ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵਿਧਾਇਕਾਂ ਦੇ ਘਰਾਂ ਅੱਗੇ ਧਰਨਿਆਂ ਲਈ ਵਿਉਂਤਬੰਦੀ
ਅਸ਼ੋਕ ਵਰਮਾ
ਬਠਿੰਡਾ,9 ਮਾਰਚ 2025:ਸੰਯੁਕਤ ਕਿਸਾਨ ਮੋਰਚਾ ਵੱਲੋਂ 10 ਮਾਰਚ ਨੂੰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇਣ ਦੇ ਦਿੱਤੇ ਸੱਦੇ ਨੂੰ ਸਫਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਲਾ ਬਠਿੰਡਾ ਦੀ ਮੀਟਿੰਗ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ। ਮੀਟਿੰਗ ਵਿੱਚ ਜ਼ਿਲ੍ਹੇ ਨਾਲ ਸਬੰਧਤ ਵਿਧਾਇਕਾਂ ਬਲਕਾਰ ਸਿੰਘ ਸਿੱਧੂ (ਹਲਕਾ ਰਾਮਪੁਰਾ), ਸੁਖਵੀਰ ਸਿੰਘ ਮਾਈਸਰਖਾਨਾ (ਹਲਕਾ ਮੌੜ), ਬਲਜਿੰਦਰ ਕੌਰ (ਹਲਕਾ ਤਲਵੰਡੀ ਸਾਬੋ), ਮਾਸਟਰ ਜਗਸੀਰ ਸਿੰਘ (ਹਲਕਾ ਭੁੱਚੋ), ਅਤੇ ਜਗਰੂਪ ਸਿੰਘ ਗਿੱਲ (ਬਠਿੰਡਾ ਸਹਿਰੀ) ਦੇ ਘਰਾਂ ਅੱਗੇ 11 ਵਜੇ ਤੋਂ 3 ਵਜੇ ਤੱਕ ਧਰਨੇ ਦੇਣ ਉਪਰੰਤ ਅਮਿਤ ਰਤਨ (ਬਠਿੰਡਾ ਦਿਹਾਤੀ) ਦੇ ਘਰ ਤੱਕ ਰੋਸ ਮੁਜ਼ਾਹਰਾ ਕਰਨ ਦੀ ਤਿਆਰੀ ਅਤੇ ਪ੍ਰਬੰਧਾਂ ਦੀ ਵਿਉਂਤਬੰਦੀ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਤਿੰਨ ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੋਰਚੇ ਦੇ ਸੂਝਵਾਨ ਤੇ ਤਜਰਬੇਕਾਰ ਸਤਿਕਾਰਯੋਗ ਕਿਸਾਨ ਆਗੂਆਂ ਨਾਲ ਤਲਖੀ ਭਰੇ ਲਹਿਜੇ ਨਾਲ ਗਲਤ ਵਰਤਾਓ ਕਰਕੇ ਕਾਰਪਰੇਟ ਪੱਖੀ ਹੋਣ ਦਾ ਸਬੂਤ ਦਿੱਤਾ, ਉੱਥੇ ਹੀ ਕਿਸਾਨ ਲਹਿਰ ਨੂੰ ਦਬਾਉਣ ਲਈ ਪੁਲਿਸ ਦੀਆਂ ਧਾੜਾਂ ਵੱਲੋਂ ਆਗੂਆਂ ਦੇ ਘਰਾਂ ਵਿੱਚ ਅੱਧੀ ਰਾਤ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਗਈ ਜਿੱਥੇ ਜੇਠੂਕੇ,ਗਿੱਦੜ ਅਤੇ ਜਿਉਂਦ ਪਿੰਡਾਂ ਵਿੱਚ ਪੁਲਿਸ ਨੂੰ ਪੁਲਿਸ ਦਾ ਘਰਾਓ ਤੇ ਲੋਕ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਉਹਨਾਂ ਕਿਹਾ ਕਿ ਐਨੇ ਜਿਆਦਾ ਦਹਿਸ਼ਤ ਦੇ ਮਾਹੌਲ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਔਰਤਾਂ ਸਮੇਤ ਸੜਕਾਂ ਤੇ ਆਏ ਜਿਸ ਤੋਂ ਬਾਅਦ ਗਿਰਫਤਾਰ ਕੀਤੇ ਕਿਸਾਨ, ਥਾਣਿਆ ਜਾਂ ਜੇਲ੍ਹਾਂ ਵਿੱਚ ਜੋ ਬੰਦ ਸਨ ਨੂੰ ਬਿਨਾਂ ਸ਼ਰਤ ਅੱਧੀ ਰਾਤ ਨੂੰ ਰਿਹਾਅ ਕਰਨਾ ਪਿਆ। ਉਹਨਾਂ ਕਿਹਾ ਕਿ ਜੇਕਰ ਇਹਨਾਂ ਧਰਨਿਆਂ ਤੋਂ ਬਾਅਦ ਵੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਲਾਗੂ ਨਾ ਕੀਤੀਆਂ ਤਾਂ ਆਉਂਦੇ ਦਿਨਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੀਟਿੰਗ ਕਰਕੇ ਹੋਰ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਜਸਵੀਰ ਸਿੰਘ ਬੁਰਜ ਸੇਮਾ, ਜਗਸੀਰ ਸਿੰਘ ਝੰਬਾ, ਨਛੱਤਰ ਸਿੰਘ ਢੱਡੇ, ਮਾਲਣ ਕੌਰ ਕੋਠਾ ਗੁਰੂ, ਕਰਮਜੀਤ ਕੌਰ ਲਹਿਰਾਖਾਨਾ, ਰਾਜਵਿੰਦਰ ਸਿੰਘ ਰਾਮ ਨਗਰ, ਰਾਮ ਸਿੰਘ ਕੋਟਗੁਰੂ, ਅਮਰੀਕ ਸਿੰਘ ਸਿਵੀਆਂ, ਜਸਪਾਲ ਸਿੰਘ ਕੋਠਾ ਗੁਰੂ, ਬਲਜੀਤ ਸਿੰਘ ਪੂਹਲਾ,ਬਲਦੇਵ ਸਿੰਘ ਚੌਕੇ ਸਮੇਤ ਸਰਗਰਮ ਆਗੂ ਵਰਕਰ ਸ਼ਾਮਿਲ ਸਨ।