇ ਨਾਮਵਰ ਸ਼ਾਇਰ ਬਾਬਾ ਨਜਮੀ, ਤਾਹਿਰਾ ਸਰਾ, ਸਾਬਿਰ ਅਲੀ ਸਾਬਿਰ, ਨਮਰਾ ਵਾਰਿਸ, ਇੰਤਸ਼ਾਮ, ਸਾਜ਼ੀਆ, ਆਬਿਦ ਹੁਸੈਨ ਆਬਿਦ, ਡਾ. ਤਾਹਿਰ ਸੰਧੂ, ਆਸਿਫ ਰਜ਼ਾ, ਪ੍ਰੋ. ਅਮਾਨਤ ਅਲੀ ਮੁਸਾਫ਼ਿਰ, ਸਈਅਦ ਭੁੱਟਾ, ਡਾ. ਤਾਹਿਰ ਸ਼ਬੀਰ, ਸਰਫ਼ਰਾਜ ਸਫ਼ੀ, ਅਨੀਸ ਅਹਿਮਦ, ਅਫ਼ਜ਼ਲ ਸਾਹਿਰ, ਰਾਹਤ ਤਨਸੀਬ, ਨਾਸਿਰ ਫਿਰੋਜ, ਅਬਾਸ ਮਿਰਜ਼ਾ, ਇਜ਼ਾਜ਼ ਤਵੱਕਲ, ਫਾਰੂਖ਼ ਤਰਾਜ, ਗੀਤ ਅਲੀ ਤਵੱਕਲ, ਜਾਹਿਦ ਅਤੇ ਹੋਰ ਕਈ ਸ਼ਾਇਰਾਂ ਨੇ ਵੀ ਸ਼ਮੂਲੀਅਤ ਕੀਤੀ। ਨਾਮਵਰ ਪੰਜਾਬੀ ਗਾਇਕ ਸ਼ੌਕਤ ਅਲੀ (ਮਰਹੂਮ) ਦੇ ਫ਼ਰਜ਼ੰਦ ਇਮਰਾਨ ਸ਼ੌਕਤ ਅਲੀ ਖ਼ਾਨ ਨੇ ਵੀ ਇਕ ਸ਼ਾਮ ਆਪਣੀ ਗਾਇਕੀ ਨਾਲ਼ ਮਹਿਮਾਨ ਸ਼ਾਇਰਾਂ ਨੂੰ ਨਿਵਾਜਿਆ।
ਸ਼ਾਇਰਾਂ ਅਨੁਸਾਰ ਸਾਰੇ ਟੂਰ ਦੌਰਾਨ ਵੱਖ ਵੱਖ ਥਾਵਾਂ ‘ਤੇ ਲਹਿੰਦੇ ਪੰਜਾਬ ਦੇ ਅਦੀਬਾਂ ਅਤੇ ਆਮ ਲੋਕਾਂ ਵੱਲੋਂ ਬੇਹੱਦ ਮੁਹੱਬਤ ਮਿਲੀ ਅਤੇ ਬੜਾ ਮਾਣ ਸਤਿਕਾਰ ਮਿਲਿਆ। ਪ੍ਰੋ. ਅਮਾਨਤ ਅਲੀ ਮੁਸਾਫ਼ਿਰ, ਆਸਿਫ ਰਜ਼ਾ, ਡਾ. ਤਾਹਿਰ ਸੰਧੂ, ਪਿੰਡ ਪਢਾਣਾ ਦੇ ਜ਼ੁਲਫ਼ਕਾਰ ਸੰਧੂ ਅਤੇ ਪਿੰਡ ਘਣੀਏ ਕੇ ਲੋਕਾਂ ਵੱਲੋਂ ਮਿਲਿਆ ਪਿਆਰ ਹਮੇਸ਼ਾ ਉਨ੍ਹਾਂ ਦੇ ਚੇਤਿਆਂ ਵਿਚ ਵਸਦਾ ਰਹੇਗਾ।