ਰੋਪੜ ਭਾਖੜਾ ਨਹਿਰ ਉਤੇ ਗੋਬਿੰਦ ਵੈਲੀ ਨੇੜੇ ਨਵੇਂ ਪੁਲ ਦੀ ਉਸਾਰੀ ਜਲਦ ਹੋਵੇਗੀ ਸ਼ੁਰੂ: ਵਿਧਾਇਕ ਦਿਨੇਸ਼ ਚੱਢਾ
*ਰੋਪੜ ਤੋਂ ਘਾੜ ਇਲਾਕੇ ਲਈ 10 ਕਰੋੜ ਦੇ ਪੁਲ ਲਈ ਰਾਸ਼ੀ ਮਨਜ਼ੂਰ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 8 ਮਾਰਚ 2025 : ਜ਼ਿਲ੍ਹਾ ਸਦਰ ਮੁਕਾਮ ਰੂਪਨਗਰ ਦੇ ਨੇੜਿਓਂ ਲੰਘਦੀ ਭਾਖੜਾ ਨਹਿਰ ਉਤੇ ਮਾਜਰੀ ਠੇਕੇਦਾਰਾਂ ,ਗੋਬਿੰਦ ਵੈਲੀ ਲਾਗੇ ਨਵੇਂ ਪੁਲ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ ਫੰਡ ਮਨਜ਼ੂਰ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਇਸ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਸਬੰਧੀ ਅੱਜ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਹਲਕੇ ਦੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਮਾਜਰੀ "ਛੱਲਾ ਵਾਲਾ ਪੁਲ' ਉਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਕਤ ਪੁਲ ਦੀ ਉਸਾਰੀ ਲਈ ਲੱਗਭਗ 10 ਕਰੋੜ ਦੀ ਰਾਸ਼ੀ ਮਨਜ਼ੂਰ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਇਸ ਪੁਲ ਦਾ ਟੈਂਡਰ ਲਗਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਭਾਖੜਾ ਨਹਿਰ ਉਤੇ ਪਹਿਲਾਂ ਜ਼ੋ ਪੁਲ ਹੈ ਉਸ ਦੀ ਹਾਲਤ ਗੰਭੀਰ ਖਸਤਾ ਹੋ ਚੁੱਕੀ ਹੈ ਜਿਸ ਕਾਰਨ ਲੋਕਾਂ ਵੱਲੋਂ ਨਵੇਂ ਪੁਲ ਦੀ ਉਸਾਰੀ ਦੀ ਮੰਗ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ ਜ਼ੋ ਹੁਣ ਜਲਦ ਪੂਰੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਪੁਲ ਸਟੀਲ ਦਾ ਬਣੇਗਾ ਜ਼ੋ ਕਿ 10 ਮੀਟਰ ਚੌੜਾ ਅਤੇ 55 ਮੀਟਰ ਦੇ ਲੱਗਭਗ ਲੰਬਾਂ ਹੋਵੇਗਾ ਜਿਸ ਨਾਲ ਘਾੜ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਆਵਾਜਾਈ ਸੁਖਾਲੀ ਹੋਵੇਗੀ। ਵਰਨਣਯੋਗ ਹੈ ਕਿ ਇਸ ਪੁਲ ਦੀ ਉਸਾਰੀ ਲਈ ਪਿਛਲੀ ਕੈਪਟਨ ਸਰਕਾਰ ਵੇਲੇ ਲੱਗਭਗ ਸਾਢੇ ਚਾਰ ਕਰੋੜ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਸੀ ਅਤੇ ਟੈਂਡਰ ਪ੍ਰਕ੍ਰਿਆ ਪੂਰੀ ਹੋਣ ਤੱਕ ਲੌਕਡਾਊਨ ਲੱਗਣ ਕਾਰਨ ਇਸ ਦੀ ਐਸਟੀਮੇਟ ਰਕਮ ਪਹਿਲਾਂ ਛੇ ਕਰੋੜ ਅਤੇ ਮਗਰੋਂ ਅੱਠ ਕਰੋੜ ਤੱਕ ਪਹੁੰਚਣ ਕਾਰਨ ਇਹ ਪ੍ਰੋਜੈਕਟ ਠੰਡੇ ਬਸਤੇ ਵਿੱਚ ਪੈ ਗਿਆ ਸੀ। ਪਿਛਲੇ ਸਾਲ ਪੁਰਾਣੇ ਪੁਲ ਦੀ ਰਿਪੇਅਰ ਕੀਤੀ ਗਈ ਸੀ ਪ੍ਰੰਤੂ ਭਾਰੀ ਟ੍ਰੈਫਿਕ ਹੋਣ ਕਾਰਨ ਪੁਲ ਦੀ ਹਾਲਤ ਫਿਰ ਤੋਂ ਖ਼ਸਤਾ ਹਾਲ ਹੋ ਗਈ ਸੀ।
ਲੱਗਭਗ ਦਰਜਨ ਦੇ ਕਰੀਬ ਪਿੰਡਾਂ ਮਾਜਰੀ ਠੇਕੇਦਾਰਾਂ, ਮਾਜਰੀ ਜੱਟਾਂ, ਦਰਗਾਹ ਸ਼ਾਹ, ਅਕਬਰਪੁਰ,ਭੰਗਾਲਾ ਇਹ ਰਸਤਾ ਅਗੇ ਪੁਰਖਾਲੀ ਤੱਕ ਪਿੰਡਾਂ ਨੂੰ ਜੋੜਦਾ ਹੈ। ਇਸ ਖੇਤਰ ਵਿੱਚ ਲੱਗਭੱਗ ਡੇਢ ਦਰਜਨ ਦੇ ਕਰੀਬ ਇੱਟਾਂ ਦੇ ਭੱਠੇ ਚਲਦੇ ਹੋਣ ਕਾਰਨ ਇਸ ਪੁਲ ਉੱਤੇ ਹਰ ਸਮੇਂ ਭਾਰੀ ਆਵਾਜਾਈ ਰਹਿਦੀ ਹੈ। ਇਸ ਪੁਲ ਦੀ ਉਸਾਰੀ ਦੀ ਖ਼ਬਰ ਨਾਲ ਇਲਾਕੇ ਦੇ ਲੋਕਾਂ ਨੇ ਹਲਕਾ ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਦਾ ਧੰਨਵਾਦ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।