ਤਖ਼ਤ ਜਥੇਦਾਰਾਂ ਨੂੰ ਬੇਪੱਤ ਕਰਕੇ ਫ਼ਾਰਗ ਕਰਨ ਦੇ ਪਿੱਛੇ ਮੁੱਖ ਕਾਰਨ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ-ਮੁਕਤੀ ਦੇ ਵਿਧੀ-ਵਿਧਾਨ ਦੀ ਅਣਹੋਂਦ : ਦਲ ਖ਼ਾਲਸਾ
- ਤਖ਼ਤਾਂ ਦੇ ਤਿੰਨੇ ਜਥੇਦਾਰ 2 ਦਸੰਬਰ ਦੇ ਅਕਾਲ ਤਖ਼ਤ ਦੀ ਫ਼ਸੀਲ ਤੋ ਹੋਏ ਫੈਸਲਿਆਂ ਦੀ ਬਲੀ ਚੜ੍ਹੇ - ਦਲ ਖ਼ਾਲਸਾ
- ਪੰਥ ਨੂੰ ਭਰੋਸੇ ਵਿੱਚ ਲਏ ਬਿਨਾਂ ਸ਼੍ਰੋਮਣੀ ਕਮੇਟੀ ਵੱਲੋਂ ਆਪਹੁਦਰੇ ਢੰਗ ਨਾਲ ਨਿਯੁਕਤ ਤਖਤਾਂ ਦੇ ਨਵੇਂ ਜਥੇਦਾਰ ਕੌਮ ਦੇ ਵੱਡੇ ਹਿੱਸੇ ਨੂੰ ਪ੍ਰਵਾਨ ਨਹੀਂ ਹੋਣਗੇ - ਮੰਡ
- ਨਵ-ਨਿਯੁਕਤ ਜਥੇਦਾਰ ਕੋਲ਼ੋਂ 2 ਦਸੰਬਰ ਦੇ ਫੈਸਲਿਆਂ ਨੂੰ ਉਲਟਾਇਆ ਜਾਵੇਗਾ - ਗਿਆਨੀ ਕੁਲਦੀਪ ਸਿੰਘ ਪੰਥਕ ਭਾਵਨਾਵਾਂ ਦੇ ਉਲਟ ਨਾ ਜਾਣ
- ਸ਼੍ਰੋਮਣੀ ਕਮੇਟੀ ਦਾ 7 ਮਾਰਚ ਦਾ ਫ਼ੈਸਲਾ ਸਿੱਖ ਇਤਿਹਾਸ ਵਿੱਚ ਕਾਲੇ ਚੈਪਟਰ ਵਜੋ ਦਰਜ - ਕੰਵਰਪਾਲ ਸਿੰਘ
- ਪੰਥ ਬਾਦਲਕਿਆਂ ਦੇ ਇਹਨਾਂ ਗੁਨਾਹਾਂ ਨੂੰ ਨਾ ਭੁੱਲੇਗਾ, ਨਾ ਮੁਆਫ਼ ਕਰੇਗਾ - ਟਾਂਡਾ
ਅੰਮ੍ਰਿਤਸਰ, 8 ਮਾਰਚ 2025 - ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਨੂੰ ਜਬਰੀ ਸੇਵਾ-ਮੁਕਤ ਕਰਨ ਦੇ ਸ਼੍ਰੋਮਣੀ ਕਮੇਟੀ ਦੇ ਆਪਹੁਦਰੇ ਅਤੇ ਗੈਰ-ਸਿਧਾਂਤਿਕ ਫੈਸਲੇ ਦਾ ਦਲ ਖ਼ਾਲਸਾ ਨੇ ਸਖ਼ਤ ਨੋਟਿਸ ਲੈੰਦਿਆਂ ਬਾਦਲ ਦਲ ਦੀ ਲੀਡਰਾਂ ਨੂੰ ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਵਾਲੇ ਪੰਥ ਦੇ ਦੁਸ਼ਮਣ ਕਰਾਰ ਦਿੱਤਾ ਹੈ।
ਦਲ ਖ਼ਾਲਸਾ ਨੇ ਬਾਦਲ ਦਲ ਵਿਰੁੱਧ ਧਰਮ ਯੁੱਧ ਲੜਨ ਅਤੇ ਇਹਨਾਂ ਦਾ ਪੰਥਕ ਪਿੜ ਵਿੱਚੋਂ ਮੁਕੰਮਲ ਸਫ਼ਾਇਆ ਕਰਨ ਦਾ ਸੱਦਾ ਦਿੱਤਾ ਹੈ।
ਦਲ ਖ਼ਾਲਸਾ ਦਾ ਮੰਨਣਾ ਅਤੇ ਕਹਿਣਾ ਹੈ ਕਿ ਜਦੋਂ ਤੱਕ ਤਖ਼ਤ ਜਥੇਦਾਰਾਂ ਦੀ ਨਿਯੁਕਤੀ ਅਤੇ ਉਨ੍ਹਾਂ ਨੂੰ ਸੇਵਾ ਮੁਕਤ ਕਰਨ ਦਾ ਕੋਈ ਵਿਧੀ-ਵਿਧਾਨ ਅਤੇ ਪ੍ਰਬੰਧ ਹੋਂਦ ਵਿੱਚ ਨਹੀਂ ਆਉਂਦਾ ਉਦੋਂ ਤੱਕ ਸਿੱਖ ਪੰਥ ਨੂੰ ਸ਼ਰਮਸਾਰ ਕਰਨ ਵਾਲੀਆਂ ਅਜਿਹੀਆਂ ਅਣਸੁਖਾਂਵੀ ਘਟਨਾਵਾਂ ਮੁੜ-ਮੁੜ ਸਾਹਮਣੇ ਆਉਂਦੀਆਂ ਰਹਿਣਗੀਆਂ ।
ਜਥੇਬੰਦੀ ਨੇ ਅਕਾਲ ਤਖ਼ਤ ਦੇ ਨਵ-ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਬਾਰੇ ਕਿਹਾ ਕਿ ਉਹ ਪੜੇ ਲਿਖੇ ਨਾਮਵਰ ਸਿੱਖ ਪ੍ਰਚਾਰਕ ਹਨ ਅਤੇ ਵਿਅਕਤੀਗਤ ਰੂਪ ਵਿੱਚ ਉਹਨਾਂ ਦੇ ਪਿਛੋਕੜ ਨਾਲ ਕੋਈ ਵਿਵਾਦ ਨਹੀਂ ਜੁੜਿਆ ਪਰ ਬਾਦਲ ਦਲ ਨੇ ਜਿਸ ਤਰੀਕੇ ਨਾਲ ਪੰਥ ਨੂੰ ਬਿਨਾ ਭਰੋਸੇ ਵਿੱਚ ਲਿਆਂ ਅਤੇ ਪੰਥਕ ਨਿਯਮਾਂ ਨੂੰ ਦਰ-ਕਿਨਾਰ ਕਰਕੇ ਨਵੇਂ ਜਥੇਦਾਰਾਂ ਦੀ ਚੋਣ ਕੀਤੀ ਹੈ, ਯਕੀਨਨ ਇਹ ਚੋਣ ਵੀ ਪੰਥ ਦੇ ਵੱਡੇ ਹਿੱਸੇ ਵਿੱਚ ਪ੍ਰਵਾਨ ਨਹੀਂ ਹੋਣੀ। ਇਸ ਨਿਰ-ਵਿਵਾਦਿਤ ਸ਼ਖ਼ਸੀਅਤ ਨੂੰ ਵੀ ਬਾਦਲਕਿਆਂ ਦੀ ਹਠਧਰਮੀ ਨੇ ਵਿਵਾਦਿਤ ਕਰ ਦਿੱਤਾ ਹੈ ।
ਜਥੇਬੰਦੀ ਦਾ ਇਹ ਵੀ ਮੰਨਣਾ ਹੈ ਕਿ ਬੀਤੇ ਕੱਲ ਦੇ ਫ਼ੈਸਲੇ ਜਿਸ ਉਤੇ ਸੁਖਬੀਰ ਦੀ ਮੋਹਰ ਲੱਗੀ ਸਾਫ਼ ਦਿਖਾਈ ਦੇ ਰਹੀ ਹੈ, ਅਕਾਲੀ ਦਲ ਦੇ ਹੰਕਾਰ ਅਤੇ ਹੈਂਕੜ ਦੀ ਸਿਖ਼ਰ ਹੈ ਜੋ ਬਾਦਲ ਦਲ ਦੀ ਹੋਂਦ ਦੇ ਪਤਨ ਦਾ ਕਾਰਨ ਬਣੇਗੀ ।
ਪਾਰਟੀ ਦਫ਼ਤਰ ਵਿੱਚ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ, ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਅਤੇ ਸਿਆਸੀ ਸਕੱਤਰ ਕੰਵਰਪਾਲ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ 7 ਮਾਰਚ ਦੇ ਫ਼ੈਸਲੇ ਨੂੰ ਸਿੱਖ ਇਤਿਹਾਸ ਵਿੱਚ ਕਾਲਾ ਚੈਪਟਰ ਕਰਾਰ ਦਿੱਤਾ।
ਉਹਨਾਂ ਕਿਹਾ ਕਿ ਤਿੰਨੇ ਤਖ਼ਤਾਂ ਦੇ ਜਥੇਦਾਰ 2 ਦਸੰਬਰ ਦੇ ਅਕਾਲ ਤਖ਼ਤ ਦੀ ਫ਼ਸੀਲ ਤੋ ਹੋਏ ਫੈਸਲਿਆਂ ਦੀ ਬਲੀ ਚੜ੍ਹੇ ਹਨ । ਉਹਨਾਂ ਕਿਹਾ ਸੁਖਬੀਰ ਬਾਦਲ ਨੇ ਬਦਲੇ ਦੀ ਭਾਵਨਾ ਤਹਿਤ ਸ਼੍ਰੋਮਣੀ ਕਮੇਟੀ ਤੋ ਇਕ ਹੋਰ ਗੁਨਾਹ ਕਰਵਾਇਆ ਹੈ। ਉਹਨਾਂ ਕਿਹਾ ਕਿ ਸੁਖਬੀਰ ਨੇ ਪਿਛਲੇ ਗੁਨਾਹਾਂ ਦੀ ਸਜ਼ਾ ਤਾਂ ਭੁਗਤ ਲਈ ਪਰ ਅਗਲੇ ਗੁਨਾਹ ਕਰਨ ਦੇ ਰਾਹ ਤੁਰ ਪਿਆ ਹੈ। ਉਹਨਾਂ ਕਿਹਾ ਕਿ ਪੰਥ ਬਾਦਲਕਿਆਂ ਦੇ ਇਹਨਾਂ ਗੁਨਾਹਾਂ ਨੂੰ ਨਹੀਂ ਬਖਸ਼ੇਗਾ।
ਦਲ ਖ਼ਾਲਸਾ ਨੇ ਕਿਹਾ ਕਿ ਅਕਾਲੀਆਂ ਵੱਲੋਂ ਤਖਤਾਂ ਦੀ ਮਾਣ ਮਰਯਾਦਾ ਅਤੇ ਸਰਵਉੱਚਤਾ ਅਤੇ ਜਥੇਦਾਰ ਦੀ ਪਦਵੀ ਨਾਲ ਖਿਲਵਾੜ ਕਰਨ ਦੀ ਕਵਾਇਦ ਜਾਰੀ ਹੈ।
ਦਲ ਖ਼ਾਲਸਾ ਨੇ ਕਿਹਾ ਕਿ ਇਕ ਮਹੀਨੇ ਦੇ ਸਮੇਂ ਅੰਦਰ ਜਿਸ ਤਾਨਾਸ਼ਾਹ ਢੰਗ ਨਾਲ ਸੁਖਬੀਰ ਬਾਦਲ ਨੂੰ ਤਨਖ਼ਾਹ ਲਾਉਣ ਵਾਲੇ ਤਿੰਨ ਜਥੇਦਾਰਾਂ ਨੂੰ ਹਟਾਇਆ ਗਿਆ ਹੈ, ਇਹ ਸਿੱਧ ਕਰਦਾ ਹੈ ਕਿ ਸੁਖਬੀਰ ਬਾਦਲ ਅਜ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਰਿਮੋਟ ਕੰਟਰੋਲ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵਾਲ ਵਿਅਕਤੀ ਵਿਸ਼ੇਸ਼ ਨੂੰ ਬਦਲਣ ਦਾ ਨਹੀਂ ਸਗੋਂ ਹੰਕਾਰੀ ਤੇ ਬਦਲਾਖੋਰੀ ਤਰੀਕਿਆਂ ਨਾਲ ਅਕਾਲੀਆਂ ਵੱਲੋਂ ਜਥੇਦਾਰ ਦੀ ਪਦਵੀ ਦੀ ਨਿਰਾਦਰੀ ਕਰਨ ਦਾ ਹੈ।
ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਜਥੇਦਾਰ ਨੂੰ ਬੇਇੱਜ਼ਤ ਕਰਕੇ ਹਟਾਇਆ ਗਿਆ ਹੈ। 1988 ਵਿੱਚ ਭਾਈ ਜਸਬੀਰ ਸਿੰਘ ਰੋਡੇ, 1998 ਵਿੱਚ ਭਾਈ ਰਣਜੀਤ ਸਿੰਘ ਅਤੇ 2008 ਵਿੱਚ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਅਤੇ ਪਿਛਲੇ ਮਹੀਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰਾਂ ਦੇ ਅਹੁਦੇ ਤੋਂ ਬਰਖਾਸਤ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਸਾਰਿਆਂ ਨੇ ਅਕਾਲੀ ਦਲ ਬਾਦਲ ਦੀ ਰਾਜਨੀਤਿਕ ਲੀਡਰਸ਼ਿਪ ਦੇ ਹੁਕਮਾਂ 'ਤੇ ਚੱਲਣ ਤੋਂ ਇਨਕਾਰ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਇਸ ਪੰਥਕ ਸੰਕਟ ਨਾਲ ਨਜਿੱਠਣ ਲਈ ਅਤੇ ਸਰਵ-ਪ੍ਰਵਾਣਿਤ ਯੋਗ ਸ਼ਖ਼ਸੀਅਤ ਨੂੰ ਤਖ਼ਤ ਦੇ ਜਥੇਦਾਰ ਦੀ ਸੇਵਾ ਸੌਂਪਣ ਲਈ ਸਭ ਤੋ ਜ਼ਰੂਰੀ ਤੇ ਪਹਿਲਾ ਕਦਮ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਅਤੇ ਉਸਦੀ ਜੁੰਡਲੀ ਦੇ ਨਾਪਾਕ ਹੱਥਾਂ ਦੇ ਚੁੰਗਲ ਤੋਂ ਮੁਕਤ ਕਰਵਾਉਣ ਹੈ।
13 ਨੂੰ ਹੁਸ਼ਿਆਰਪੁਰ ਤੋਂ ਅਨੰਦਪੁਰ ਤੱਕ ਕੇਸਗੜ੍ਹ ਦੀ ਲਲਕਾਰ ਮਾਰਚ-
ਦਲ ਖ਼ਾਲਸਾ ਵੱਲੋਂ ਹੋਲੇ ਮਹੱਲੇ ਮੌਕੇ ਦਿੱਲੀ ਫਤਹਿ ਦਿਵਸ ਨੂੰ ਸਮਰਪਿਤ 13 ਮਾਰਚ ਨੂੰ ਹੁਸ਼ਿਆਰਪੁਰ ਤੋਂ ਅਨੰਦਪੁਰ ਸਾਹਿਬ ਤੱਕ ‘ਕੇਸਗੜ੍ਹ ਦੀ ਲਲਕਾਰ’ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਗਿਆ ਹੈ ।
ਪਰਮਜੀਤ ਸਿੰਘ ਨੇ ਦੱਸਿਆ ਕਿ ਮਾਰਚ ਦਾ ਉਦੇਸ਼ ਸਿਖਾਂ ਦੇ ਜੁਝਾਰੂ ਜਜ਼ਬਿਆਂ ਅਤੇ ਵਿਲੱਖਣਤਾ ਦੀ ਤਰਜਮਾਨੀ ਕਰਨਾ, ਸਿੱਖ ਰਾਸ਼ਟਰ ਦੇ ਸੰਕਲਪ ਅਤੇ ਕੌਮੀਅਤ ਦੇ ਸਿਧਾਂਤ ਦਾ ਪ੍ਰਚਾਰ-ਪ੍ਰਸਾਰ ਕਰਨਾ ਅਤੇ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ ਜੋੜਣਾ ਹੈ। ਉਹਨਾਂ ਦੱਸਿਆ ਕਿ ਮਾਰਚ ਦੀ ਸ਼ੁਰੂਆਤ ਗੁਰਦੁਆਰਾ ਕਲਗੀਧਰ ਸਾਹਿਬ ਨੇੜੇ ਰੌਸ਼ਨ ਗਰਾਊਂਡ ਹੁਸ਼ਿਆਰਪੁਰ ਤੋਂ ਹੋਵੇਗਾ ਜੋ ਗੜਸ਼ੰਕਰ, ਕਰੀਮਪੁਰ, ਕੁੱਕੜ ਮਜਾਰਾ, ਪੋਜੇਵਾਲ, ਮਜਾਰੀ ਅਤੇ ਖੁਰਦਾਂ ਪਿੰਡ ਦੇ ਲੰਗਰ ਥਾਵਾ ਤੋ ਹੁੰਦਾ ਸ਼ਾਮ ਨੂੰ ਅਨੰਦਪੁਰ ਸਾਹਿਬ ਪਹੁੰਚੇਗਾ। ਉਹਨਾਂ ਹਮ-ਖਿਆਲੀ ਜਥੇਬੰਦੀਆਂ ਅਤੇ ਖਾਸ ਕਰ ਪੰਥਕ ਜਜ਼ਬੇ ਵਾਲੇ ਨੌਜਵਾਨਾਂ ਨੂੰ ਮੋਟਰ-ਸਾਈਕਲਾਂ, ਖੁੱਲੀਆਂ ਗੱਡੀਆਂ ਅਤੇ ਟਰੈਕਟਰ-ਟ੍ਰਾਲੀਆਂ ਤੇ ਕਾਫ਼ਲੇ ਦਾ ਹਿੱਸਾ ਬਨਣ ਦੀ ਅਪੀਲ ਕੀਤੀ ।
ਇਸ ਮੌਕੇ ਦਿਲਬਾਗ ਸਿੰਘ ਜਿਲ੍ਹਾ ਪ੍ਰਧਾਨ ਗੁਰਦਾਸਪੁਰ, ਗੁਰਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਕਪੂਰਥਲਾ, ਬਲਜਿੰਦਰ ਸਿੰਘ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਗੁਰਨਾਮ ਸਿੰਘ ਪ੍ਰਧਾਨ ਸਿੱਖ ਯੂਥ ਆਫ ਪੰਜਾਬ , ਪ੍ਰਭਜੀਤ ਸਿੰਘ ਯੂਥ ਆਗੂ, ਸੁਖਵਿੰਦਰ ਸਿੰਘ ਅਜਨਾਲਾ ਆਦਿ ਹਾਜਿਰ ਸਨ !