ਅਮਨ ਅਰੋੜਾ ਵੱਲੋਂ ਸਿਹਤ ਸੰਭਾਲ ਖੇਤਰ ਵਿੱਚ ਨਵੀਨ ਉਪਰਾਲਿਆਂ ਲਈ ਡਾਕਟਰਾਂ ਦੀ ਸ਼ਲਾਘਾ
• ਦੋ-ਰੋਜ਼ਾ 'ਈ.ਐਨ.ਟੀ. ਸਰਜੀਕਲ ਕਨਕਲੇਵ' ਦਾ ਕੀਤਾ ਉਦਘਾਟਨ
• ਰੋਬੋਟ ਦੀ ਮਦਦ ਨਾਲ ਸਰਜਰੀ ਕਰਨ 'ਤੇ ਕੇਂਦ੍ਰਿਤ ਸੀ ਸੰਮੇਲਨ
ਚੰਡੀਗੜ੍ਹ/ਐਸ.ਏ.ਐਸ. ਨਗਰ, 8 ਮਾਰਚ 2025 - ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਅੱਜ ਫੋਰਟਿਸ ਹਸਪਤਾਲ, ਮੋਹਾਲੀ ਦੇ ਸਿਰ ਅਤੇ ਗਰਦਨ ਦੀ ਸਰਜਰੀ ਅਤੇ ਈ.ਐਨ.ਟੀ. ਵਿਭਾਗ ਵੱਲੋਂ ਕਰਵਾਏ ਦੋ-ਰੋਜ਼ਾ ਈ.ਐਨ.ਟੀ. ਸਰਜੀਕਲ ਕਨਕਲੇਵ-2025 ਦਾ ਉਦਘਾਟਨ ਕੀਤਾ। ਇਸ ਕਨਕਲੇਵ ਦੌਰਾਨ ਰੋਬੋਟ ਦੀ ਮਦਦ ਨਾਲ ਕੰਨ, ਨੱਕ ਅਤੇ ਗਲੇ (ਈ.ਐਨ.ਟੀ.) ਸਬੰਧੀ ਬਿਮਾਰੀਆਂ ਦੇ ਇਲਾਜ ਅਤੇ ਸਿਰ ਤੇ ਗਰਦਨ ਦੇ ਕੈਂਸਰ ਦੀਆਂ ਸਰਜਰੀਆਂ ਸਬੰਧੀ ਨਵੀਨਤਮ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਗਿਆ।
ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੀ ਅਮਨ ਅਰੋੜਾ ਨੇ ਪੰਜਾਬ ਵਿੱਚ ਸਿਹਤ ਸੰਭਾਲ ਖੇਤਰ ਵਿੱਚ ਨਵੇਂ ਉਪਰਾਲਿਆਂ ਤੇ ਸਮਰਪਣ ਦੀ ਭਾਵਨਾ ਨਾਲ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ, ਵਿਸ਼ੇਸ਼ ਤੌਰ ‘ਤੇ ਈ.ਐਨ.ਟੀ. ਮਾਹਿਰਾਂ, ਦੀ ਸ਼ਲਾਘਾ ਕੀਤੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸੰਮੇਲਨ ਨਵੀਨਤਾ ਅਤੇ ਜਾਣਕਾਰੀ ਦੀ ਸਾਂਝ ਨੂੰ ਦਰਸਾਉਂਦਾ ਹੈ ਜੋ ਸਾਡੀ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਲੋੜੀਂਦੇ ਹਨ। ਉਹਨਾਂ ਦੱਸਿਆ ਕਿ ਡਾਕਟਰ ਸਿਹਤ ਸੰਭਾਲ ਸੇਵਾਵਾਂ ਸੂਬੇ ਦੀ ਬੁਨਿਆਦੀ ਢਾਂਚੇ ਦੀ ਰੀੜ੍ਹ ਦੀ ਹੱਡੀ ਹਨ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਜਿਹੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ ਜੋ ਡਾਕਟਰੀ ਮੁਹਾਰਤ ਵਿੱਚ ਵਾਧਾ ਕਰਕੇ ਸੂਬੇ ਦੇ ਨਾਗਰਿਕਾਂ ਨੂੰ ਲਾਭ ਪਹੁੰਚਾਉਂਦੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਰੋਬੋਟਿਕ ਸਰਜਰੀ ਸਬੰਧੀ ਅੱਜ ਇੱਥੇ ਕੀਤੀ ਵਿਚਾਰ-ਚਰਚਾ ਸਿਹਤ ਸੰਭਾਲ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਲਿਆਵੇਗੀ।
ਫੋਰਟਿਸ ਹਸਪਤਾਲ ਮੋਹਾਲੀ ਵਿੱਚ ਈ.ਐਨ.ਟੀ. ਦੇ ਡਾਇਰੈਕਟਰ ਡਾ. ਅਸ਼ੋਕ ਗੁਪਤਾ ਵੱਲੋਂ ਇਹ ਸਰਜੀਕਲ ਸੰਮੇਲਨ ਆਲ-ਇੰਡੀਆ ਰਾਇਨੋਲੋਜੀ ਸੋਸਾਇਟੀ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਕਨਕਲੇਵ ਵਿੱਚ ਈ.ਐਨ.ਟੀ. ਦੇ ਮਾਹਿਰ ਡਾਕਟਰਾਂ ਨਾਲ-ਨਾਲ ਦੇਸ਼ ਭਰ ਦੇ ਵੱਖ ਵੱਖ ਮੈਡੀਕਲ ਕਾਲਜਾਂ ਦੇ ਜੂਨੀਅਰ ਅਤੇ ਸੀਨੀਅਰ ਰੈਜ਼ੀਡੈਂਟਸ ਸਮੇਤ 200 ਤੋਂ ਵੱਧ ਨੁਮਾਇੰਦੇ ਸ਼ਾਮਲ ਹੋਏ।
ਇਸ ਸੰਮੇਲਨ ਬਾਰੇ ਗੱਲ ਕਰਦਿਆਂ ਡਾ. ਅਸ਼ੋਕ ਗੁਪਤਾ ਨੇ ਕਿਹਾ ਕਿ ਇਸ ਸੰਮੇਲਨ ਦੌਰਾਨ ਈ.ਐਨ.ਟੀ. ਵਿੱਚ ਨਵੀਨਤਮ ਉਪਰਾਲੇ ਅਤੇ ਈ.ਐਨ.ਟੀ. ਵਿਕਾਰ ਅਤੇ ਸਿਰ ਤੇ ਗਰਦਨ ਦੇ ਕੈਂਸਰ ਦੀਆਂ ਸਰਜਰੀਆਂ ਦੇ ਇਲਾਜ ਵਿੱਚ ਰੋਬੋਟ ਦੀ ਸਹਾਇਤਾ ਨਾਲ ਸਰਜਰੀ ਕਰਨ 'ਤੇ ਕੇਂਦ੍ਰਿਤ ਸੀ। ਦੱਸਣਯੋਗ ਹੈ ਕਿ ਇਸ ਸੰਮੇਲਨ ਵਿੱਚ ਲਾਈਵ ਸਰਜਰੀ ਸੈਸ਼ਨ, ਓਪਰੇਟਿੰਗ ਫੈਕਲਟੀ ਨਾਲ ਗੱਲਬਾਤ, ਪੈਨਲ ਚਰਚਾਵਾਂ, ਪੋਸਟਰ ਪੇਸ਼ਕਾਰੀਆਂ ਅਤੇ ਕੁਇਜ਼ ਵੀ ਕਰਵਾਇਆ ਗਿਆ।
ਈ.ਐਨ.ਟੀ. ਕੰਸਲਟੈਂਟ ਡਾ. ਅਨੁਰਾਗਿਨੀ ਗੁਪਤਾ ਨੇ ਕਿਹਾ ਕਿ ਕਾਨਫ਼ਰੰਸ ਕਰਵਾਉਣ ਦਾ ਮੁੱਖ ਉਦੇਸ਼ ਈਐਨਟੀ ਸਬੰਧੀ ਨਵੀਨਤਮ ਉਪਰਾਲਿਆਂ ਅਤੇ ਈ.ਐਨ.ਟੀ. ਮਾਹਰ ਡਾਕਟਰਾਂ ਨੂੰ ਇਸ ਬਾਰੇ ਸਿਖਲਾਈ ਦੇਣਾ ਸੀ।
ਇਸ ਮੌਕੇ ਪਦਮਸ਼੍ਰੀ ਪੁਰਸਕਾਰ ਜੇਤੂ ਪ੍ਰੋ. (ਡਾ.) ਜੇ.ਐਮ. ਹੰਸ, ਡਾ. ਨੇਹਾ ਸ਼ਰਮਾ, ਡਾ. ਰਿਸ਼ਵ ਕੁਮਾਰ, ਡਾ. ਕੇ.ਆਰ. ਮੇਘਨਾਧ, ਡਾ. ਰਜਨੀਗੰਥ ਐਮ.ਜੀ., ਡਾ. ਮੋਹਨੀਸ਼ ਗਰੋਵਰ ਅਤੇ ਡਾ. ਗੌਰਵ ਗੁਪਤਾ ਵੀ ਮੌਜੂਦ ਸਨ।