Babushahi Special: ਮਹਿਲਾ ਦਿਵਸ: ਕਾਹਤੋਂ ਆਈਏਂ ਗਰੀਬ ਤੇ ਜਵਾਨੀਏ ਫਿਕਰਾਂ ’ਚ ਮੁੱਕ ਜਾਏਂਗੀ
ਅਸ਼ੋਕ ਵਰਮਾ
ਬਠਿੰਡਾ ,8 ਮਾਰਚ 2025: ਮੁਲਕ ਭਰ ’ਚ ਅੱਜ ਦਾ ਦਿਨ ਕੌਮਾਂਤਰੀ ਇਸਤਰੀ ਦਿਵਸ ਵਜੋਂ ਮਨਾਉਣ ਦੇ ਮਨੋਰਥ ਵਿੱਚ ਕਿੰਨੀਂ ਕੁ ਸਫ਼ਲਤਾ ਮਿਲੀ ਹੈ ਇਸ ਦਾ ਅੰਦਾਜ਼ਾ ਮਾਸੂਮ ਬੱਚੀਆਂ ਨੂੰ ਕੂੜੇ ਦੇ ਢੇਰਾਂ ਦੀ ਫਰੋਲਾ-ਫਰਾਲੀ ਕਰਦੇ ਦੇਖਕੇ ਲਾਇਆ ਜਾ ਸਕਦਾ ਹੈ। ਖੇਲ੍ਹਣ ਕੁੱਦਣ ਦੀ ਉਮਰੇ ਇਹ ਬੱਚੇ ਆਪਣੇ ਪਰਿਵਾਰਾਂ ਖਾਤਰ ਬਚਪਨ ਵਿੱਚ ਹੀ ‘ਕਬੀਲਦਾਰ’ ਬਣਕੇ ਰਹਿ ਗਏ ਹਨ। ਅੱੱਜ ਦੇ ਦਿਨ ਵੀ ਇੰਨ੍ਹਾਂ ਬੱਚੀਆਂ ਦਾ ਦਿਨ ਕਾਗਜ਼ ਚੁਗਣ ਅਤੇ ਲਿਫਾਫੇ ਚੁੱਕਣ ਵਿੱਚ ਹੀ ਲੰਘਿਆ ਹੈ। ਮੁਲਕ ਅਜ਼ਾਦ ਹੋਣ ਤੋਂ ਬਾਅਦ ਹਾਕਮਾਂ ਵੱਲੋਂ ਮਾਰੇ ਜਾਂਦੇ ਬਹੁਪੱਖੀ ਤਰੱਕੀ ਦੇ ਦਮਗਜਿਆਂ ਦੇ ਬਾਵਜੂਦ ਅਜਿਹੇ ਬੱਚਿਆਂ ਤੱਕ ਰੌਸ਼ਨੀ ਨਹੀਂ ਪੁੱਜ ਸਕੀ ਹੈ। ਅੱਜ ਦਾ ਦਿਨ ਵੀ ਕੂੜੇ-ਕਰਕਟ ‘ਚੋਂ ਪਲਾਸਟਿਕ ਅਤੇ ਰੱਦੀ ਇਕੱਠੀ ਕਰਨ ਵਾਲੀਆਂ ਦੋ ਮਾਸੂਮ ਭੈਣਾਂ ਰਸ਼ਮੀ ਤੇ ਅੰਜਲੀ ਦੀ ਜ਼ਿੰਦਗੀ ਦਾ ਮਕਸਦ ਗਰੀਬੀ ਨਾਲ ਲੜਨ ਤੱਕ ਸੀਮਤ ਰਿਹਾ।
ਵੱਡੀ ਰਸ਼ਮੀ ਮੁਸ਼ਕਲ ਨਾਲ ਤਿੰਨ ਸਾਲ ਦੀ ਸੀ ਜਦੋਂ ਪਿਤਾ ਚੱਲ ਵੱਸਿਆ ਤਾਂ ਮਜਬੂਰੀ ਵੱਸ ਮਾਂ ਨੇ ਦੋਵਾਂ ਨੂੰ ਪਾਲਣ ਲਈ ਲੋਕਾਂ ਦੇ ਘਰਾਂ ‘ਚ ਪੋਚੇ ਲਾਉਣੇ ਸ਼ੁਰੂ ਕਰ ਦਿੱਤੇ। ਜਦੋਂ ਰਸ਼ਮੀ ਨੇ ਸੁਰਤ ਸੰਭਾਲੀ ਤਾਂ ਉਸ ਨੇ ਮਾਂ ਦਾ ਹੱਥ ਵਟਾਉਣ ਲਈ ਅਜਿਹਾ ਕੂੜਾ ਫਰੋਲਣਾ ਐਸਾ ਸ਼ੁਰੂ ਕੀਤਾ ਕਿ ਹੁਣ ਪੁਰਾਣੇ ਕਾਗਜ਼ ਤੇ ਲਿਫਾਫੇ ਉਸ ਦੇ ਜੀਵਨ ਦਾ ਅੰਗ ਬਣਕੇ ਰਹਿ ਗਏ ਹਨ। ਰਸ਼ਮੀ ਦੱਸਦੀ ਹੈ ਕਿ ਦੋਵੇਂ ਭੈਣਾਂ ਪੂਰੇ ਦਿਨ ਵਿੱਚ 50 ਤੋਂ 150 ਰੁਪਏ ਕਮਾ ਲੈਂਦੀਆਂ ਹਨ ਜਿਸ ਨਾਲ ਪਰਿਵਾਰ ਦੀ ਰੋਜ਼ੀ-ਰੋਟੀ ਚੱਲਦੀ ਹੈ। ਰਸ਼ਮੀ ਨੂੰ ਨਾਂ ਤਾਂ ਮਹਿਲਾ ਦਿਵਸ ਬਾਰੇ ਕੋਈ ਜਾਣਕਾਰੀ ਹੈ ਤੇ ਨਾਂ ਹੀ ਉਸ ਨੂੰ ਇਹ ਪਤਾ ਹੈ ਕਿ ਇਹ ਦਿਨ ਕਿੳਂ ਮਨਾਇਆ ਜਾਂਦਾ ਹੈ। ਉਸ ਨੇ ਦੱਸਿਆ ਕਿ ਅੱਜ ਜਦੋਂ ਕੁੱਝ ਔਰਤਾਂ ਨੇ ਕੁੱਝ ਕੇਲੇ ਵਗੈਰਾ ਦੇਕੇ ਦੱਸਿਆ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਅੱਜ ਔਰਤਾਂ ਦਾ ਕੋਈ ਦਿਨ ਹੈ।
ਦੋਵੇਂ ਭੈਣਾਂ ਆਖਦੀਆਂ ਹਨ ਕਿ ਜਦੋਂ ਉਹ ਬੱਚਿਆਂ ਨੂੰ ਸਕੂਲ ਜਾਂਦਿਆਂ ਦੇਖਦੀਆਂ ਹਨ ਤਾਂ ਦਿਲ ਕਰਦਾ ਹੈ ਸਕੂਲ ਜਾਣ ਲੱਗੀਏ ਪਰ ਫਿਰ ਘਰ ਦੋ ਗੁਜਾਰਾ ਕਿੰਜ ਚਲੂਗਾ ਇਹ ਸੋਚਕੇ ਹੀ ਮਨ ਮਸੋਸ ਕੇ ਹਿਰ ਜਾਂਦਾ ਹੈ। ਇਕੱਲੀਆਂ ਇਹ ਦੋ ਭੈਣਾਂ ਹੀ ਨਹੀਂ ਬਲਕਿ ਉਮਰ ਦੇ 14 ਵੇਂ ਸਾਲ ਵਿੱਚ ਪੁੱਜ ਚੁੱਕੀ ਆਇਸ਼ਾ ਰਾਣੀ ਵੀ ਇਹੋ ਕੰਮ ਕਰਕੇ ਮਾਪਿਆਂ ਦਾ ਹੱਥ ਵਟਾਉਣ ਦਾ ਯਤਨ ਕਰ ਰਹੀ ਹੈ। ਉਹ ਚਾਰ ਭੈਣ-ਭਰਾਵਾਂ ’ਚੋਂ ਸਭ ਤੋਂ ਵੱਡੀ ਹੈ । ਉਹ ਆਖਦੀ ਹੈ ਕਿ ਸਕੂਲ ਜਾਣ ਨੂੰ ਕਿਸਦਾ ਦਿਲ ਨਹੀਂ ਕਰਦਾ ਪਰ ਘਰ ਦੇ ਹਾਲਤ ਇਸ ਰਾਹ ਤੁਰਨ ਹੀ ਨਹੀਂ ਦਿੰਦੇ ਹਨ। ਏਦਾਂ ਹੀ ਪੰਜਾਬ ਦੀਆਂ ਜੇਲ੍ਹ ਵਿੱਚ ਬੰਦ ਮਾਪਿਆਂ ਦੀ ਇੱਕਲੌਤੀ ਲੜਕੀ ਲਈ ਕੋਈ ਵੀ ਇਸਤਰੀ ਦਿਵਸ ਢਾਰਸ ਨਹੀਂ ਬਣ ਸਕਿਆ ਹੈ।
ਹੁਣ ਉਹ ਆਪਣੇ ਨਾਨਕਿਆਂ ਕੋਲ ਰਹਿੰਦੀ ਹੈ ਜਿੱਥੇ ਆਪਣੀ ਮਾਮੀ ਨਾਲ ਕਈ ਘਰਾਂ ਵਿੱਚ ਪੋਚੇ ਵਗੈਰਾ ਲਾਉਣ ਦਾ ਕੰਮ ਕਰਦੀ ਹੈ। ਨਾਨਕੇ ਪ੍ਰੀਵਾਰ ਦੇ ਆਪਣੇ ਬੱਚੇ ਹਨ ਜਿੰਨ੍ਹਾਂ ਨੂੰ ਗਰੀਬੀ ਕਾਰਨ ਕੰਮ ਤੇ ਲਾਉਣਾ ਵੀ ਪ੍ਰੀਵਾਰ ਦੀ ਮਜਬੂਰੀ ਹੈ। ਉਸ ਦਾ ਕਹਿਣਾ ਸੀ ਕਿ ਉਸ ਨੂੰ ਮਾਪਿਆਂ ਵੱਲੋਂ ਕੀਤੇ ਗੁਨਾਹਾਂ ਦੀ ਸਜ਼ਾ ਇਕੱਲੀ ਉਸ ਨੂੰ ਹੀ ਨਹੀਂ ਬਲਕਿ ਪਾਲਣਹਾਰਾਂ ਨੂੰ ਵੀ ਭੁਗਤਣੀ ਪੈ ਰਹੀ ਹੈ। ਉਸ ਨੇ ਕਿਹਾ ਕਿ ਸਾਡੇ ਵਰਗੀਆਂ ਕੁੜੀਆਂ ਦੇ ਸੁਫਨਿਆਂ ਨੂੰ ਨਾਂ ਕੋਈ ਖੰਭ ਲਾਉਣ ਅਤੇ ਨਾਂ ਹੀ ਸੰਭਾਲਣ ਵਾਲਾ ਹੈ। ਇਹ ਕੁੱਝ ਮਿਸਾਲਾਂ ਹਨ ਦਰਜਨਾਂ ਦੀ ਗਿਣਤੀ ’ਚ ਅਜਿਹੀਆਂ ਕੁੜੀਆਂ ਨੂੰ ਘਰਾਂ ਦੀ ਕਬੀਲਦਾਰੀ ਚਲਾਉਣ ਲਈ ਛੋਟੀ ਉਮਰ ਤੋਂ ਹੀ ਮਿਹਨਤ ਮਜ਼ਦੂਰੀ ਕਰਨੀ ਪੈ ਰਹੀ ਹੈ।
ਇੰਨ੍ਹਾਂ ਦੇ ਕਾਹਦੇ ਇਸਤਰੀ ਦਿਵਸ
ਸੰਗਰੂਰ ਦੇ ਪਿੰਡ ਛਾਜਲੀ ਦੀ ਇੱਕ ਬਿਰਧ ਔਰਤ ਨੂੰ ਪੁੱਛੋ ਕਿ ਜ਼ਿੰਦਗੀ ਦਾ ਖਜ਼ਾਨਾ ਕਿਵੇਂ ਮੁੱਕਦਾ ਹੈ। ਪਹਿਲਾਂ ਜਵਾਨ ਪੋਤੇ ਨੇ ਖੁਦਕੁਸ਼ੀ ਕੀਤੀ, ਫਿਰ ਪੁੱਤ ਨੇ ਅਤੇ ਅੰਤ ਵਿੱਚ ਉਸ ਦਾ ਪਤੀ ਵੀ ਇਹੋ ਰਾਹ ਚਲਾ ਗਿਆ। ਇੱਕੋ ਸਾਲ ਵਿੱਚ ਤਿੰਨ ਵਾਰ ਸੱਥਰ ਵਿਛੇ ਕੋਈ ਸਹਿਜ ਨਹੀਂ ਹੈ। ਇਸੇ ਪਿੰਡ ਦੀ ਇੱਕ ਹੋਰ ਔਰਤ ਦੇ ਦੋ ਪੁੱਤ ਖੁਦਕੁਸ਼ੀ ਕਰ ਗਏ ਅਤੇ ਪਤੀ ਨੇ ਵੀ ਇਹੋ ਰਾਹ ਚੁਣਿਆ। ਇੰਜ ਹੀ ਬਿਰਧ ਬਚਨ ਕੌਰ ਦੇ ਘਰ ਚੋਂ ਵੀ ਵਾਰ ਵਾਰ ਅਰਥੀਆਂ ਉੱਠੀਆਂ ਹਨ। ਕਿਸਾਨ ਆਗੂ ਹਰਿੰਦਰ ਬਿੰਦੂ ਆਖਦੀ ਹੈ ਕਿ ਸਰਕਾਰਾਂ ਅਜਿਹੀਆਂ ਔਰਤਾਂ ਦੇ ਹੌਕਿਆਂ ਨੂੰ ਸਮਝ ਨਹਂ ਸਕੀਆਂ ਹਨ। ਉਸ ਨੇ ਕਿਹਾ ਕਿ ਕਈ ਔਰਤਾਂ ਨੇ ਵਾਰ ਵਾਰ ਬਲਦੇ ਸਿਵੇ ਦੇਖੇ ਹਨ ਅਤੇ ਜ਼ਿੰਦਗੀ ਸੁਆਹ ਬਣ ਗਈ ਹੈ ਇਸ ਲਈ ਇੰਨ੍ਹਾਂ ਦੇ ਕਾਦੇ ਇਸਤਰੀ ਦਿਵਸ।
ਸੱਧਰਾਂ ਰੁਲੀਆਂ:ਸਾਧੂ ਰਾਮ ਕੁਸਲਾ
ਸਿਦਕ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਦਾ ਕਹਿਣਾ ਹੈ ਕਿ ਕੌਮਾਂਤਰੀ ਇਸ ਤਰੀ ਦਿਵਸ ਮੌਕੇ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਪਰ ਮਾੜੀ ਆਰਥਿਕਤਾ ਨੇ ਹਜ਼ਾਰਾਂ ਕੁੜੀਆਂ ਦਾ ਬਚਪਨ ਤੇ ਔਰਤਾਂ ਦੀਆਂ ਸੱਧਰਾਂ ਰੋਲ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਬਚਪਨ ਆਪਣੇ ਦਿਨ ਦੀ ਸ਼ੁਰੂਆਤ ਕੂੜੇ ਦੇ ਢੇਰਾਂ ਦੀ ਫੋਲਾ-ਫਰਾਲੀ ਕਰਕੇ ਕਰਦਾ ਹੈ ਜਦੋਂ ਕਿ ਇਸ ਉਮਰੇ ਤਾਂ ਇੰਨ੍ਹਾਂ ਬੱਚਿਆਂ ਦੇ ਮੋਢਿਆਂ ਤੇ ਬਸਤੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਔਖੇ ਹਾਲਾਤਾਂ ਦਾ ਦਰਦ ਹੰਢਾ ਰਹੇ ਅਜਿਹੀਆਂ ਲੜਕੀਆਂ ਦੇ ਪ੍ਰੀਵਾਰਾਂ ਦਾ ਭਵਿੱਖ ਸੰਵਾਰਨ ਲਈ ਸਰਕਾਰ ਵਿਸ਼ੇਸ਼ ਯਤਨ ਕਰੇ ਅਤੇ ਆਰਥਿਕ ਸਹਾਇਤਾ ਮੁਹੱਈਆ ਕਰਵਾਏ ਤਾਂਜੋ ਇਹ ਲੋਕ ਵੀ ਸਵੈਮਾਣ ਦੀ ਜਿੰਦਗੀ ਜਿਓਂ ਸਕਣ।