ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੱਦਾ ਦੇਣ ਲਈ ਕਰਵਾਈ ਈਟ ਰਾਈਟ ਵਾਕਾਥੋਨ
• ਸਹਾਇਕ ਸਿਵਲ ਸਰਜਨ ਨੇ ਵਾਕਾਥੋਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
• ਇਸੇ ਕੜੀ ’ਚ ‘ਈਟ ਰਾਈਟ ਮੇਲਾ’ 15 ਮਾਰਚ ਨੂੰ ਰੈੱਡ ਕਰਾਸ ਭਵਨ ਵਿਖੇ
ਜਲੰਧਰ, 8 ਮਾਰਚ 2025: ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦਾ ਸੱਦਾ ਦੇਣ ਦੇ ਮੰਤਵ ਨਾਲ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਈਟ ਰਾਈਟ ਵਾਕਾਥੋਨ ਕਰਵਾਈ ਗਈ, ਜਿਸ ਨੂੰ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ ਨੇ ਸਥਾਨਕ ਸਰਕਟ ਹਾਊਸ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਕਰਵਾਈ ਵਾਕਾਥੋਨ, ਜਿਸ ਵਿੱਚ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ 500 ਤੋਂ ਵੱਧ ਨਾਗਰਿਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ, ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਸਮਾਪਤ ਹੋਈ। ਵਾਕਾਥੋਨ ਵਿੱਚ ਸ਼ਾਮਲ ਵਿਦਿਆਰਥੀਆਂ ਨੇ ਆਪਣੇ ਹੱਥਾਂ ਵਿੱਚ ਬੈਨਰ ਅਤੇ ਤਖ਼ਤੀਆਂ ਫੜ ਕੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ, ਸਰੀਰਕ ਕਸਰਤ ਤੇ ਖੇਡਾਂ ਵਿੱਚ ਭਾਗ ਲੈਣ ਆਦਿ ਬਾਰੇ ਜਾਗਰੂਕ ਕੀਤਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ 'ਰੰਗਲਾ ਅਤੇ ਸਿਹਤਮੰਦ ਪੰਜਾਬ' ਬਣਾਉਣ ਦੇ ਸਬੰਧ ਵਿੱਚ ਰਾਜ ਭਰ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਈਟ ਰਾਈਟ ਵਾਕਾਥੋਨ ਕਰਵਾਈ ਗਈ।
ਸਹਾਇਕ ਕਮਿਸ਼ਨਰ (ਫੂਡ) ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਇਸ ਵਾਕਾਥੋਨ ਦਾ ਮੁੱਖ ਉਦੇਸ਼ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਸਿਹਤ ਜੀਵਨ ਸ਼ੈਲੀ ਵਿੱਚ ਕੁਝ ਮਹੱਤਵਪੂਰਣ ਤਬਦੀਲੀਆਂ ਲਿਆਉਣਾ ਹੈ, ਜਿਵੇਂ ਕਿ ਰੋਜ਼ਾਨਾ ਜੀਵਨ ਵਿੱਚ ਨਮਕ, ਖੰਡ ਅਤੇ ਤੇਲ ਦੀ ਖਪਤ ਘਟਾਉਣ, ਖੁਰਾਕ ਵਿੱਚ ਸਲਾਦ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਤਾਜ਼ੇ ਫਲਾਂ ਦੀ ਵਰਤੋਂ ਵਧਾਉਣ, RUCO (ਰੀਪਰਪਜ਼ ਯੂਜ਼ਡ ਕੁਕਿੰਗ ਆਇਲ) ਭਾਵ ਕਿ ਤਲਣ ਵਾਲੇ ਤੇਲ ਦੀ ਵਰਤੋਂ ਦੋ ਵਾਰ ਤੋਂ ਵੱਧ ਨਾ ਕਰਨਾ, ਬਾਜਰਾ ਤੇ ਹੋਰ ਮਿਲਟਸ ਅਤੇ ਫੋਰਟੀਫਾਈਡ ਖਾਧ-ਪਦਾਰਥ (ਖਣਿਜਾਂ ਅਤੇ ਵਿਟਾਮਿਨਾਂ ਨਾਲ ਭਰਪੂਰ) ਨੂੰ ਖੁਰਾਕ ਵਿੱਚ ਸ਼ਾਮਲ ਕਰਨਾ ਅਤੇ ਰੋਜ਼ਾਨਾ ਕਸਰਤ, ਯੋਗਾ ਅਤੇ ਵੱਖ-ਵੱਖ ਖੇਡ ਗਤੀਵਿਧੀਆਂ ਵਿੱਚ ਭਾਗੀਦਾਰੀ ਆਦਿ।
ਉਨ੍ਹਾਂ ਦੱਸਿਆ ਕਿ ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਇੱਕ ਹੋਰ ਪ੍ਰੋਗਰਾਮ ‘ਈਟ ਰਾਈਟ ਮੇਲਾ’ 15 ਮਾਰਚ ਸਥਾਨਕ ਰੈੱਡ ਕਰਾਸ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਲਾਈਵ ਯੋਗਾ ਸ਼ੋਅ, ਲਾਈਵ ਮਿਲਟਸ ਕੁਕਿੰਗ ਸ਼ੋਅ, ਪੈਨਲ ਚਰਚਾਵਾਂ (ਡਾਈਟੀਸ਼ੀਅਨ ਅਤੇ ਪੋਸ਼ਣ ਮਾਹਰਾਂ ਨਾਲ) ਹੋਣਗੀਆਂ। ਇਸ ਤੋਂ ਇਲਾਵਾ ਬੱਚਿਆਂ ਵਿੱਚ 'ਸਿਹਤਮੰਦ ਜੀਵਨ ਸ਼ੈਲੀ' ਦੇ ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲਾ, ਈਟ ਰਾਈਟ ਨੁੱਕੜ ਨਾਟਕ, ਜਲੰਧਰ ਦੇ ਮਸ਼ਹੂਰ ਫੂਡ ਸਟਾਲ (ਖਾਸ ਤੌਰ ’ਤੇ ਮਿਲਟ ਆਧਾਰਤ ਭੋਜਨ) ਅਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਉਜਾਗਰ ਕਰਨ ਵਾਲੇ ਸੱਭਿਆਚਾਰਕ ਪ੍ਰੋਗਰਾਮ ਮੇਲੇ ਦਾ ਖਾਸ ਆਕਰਸ਼ਣ ਹੋਣਗੇ। ਉਨ੍ਹਾਂ ਸਾਰੇ ਨਾਗਰਿਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।
ਇਸ ਮੌਕੇ ਐਫ਼.ਐਸ.ਓ. ਮੁਕੁਲ ਗਿੱਲ, ਐਫ਼.ਐਸ.ਓ. ਪ੍ਰਭਜੋਤ ਕੌਰ,ਐਫ਼.ਐਸ. ਓ. ਰਜਨੀ, ਸ਼ਰਨਦੀਪ ਸਿੰਘ, ਰਵਿੰਦਰ ਜੱਸਲ, ਵਿਨੋਦ ਕੁਮਾਰ ਤੋਂ ਇਲਾਵਾ ਫੂਡ ਸੇਫਟੀ ਵਿੰਗ, ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਅਤੇ ਵਿਦਿਆਰਥੀ ਵੀ ਮੌਜੂਦ ਸਨ।