ਕੈਨੇਡਾ ਤੋਂ ਆਈ ਬੁਰੀ ਖ਼ਬਰ: ਸੜਕ ਹਾਦਸੇ 'ਚ ਅੰਮ੍ਰਿਤਸਰ ਦੀ ਲੜਕੀ ਦੀ ਮੌਤ
ਚੰਡੀਗੜ੍ਹ, 9 ਮਾਰਚ 2025- ਕੈਨੇਡਾ ਦੇ ਐਡਮਿੰਟਨ ਵਿੱਚ ਹੋਏ ਇੱਕ ਸੜਕ ਹਾਦਸੇ ਵਿੱਚ ਲੋਪੋਕੇ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਖਿਆਲਾ ਖੁਰਦ ਦੀ ਲੜਕੀ ਦੀ ਜਾਨ ਚਲੀ ਗਈ। ਮ੍ਰਿਤਕ ਲੜਕੀ ਦੀ ਪਛਾਣ ਸਿਮਰਨਜੀਤ ਕੌਰ (21) ਵਜੋਂ ਹੋਈ ਹੈ, ਜੋ ਗੁਰਵਿੰਦਰ ਸਿੰਘ ਦੀ ਧੀ ਸੀ। ਮ੍ਰਿਤਕ ਦੇ ਚਾਚਾ ਕੰਵਲਜੀਤ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਕੌਰ 26 ਅਪ੍ਰੈਲ 2023 ਨੂੰ ਪੜ੍ਹਾਈ ਲਈ ਕੈਨੇਡਾ ਗਈ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਹ ਆਪਣੇ ਭਰਾ ਨਾਲ ਵਰਕ ਪਰਮਿਟ 'ਤੇ ਕੰਮ ਕਰ ਰਹੀ ਸੀ। ਸ਼ਨੀਵਾਰ ਸਵੇਰੇ ਉਹ ਕੰਮ ਲਈ ਘਰੋਂ ਨਿਕਲੀ ਅਤੇ ਆਪਣੇ ਕੰਮ ਵਾਲੀ ਥਾਂ ਨੇੜੇ ਸੜਕ ਪਾਰ ਕਰਨ ਲਈ ਫੁੱਟਪਾਥ 'ਤੇ ਖੜ੍ਹੀ ਸੀ। ਇਸ ਦੌਰਾਨ ਇੱਕ ਕਾਰ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਦੋ ਗੋਰੇ ਆਦਮੀ ਸਨ, ਜਿਨ੍ਹਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਲੜਕੀ ਦੀ ਲਾਸ਼ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਦੁਖਦਾਈ ਹਾਦਸੇ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਜਨਰਲ ਸਕੱਤਰ ਪਲਵਿੰਦਰ ਸਿੰਘ ਮਾਹਲ, ਸਰਪੰਚ ਗੁਰਜੰਟ ਸਿੰਘ ਕੋਹਲੀ, ਆਮ ਆਦਮੀ ਪਾਰਟੀ ਦੇ ਆਗੂ ਕਸ਼ਮੀਰ ਸਿੰਘ ਖਿਆਲਾ, ਸਰਪੰਚ ਹਰਵਿੰਦਰ ਸਿੰਘ ਸ਼ਾਹ, ਸਾਬਕਾ ਸਰਪੰਚ ਹਰਪਾਲ ਸਿੰਘ ਸ਼ਾਹ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਅਤੇ ਇਲਾਕੇ ਦੇ ਪੰਚ-ਸਰਪੰਚ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਉਣ ਲਈ ਪਹੁੰਚੇ।