ਕਿਸੇ ਜਥੇਦਾਰ ਦੀ ਦਸਤਾਰਬੰਦੀ ਨਹੀਂ ਹੋਣ ਦਿਆਂਗੇ: ਬਾਬਾ ਬਲਬੀਰ ਸਿੰਘ ਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ (ਵੀਡੀਓ ਵੀ ਦੇਖੋ)
ਅੰਮ੍ਰਿਤਸਰ:- 09 ਮਾਰਚ 2025 - ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਬਾਬਾ ਬਿਧੀ ਚੰਦ ਸਾਹਿਬ ਤਰਨਾ ਦਲ ਸੁਰਸਿੰਘ ਦੇ ਮੁਖੀ ਬਾਬਾ ਅਵਤਾਰ ਸਿੰਘ, ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਦੀਪ ਸਿੰਘ ਬਾਬਾ ਬਕਾਲਾ ਦੇ ਮੁਖੀ ਬਾਬਾ ਜੋਗਾ ਸਿੰਘ, ਤਰਨਾ ਦਲ ਹਰੀਆ ਬੇਲਾਂ ਵੱਲੋਂ ਬਾਬਾ ਨਾਗਰ ਸਿੰਘ, ਦਸ਼ਮੇਸ਼ ਤਰਨਾ ਦਲ ਲੁਧਿਆਣਾ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਨੇ ਸਾਂਝੇ ਤੌਰ ਤੇ ਗੁਰਮਤਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਬੀਤੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਬੇਪਤ ਤਰੀਕੇ ਨਾਲ ਅਹੁਦੇ ਤੋਂ ਫਾਰਗ ਕੀਤਾ ਗਿਆ ਹੈ। ਉਨ੍ਹਾਂ ਇਸ ਫੈਸਲੇ ਨੂੰ ਬਹੁਤ ਹੀ ਅਫਸੋਸਨਾਕ ਤੇ ਮੰਦਭਾਗਾ ਦਸਦਿਆ ਕਿਹਾ ਕਿ ਇਹ ਸਿੱਖ ਪੰਥ ਨੂੰ ਕਦਾਚਿਤ ਵੀ ਪ੍ਰਵਾਨ ਨਹੀਂ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1352611652749842
ਇਸ ਸਬੰਧੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਇਕ ਜਾਰੀ ਵੀਡੀਓ ਵਿੱਚ ਉਨ੍ਹਾਂ ਕਿਹਾ ਕਿ ਅੱਜ ਤੋਂ ਪੰਦਰਾਂ ਵੀਹ ਸਾਲ ਤੋਂ ਪਹਿਲਾਂ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਅਤੇ ਸੇਵਾਮੁਕਤੀ ਸਬੰਧੀ ਖਾਲਸਾ ਪੰਥ ਦੀ ਸਹਿਮਤੀ ਨਾਲ ਨਿਯਮ ਤਹਿ ਕਰਨ ਸਬੰਧੀ ਮੰਗ ਕੀਤੀ ਜਾ ਰਹੀ ਹੈ। ਕਿਉਂ ਨਹੀ ਇਸ ਸਬੰਧੀ ਨਿਯਮ ਬਨਾਏ ਗਏ। ਜਾਣ ਬੁੱਝ ਕੇ ਕਿਨਾਰਾਕੱਸੀ ਕਰਨੀ ਕੌਮ ਨੂੰ ਦੁਬਿਧਾ ‘ਚ ਰੱਖਣ ਵਾਲੀ ਗੱਲ ਹੈ। ਜੋ ਢੰਗ ਤਰੀਕਾ ਅਪਨਾਇਆ ਗਿਆ ਹੈ ਇਸ ਸਬੰਧੀ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਗੁਰਮਤਾ ਕੀਤਾ ਹੈ ਕਿ ਕੋਈ ਵੀ ਨਵਾਂ ਜਥੇਦਾਰ ਪ੍ਰਵਾਨ ਨਹੀਂ ਅਤੇ ਨਾ ਹੀ ਕਿਸੇ ਨੂੰ ਦਸਤਾਰ ਬੰਦੀ ਕਰਨ ਦਿਤੀ ਜਾਵੇਗੀ।
ਉਨ੍ਹਾਂ ਕਿਹਾ ਗੁਰਮੀਤ ਸਿੰਘ ਰਾਮ ਰਹੀਮ ਨੂੰ ਮੁਆਫ ਕਰਨ ਦਾ ਫੈਸਲਾ ਵੀ ਗਲਤ ਸੀ ਫਿਰ ਸੰਗਤੀ ਵਿਰੋਧ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਉਸ ਨੂੰ ਵਾਪਸ ਲਿਆ ਗਿਆ। ਇਸ ਲਈ ਅਸੀ ਸਮੂਹਕ ਤੌਰ ਤੇ ਮੰਗ ਕਰਦੇ ਹਾਂ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ। ਜਥੇਦਾਰ ਗਿ. ਰਘਬੀਰ ਸਿੰਘ ਅਤੇ ਗਿ. ਸੁਲਤਾਨ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੇ ਪਹਿਲਾਂ ਦੀ ਤਰ੍ਹਾਂ ਸੇਵਾ ਕਰਨ ਦਿਤੀ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਨਵੇਂ ਜਥੇਦਾਰ ਦੀ ਤਾਜਪੋਸ਼ੀ ਨਹੀਂ ਹੋਣ ਦੇਣਗੀਆਂ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੂੰ ਇਹ ਫੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਅੰਤ੍ਰਿੰਗ ਕਮੇਟੀ ਦੇ ਇਸ ਫੈਸਲੇ ਨੇ ਸਮੁੱਚੀ ਕੌਮ ਨੂੰ ਨਮੋਸ਼ੀ, ਗਮਗੀਨ ਅਤੇ ਅਧੋਗਤੀ ਵਾਲੇ ਮਾਹੌਲ ਵੱਲ ਧਕੇਲਿਆ ਹੈ। ਉਨ੍ਹਾਂ ਕਿਹਾ ਅਸੀ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਖ਼ਿਲਾਫ ਨਹੀਂ ਪਰ ਗੁਰੂ ਸਾਹਿਬਾਨ ਦੇ ਤਖ਼ਤ ਸਾਹਿਬਾਨ ਦੀ ਆਪਹੁਦਰੇ ਤੌਰ ਤੇ ਮਾਣ ਮਰਯਾਦਾ ਦੀ ਉਲੰਘਣਾ ਬਰਦਾਸ਼ਤ ਨਹੀਂ ਹੋ ਸਕਦੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸ਼੍ਰੋਮਣੀ ਕਮੇਟੀ ਤੋਂ ਲਗਾਤਾਰ ਗਲਤੀ ਦਰ ਗਲਤੀ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਕਿਹੜੀਆਂ ਜਥੇਬੰਦੀਆਂ ਦੀ ਸਹਿਮਤੀ ਨਾਲ ਬਨਾਏ ਗਏ। ਉਨ੍ਹਾਂ ਅਪੀਲ ਕੀਤੀ ਕਿ ਪੰਥ ਦਰਦੀ ਸਮੂਹ ਜਥੇਬੰਦੀਆਂ, ਨਿਹੰਗ ਸਿੰਘ ਸਮੂਹ ਦਲ, ਸੰਤ ਮਹਾਂਪੁਰਸ਼, ਟਕਸਾਲਾਂ ਅਤੇ ਸੰਪਰਦਾਵਾਂ, ਸਭਾ ਸੁਸਾਇਟੀਆਂ, ਜਨਸਧਾਰਨ ਸਭ ਹੁਮ ਹੁਮਾ ਕੇ 10 ਮਾਰਚ ਨੂੰ ਸਵੇਰੇ ਸ੍ਰੀ ਅਨੰਦਪੁਰ ਸਾਹਿਬ ਇਸ ਦੇ ਸਖ਼ਤ ਵਿਰੋਧ ਵਿਚ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਵਹੀਰਾਂ ਘਤ ਕੇ ਪੁਜੋ। ਇਹ ਕੌਮੀ ਤੇ ਸਿੱਖ ਸਿਧਾਤਾਂ, ਮਰਯਾਦਾ ਤੇ ਤਖ਼ਤ ਸਾਹਿਬਾਨਾਂ ਦੀ ਆਣ ਬਾਨ ਸ਼ਾਨ ਦਾ ਸਵਾਲ ਹੈ। ਗੁਰੂ ਸਾਹਿਬਾਨਾਂ ਦੇ ਤਖ਼ਤ ਉਪਰ ਕਿਸੇ ਰਜਵਾੜੇ ਦੀ ਧਕੜਸ਼ਾਹੀ ਨਹੀਂ ਚੱਲਣ ਦਿਤੀ ਜਾਵੇਗੀ।
ਗੁਰੂ ਦੀਆਂ ਨਿਹੰਗ ਸਿੰਘ ਫੌਜਾਂ ਇਸ ਦੇ ਸਖ਼ਤ ਵਿਰੋਧ ਵਿੱਚ ਹਨ। ਉਨ੍ਹਾਂ ਕਿਹਾ ਕਿ ਮਨਮਰਜ਼ੀ ਦੇ ਗਲਤ ਫੈਸਲੇ ਕਦਾਚਿਤ ਵੀ ਕੌਮੀ ਤੌਰ ਪ੍ਰਵਾਨ ਨਹੀਂ ਹੋ ਸਕਦੇ। ਤਖ਼ਤ ਸਾਹਿਬਾਨ ਦੇ ਜਥੇਦਾਰ ਕੌਮ ਦੀ ਅਮਾਨਤ ਹਨ ਇਨ੍ਹਾਂ ਨੂੰ ਕੈਦੀ ਨਹੀਂ ਬਨਾਇਆ ਜਾ ਸਕਦਾ ਅਤੇ ਨਾ ਮਨਮਰਜੀ ਦੇ ਫੈਸਲੇ ਕਰਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਨਾਏ ਇਤਿਹਾਸਕ ਹੁਕਮਨਾਮੇ ਤੋਂ ਬਾਅਦ ਹੀ ਜਥੇਦਾਰਾਂ ਦੀ ਕਿਰਦਾਰ ਕੁਸੀ, ਤੋਹਮਤਬਾਜੀ ਤੇ ਹੋਰ ਨਾਸਹਿਣ ਯੋਗ ਚਿੱਕੜ ਉਛਾਲਿਆ ਗਿਆ ਹੈ। ਪਹਿਲਾਂ ਏਹੀ ਜਥੇਦਾਰ ਪਾਕਿ ਪਵਿੱਤਰ ਤੇ ਸਨਮਾਨਜਨਕ ਸਨ ਹੁਕਮਨਾਮੇ ਤੋਂ ਬਾਅਦ ਹੀ ਅਜਿਹਾ ਵਰਤਾਰਾ ਕਿਉਂ ?