"ਸ਼੍ਰੀ ਸ਼ਿਵ ਮਹਾਂਪੁਰਾਣ ਕਥਾ: ਸ਼ਰਧਾਲੂਆਂ ਦੀ ਸ਼ਰਧਾ ਅੱਗੇ 20 ਏਕੜ ਦਾ ਪੰਡਾਲ ਪੈਣ ਲੱਗਾ ਛੋਟਾ
ਅਸ਼ੋਕ ਵਰਮਾ
ਬਠਿੰਡਾ, 9 ਮਾਰਚ 2025:ਪੰਜਾਬ ਦੇ ਦਿਲ ਮਾਲਵਾ ਦੇ ਇਤਿਹਾਸਿਕ ਸ਼ਹਿਰ ਬਠਿੰਡਾ ਨੂੰ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਯਤਨਸ਼ੀਲ ਮਹਿਤਾ ਪਰਿਵਾਰ ਵੱਲੋਂ ਪਟੇਲ ਨਗਰ ਵਿੱਚ ਸ਼੍ਰੀ ਵੈਸ਼ਨੂੰ ਮਾਤਾ ਮੰਦਿਰ ਦੇ ਸਾਮਣੇ ਸਥਿਤ 20 ਏਕੜ ਜਗ੍ਹਾ ਵਿੱਚ ਕਰਵਾਈ ਜਾ ਰਹੀ ਵਿਸ਼ਾਲ ਇਤਿਹਾਸਿਕ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਦੇ ਅੱਜ ਚੌਥੇ ਦਿਨ ਸ਼ਰਧਾਲੂਆਂ ਲਈ 20 ਏਕੜ ਜਗ੍ਹਾ ਵੀ ਘੱਟ ਪੈ ਗਈ ਅਤੇ ਸ਼ਰਧਾਲੂ ਪਟੇਲ ਨਗਰ ਤੇ ਰਿੰਗ ਰੋਡ 'ਤੇ ਬਹਿ ਕੇ ਸ਼ਾਂਤੀਪੂਰਨ ਤਰੀਕੇ ਨਾਲ ਕਥਾ ਸੁਣਦੇ ਵੇਖੇ ਗਏ। ਅੱਜ ਸ਼ਾਮ ਕਰੀਬ 4 ਵਜੇ ਤੱਕ ਸ਼ਰਧਾਲੂਆਂ ਦਾ ਕਥਾ ਵਾਲੀ ਥਾਂ ਤੇ ਆਗਮਨ ਲੱਗਿਆ ਰਿਹਾ। ਸ਼ਰਧਾਲੂਆਂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ, ਉਨ੍ਹਾਂ ਦੇ ਧਰਮ ਪਤਨੀ ਸ਼੍ਰੀਮਤੀ ਬਬੀਤਾ ਮਹਿਤਾ, ਉਨ੍ਹਾਂ ਦੇ ਬੇਟੇ ਅਤੇ ਬਠਿੰਡਾ ਦੇ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਅਤੇ ਉਨ੍ਹਾਂ ਦੀ ਬੇਟੀ ਸਪਨਾ ਮਹਿਤਾ ਸਮੇਤ ਮਹਿਤਾ ਪਰਿਵਾਰ ਨੂੰ ਆਸ਼ੀਰਵਾਦ ਦਿੰਦਿਆ ਕਿਹਾ ਕਿ ਭਗਵਾਨ ਭੋਲੇ ਸੰਕਰ ਦਾ ਹੱਥ ਮਹਿਤਾ ਪਰਿਵਾਰ 'ਤੇ ਹਮੇਸ਼ਾ ਬਣਿਆ ਰਹੇ ਅਤੇ ਹਰ ਸਾਲ ਬਠਿੰਡਾ ਵਿੱਚ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਇਸੇ ਤਰ੍ਹਾਂ ਕਰਵਾਈ ਜਾਂਦੀ ਰਹੇ।
ਸ਼ਰਧਾਲੂਆਂ ਨੇ ਸ਼੍ਰੀ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦੁਆਵਾਂ ਦਿੰਦਿਆਂ ਕਿਹਾ ਕਿ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਸੁਣਨ ਦਾ ਸੁਭਾਗ ਉਨ੍ਹਾਂ ਨੂੰ ਮਹਿਤਾ ਪਰਿਵਾਰ ਦੀਆ ਕੋਸ਼ਿਸ਼ਾਂ ਸਦਕਾ ਹੀ ਮਿਲਿਆ ਹੈ ਅਤੇ ਉਹ ਖੁਦ ਨੂੰ ਖੁਸ਼ਨਸੀਬ ਮੰਨਦੇ ਹਨ ਕਿ ਉਨ੍ਹਾਂ ਨੂੰ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਸੁਣਨ ਨੂੰ ਮਿਲੀ। ਇਸ ਦੌਰਾਨ ਸ਼੍ਰੀ ਅਮਰਜੀਤ ਮਹਿਤਾ ਨੇ ਕਿਹਾ ਕਿ ਉਨ੍ਹਾਂ ਨੂੰ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਬਠਿੰਡਾ ਵਿੱਚ ਕਰਵਾਉਣ ਅਤੇ ਸ਼ਰਧਾਲੂਆਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਭਗਵਾਨ ਭੋਲੇ ਨਾਥ ਦੇ ਆਸ਼ੀਰਵਾਦ ਸਦਕਾ ਹੀ ਮਿਲਿਆ ਹੈ ਅਤੇ ਭੋਲੇ ਨਾਥ ਦੀ ਕਿਰਪਾ ਕਰਕੇ ਹੀ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਬਠਿੰਡਾ ਵਿੱਚ ਦੂਜੀ ਵਾਰ ਵੱਡੇ ਪੱਧਰ 'ਤੇ ਆਯੋਜਿਤ ਹੋਈ ਹੈ। ਇਸ ਵਿੱਚ ਸਿਰਫ ਮਹਿਤਾ ਪਰਿਵਾਰ ਤਾਂ ਇੱਕ ਜਰੀਆ ਬਣਿਆ ਹੈ।
ਇਸ ਦੌਰਾਨ ਪੰਡਿਤ ਪ੍ਰਦੀਪ ਮਿਸ਼ਰਾ ਨੇ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਦੀ ਮਹਿਮਾ ਸੁਣਾਉਂਦਿਆਂ ਕਿਹਾ ਕਿ ਕਲਯੁੱਗ ਵਿੱਚ ਸੱਚੇ ਗੁਰੂ ਦਾ ਮਿਲਣਾ ਬਹੁਤ ਮੁਸ਼ਕਿਲ ਹੈ ਅਤੇ ਜੇਕਰ ਕੋਈ ਚੰਗਾ ਗੁਰੂ ਮਿਲ ਜਾਂਦਾ ਹੈ, ਤਾਂ ਸਮਝੋ ਭਵਸਾਗਰ ਪਾਰ ਕਰ ਲਿਆ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਕਿ ਭਗਵਾਨ ਨੂੰ ਪ੍ਰਾਪਤ ਕਰਨ ਲਈ ਆਪਣੇ ਮਨ ਨੂੰ ਸਾਫ਼, ਖੁਦ 'ਤੇ ਵਿਸ਼ਵਾਸ ਅਤੇ ਚੰਗੇ ਗੁਰੂ ਦੀ ਸੰਗਤ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਕਲਯੁੱਗ ਵਿੱਚ ਸੱਚੇ ਗੁਰੂ ਦਾ ਮਿਲਣਾ ਬਹੁਤ ਮੁਸ਼ਕਿਲ ਹੈ, ਇਸ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ "ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ" ਨੂੰ ਗੁਰੂ ਧਾਰਨ ਕਰਨ ਲਈ ਕਿਹਾ ਸੀ। ਪੰਡਿਤ ਪ੍ਰਦੀਪ ਮਿਸ਼ਰਾ ਜੀ ਨੇ ਕਿਹਾ ਕਿ ਹਮੇਸ਼ਾ ਖੁਦ 'ਤੇ ਅਟਲ ਵਿਸ਼ਵਾਸ ਜਰੂਰੀ ਹੈ, ਕਦੇ ਖੁਦ ਨੂੰ ਨਾ ਕੋਸਣ, ਬਲਕਿ ਜੇਕਰ ਕੋਈ ਤੁਹਾਨੂੰ ਗਲਤ ਕਹਿੰਦਾ ਹੈ, ਤਾਂ ਉਹ ਕਲਯੁੱਗ ਦੇ ਕਾਰਨ ਹੋ ਰਿਹਾ ਹੈ, ਇਸ ਲਈ ਉਸ ਨੂੰ ਇਗਨੋਰ ਕਰਦਿਆਂ ਖੁਦ 'ਤੇ ਵਿਸ਼ਵਾਸ ਰੱਖਣ ਅਤੇ ਸ਼ਿਵਲਿੰਗ 'ਤੇ ਇੱਕ ਲੋਟਾ ਜਲ ਚੜ੍ਹਾਉਣ, ਭਗਵਾਨ ਭੋਲੇ ਨਾਥ ਹਰ ਸਮੱਸਿਆ ਦਾ ਹੱਲ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸ਼ਿਵਲਿੰਗ ਤੇ ਚੜ੍ਹਾਇਆ ਗਿਆ ਇੱਕ ਲੋਟਾ ਜਲ ਹਰੇਕ ਸਮੱਸਿਆਵਾਂ ਦਾ ਹੱਲ ਹੈ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗੱਡੀ ਜਾਂ ਬੱਸ ਵਿੱਚ ਸਫਰ ਕਰ ਰਹੇ ਹੋਣ, ਤਾਂ ਡਰਾਈਵਰ 'ਤੇ ਪੂਰਾ ਵਿਸ਼ਵਾਸ ਹੁੰਦਾ ਹੈ, ਜੇਕਰ ਪਰਿਵਾਰ ਦਾ ਕੋਈ ਮੈਂਬਰ ਗੱਡੀ ਚਲਾਉਂਦਾ ਹੈ, ਤਾਂ ਪੂਰਾ ਪਰਿਵਾਰ ਉਸਨੂੰ ਕਹਿੰਦਾ ਹੈ ਕਿ ਡਰਾਈਵਰ ਹੀ ਗੱਡੀ ਚਲਾਵੇਗਾ। ਇਸੇ ਤਰ੍ਹਾਂ ਭਵਸਾਗਰ ਤੋਂ ਪਾਰ ਹੋਣ ਲਈ ਘਰ ਤੋਂ ਨਿਕਲਣ ਸਮੇਂ ਭਗਵਾਨ ਭੋਲੇ ਨਾਥ ਨੂੰ ਹੀ ਆਪਣਾ ਤਾਰਣਹਾਰ ਸਮਝ ਕੇ ਚੱਲਣ, ਜਿਸ ਵੀ ਕੰਮ ਲਈ ਜਾਓਗੇ, ਉਹ ਕੰਮ ਪੂਰਾ ਹੋਵੇਗਾ। ਇਸ ਦੌਰਾਨ ਪੰਡਿਤ ਮਿਸ਼ਰਾ ਜੀ ਨੇ ਦੋ ਦਰਜਨ ਤੋਂ ਵੀ ਵੱਧ ਪੱਤਰ ਪੜ੍ਹ ਕੇ ਸੁਣਾਏ, ਜਿੰਨਾਂ ਵਿੱਚ ਸ਼ਰਧਾਲੂਆਂ ਨੇ ਆਪਣੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਬਠਿੰਡਾ ਵਿੱਚ ਪਹਿਲੀ ਵਾਰ ਹੋਈ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਵਿੱਚ ਪਹੁੰਚੇ ਅਤੇ ਆਪਣੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਭਗਵਾਨ ਭੋਲੇ ਨਾਥ ਦੇ ਸਾਹਮਣੇ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਕੁਝ ਸਮੇਂ ਵਿੱਚ ਹੱਲ ਹੋ ਗਈਆਂ। ਜਿਨ੍ਹਾਂ ਵਿੱਚ ਕਈ ਅਜਿਹੇ ਸ਼ਰਧਾਲੂਆਂ ਨੇ ਵੀ ਪੱਤਰ ਲਿਖੇ ਸਨ, ਜਿਨ੍ਹਾਂ ਦੇ ਕਿਸੇ ਨਾ ਕਿਸੇ ਮੈਂਬਰ ਨੂੰ ਖਤਰਨਾਕ ਬਿਮਾਰੀਆਂ ਨੇ ਜਕੜ ਰੱਖਿਆ ਸੀ ਅਤੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ, ਪਰੰਤੂ ਕਥਾ ਸੁਣਨ ਤੋਂ ਬਾਅਦ ਅਤੇ ਸ਼ਿਵਲਿੰਗ 'ਤੇ ਇੱਕ ਲੋਟਾ ਜਲ ਚੜਾਉਣ ਤੋਂ ਬਾਅਦ ਉਨ੍ਹਾਂ ਦੀਆਂ ਉਕਤ ਬਿਮਾਰੀਆਂ ਜੜ ਤੋਂ ਖਤਮ ਹੋ ਗਈਆਂ।
ਇਸ ਦੌਰਾਨ ਪੰਡਿਤ ਪ੍ਰਦੀਪ ਮਿਸ਼ਰਾ ਨੇ ਜਿਵੇਂ ਹੀ "ਭਰਤੇ ਹੈਂ ਭੰਡਾਰ ਮੇਰੇ ਕਾਸੀ ਵਾਲੇ ਬਾਬਾ" ਭਜਨ ਗਾਇਆ, ਮਹਿਤਾ ਪਰਿਵਾਰ ਨਾਲ ਪੰਡਾਲ ਵਿੱਚ ਮੌਜੂਦ ਲੱਖਾਂ ਦੀ ਤਾਦਾਦ ਵਿੱਚ ਸ਼ਰਧਾਲੂ ਝੂਮਣ ਲੱਗੇ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਨੂੰ ਮਿਲਣ ਲਈ ਸ਼ਰਧਾਲੂਆਂ ਨੇ ਅਪੀਲ ਕੀਤੀ, ਤਾਂ ਸ਼੍ਰੀ ਅਮਰਜੀਤ ਮਹਿਤਾ, ਲਾਈਨ ਵਿੱਚ ਚੱਲ ਕੇ ਸ਼ਰਧਾਲੂਆਂ ਨੂੰ ਮਿਲਦੇ ਅਤੇ ਉਨ੍ਹਾਂ ਨਾਲ ਝੂਮਦੇ ਨਜ਼ਰ ਆਏ। ਸ਼ਰਧਾਲੂ, ਖਾਸਕਰ ਮਾਤਾਵਾਂ ਉਨ੍ਹਾਂ ਨੂੰ ਦੁਆਵਾਂ ਦਿੰਦੀਆਂ ਨਜ਼ਰ ਆਈਆਂ। ਇਸ ਦੌਰਾਨ ਸ਼੍ਰੀ ਅਮਰਜੀਤ ਮਹਿਤਾ ਤੇ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ 10 ਮਾਰਚ ਨੂੰ ਇਸ ਕਥਾ ਦਾ ਵਿਰਾਮ ਦਿਵਸ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਦੱਸਿਆ ਕਿ 10 ਮਾਰਚ ਦੀ ਸਵੇਰੇ 8 ਵਜੇ ਤੋਂ 11 ਵਜੇ ਤੱਕ "ਸ਼੍ਰੀ ਸ਼ਿਵ ਮਹਾਂਪੁਰਾਣ ਕਥਾ" ਸੁਣਾਈ ਜਾਵੇਗੀ। ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਾਂਤੀਪੂਰਨ ਤਰੀਕੇ ਨਾਲ ਕਥਾ ਸੁਣਨ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਮਹਿਤਾ ਪਰਿਵਾਰ, ਸ਼ਰਧਾਲੂਆਂ ਨਾਲ ਰੂਬਰੂ ਹੋਣ ਲਈ ਰੋਜ਼ਾਨਾ ਰਾਤ ਨੂੰ ਕਥਾ ਵਾਲੀ ਜਗ੍ਹਾ 'ਤੇ ਪਹੁੰਚਦਾ ਹੈ ਅਤੇ ਹਰੇਕ ਸ਼ਰਧਾਲੂ ਨਾਲ ਮਿਲਦਾ ਹੈ।