ਫਾਜ਼ਿਲਕਾ ਅਤੇ ਐਸਏਐਸ ਨਗਰ ਵਿੱਚ ਨਸ਼ਾ ਤਸਕਰਾਂ ਦੇ ਦੋ ਗੈਰ-ਕਾਨੂੰਨੀ ਘਰਾਂ ਨੂੰ ਕੀਤਾ ਢਹਿ-ਢੇਰੀ
— ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
ਚੰਡੀਗੜ੍ਹ/ਫਾਜ਼ਿਲਕਾ/ਐਸਏਐਸ ਨਗਰ, 8 ਮਾਰਚ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁਧ’ ਦੌਰਾਨ ਨਸ਼ਾ ਮਾਫੀਆ ਵਿਰੁੱਧ ਆਪਣੀ ਕਾਰਵਾਈ ਜਾਰੀ ਰੱਖਦੇ ਹੋਏ, ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਫਾਜ਼ਿਲਕਾ ਅਤੇ ਐਸਏਐਸ ਨਗਰ ਜ਼ਿਲਿ੍ਹਆਂ ਵਿੱਚ ਦੋ ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਢੰਗ ਨਾਲ ਬਣਾਏ ਘਰਾਂ ਨੂੰ ਢਾਹ ਦਿੱਤਾ ।
ਫਾਜ਼ਿਲਕਾ ਦੇ, ਸੀਡ ਫਾਰਮ ਪਿੰਡ ਵਿੱਚ ਬੋਹੜ ਸਿੰਘ ਵਜੋਂ ਜਾਣੇ ਜਾਂਦੇ ਇੱਕ ਨਸ਼ਾ ਤਸਕਰ ਦੇ ਘਰ ਨੂੰ ਢਾਹ ਦੇਣ ਲਈ ਇੱਕ ਬੁਲਡੋਜ਼ਰ ਦੀ ਵਰਤੋਂ ਕੀਤੀ ਗਈ। ਇਸ ਮੌਕੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਦੋਸ਼ੀ ਬੋਹੜ ਸਿੰਘ, ਜਿਸਦਾ ਘਰ ਢਾਹਿਆ ਗਿਆ ਹੈ, ਐਨਡੀਪੀਐਸ ਐਕਟ ਅਧੀਨ 21 ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।
ਐਸਐਸਪੀ ਬਰਾੜ ਨੇ ਅੱਗੇ ਚੇਤਾਵਨੀ ਦਿੱਤੀ ਕਿ ਜੋ ਵੀ ਨਸ਼ਾ ਤਸਕਰੀ ਰਾਹੀਂ ਸੰਪਤੀ ਇਕੱਠੀ ਕਰਦਾ ਹੈ, ਉਸਦੀ ਜਾਇਦਾਦ ਜਾਂ ਤਾਂ ਜ਼ਬਤ ਕੀਤੀ ਜਾਵੇਗੀ ਜਾਂ ਨਸ਼ਟ ਕਰ ਦਿੱਤੀ ਜਾਵੇਗੀ।
ਇਸੇ ਤਰ੍ਹਾਂ, ਐਸਏਐਸ ਨਗਰ ਵਿੱਚ, ਜ਼ਿਲ੍ਹਾ ਪੁਲਿਸ ਨੇ ਨਗਰ ਕੌਂਸਲ ਖਰੜ ਦੇ ਸਹਿਯੋਗ ਨਾਲ, ਜ਼ਿਲ੍ਹੇ ਦੇ ਪਿੰਡ ਜੰਡਪੁਰ ਵਿੱਚ ਪੰਚਾਇਤੀ ਜ਼ਮੀਨ (ਹੁਣ ਖਰੜ ਐਮਸੀ ਦਾ ਹਿੱਸਾ) ’ਤੇ ਨਸ਼ਾ ਤਸਕਰਾਂ ਦੇ ਪਰਿਵਾਰ ਵੱਲੋਂ ਬਣਾਈ ਗਈ ਅਣਅਧਿਕਾਰਤ ਇਮਾਰਤ ਨੂੰ ਢਾਹ ਦਿੱਤਾ। ਇਨ੍ਹਾਂ ਢਾਂਚੇ ’ਤੇ ਨਸ਼ਾ ਤਸਕਰਾਂ ਦੇ ਪਰਿਵਾਰ ਦਾ ਨਾਜਾਇਜ਼ ਕਬਜ਼ਾ ਸੀ, ਜਿਨ੍ਹਾਂ ’ਤੇ ਵੱਖ-ਵੱਖ ਧਾਰਾਵਾਂ ਅਧੀਨ ਕਈ ਐਫਆਈਆਰਜ਼ ਦਰਜ ਹਨ, ਜਿਨ੍ਹਾਂ ਵਿੱਚ ਐਨਡੀਪੀਐਸ ਅਧੀਨ ਤਿੰਨ ਅਤੇ ਆਬਕਾਰੀ ਕਾਨੂੰਨ ਤਹਿਤ ਇੱਕ ਐਫਆਈਆਰ ਸ਼ਾਮਲ ਹੈ।
ਐਸਐਸਪੀ ਐਸਏਐਸ ਨਗਰ ਦੀਪਕ ਪਾਰੀਕ ਨੇ ਕਿਹਾ ਕਿ ਇਹ ਘਰ ਢਾਹੁਣ ਦੀ ਇਹ ਕਾਰਵਾਈ ਨਗਰ ਨਿਗਮ ਖਰੜ ਦੀ ਬੇਨਤੀ ’ਤੇ ਕੀਤੀ ਗਈ , ਜਿਸ ਵਿੱਚ ਗੈਰ-ਕਾਨੂੰਨੀ ਕਬਜ਼ੇ ਹਟਾਉਣ ਲਈ ਪੁਲਿਸ ਦੀ ਸਹਾਇਤਾ ਮੰਗੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀ ਅਤੇ ਉਸਦੇ ਪਰਿਵਾਰਕ ਮੈਂਬਰਾਂ ’ਤੇ 1999 ਤੋਂ 2014 ਤੱਕ ਤਿੰਨ ਐਨਡੀਪੀਐਸ ਦੇ ਕੇਸਾਂ ਸਮੇਤ ਸੱਤ ਐਫਆਈਆਰਜ਼ ਦਰਜ ਹਨ।
ਉਨ੍ਹਾਂ ਕਿਹਾ ਕਿ ਇਹ ਮੁਹਿੰਮ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਚਲਾਈ ਗਈ ਸੀ ਅਤੇ ਇਹ ਯਕੀਨੀ ਬਣਾਇਆ ਗਿਆ ਸੀ ਕਿ ਢਾਹੁਣ ਦਾ ਕੰਮ ਸੁਚਾਰੂ ਢੰਗ ਨਾਲ ਕੀਤਾ ਜਾਵੇ, ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ ਲੋੜੀਂਦੇ ਕਰਮਚਾਰੀ ਤਾਇਨਾਤ ਕੀਤੇ ਜਾਣ।