ਥਾਈਲੈਂਡ ਵਿੱਚ ਹੋਏ ਪੈਰਾ ਏਸ਼ੀਆ ਕੱਪ 'ਚ ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ਾਂ ਨੇ ਜਿੱਤੇ ਛੇ ਤਗ਼ਮੇ
ਪਟਿਆਲਾ, 10 ਫਰਵਰੀ 2025 - ਥਾਈਲੈਂਡ ਦੇ ਬੈਂਕਾਕ ਵਿੱਚ ਹੋਏ ਪੈਰਾ ਏਸ਼ੀਆ ਕੱਪ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਤੀਰਅੰਦਾਜ਼ਾਂ ਪੂਜਾ ਅਤੇ ਹਰਵਿੰਦਰ ਨੇ ਕੁੱਲ ਛੇ ਤਗ਼ਮੇ ਹਾਸਲ ਕਰ ਲਏ ਹਨ।
ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਿਕਰਵ ਮਿਕਸਡ ਟੀਮ ਈਵੈਂਟ ਵਿੱਚ ਹਰਵਿੰਦਰ ਸਿੰਘ ਅਤੇ ਪੂਜਾ ਨੇ ਸੋਨ ਤਗ਼ਮਾ, ਵਿਅਕਤੀਗਤ ਰਿਕਰਵ ਈਵੈਂਟ ਵਿੱਚ ਪੂਜਾ ਨੇ ਚਾਂਦੀ ਤਗ਼ਮਾ, ਵਿਅਕਤੀਗਤ ਰਿਕਰਵ ਈਵੈਂਟ ਵਿੱਚ ਹਰਵਿੰਦਰ ਨੇ ਕਾਂਸੀ ਤਗ਼ਮਾ, ਰਿਕਵਰਵ ਟੀਮ ਈਵੈਂਟ ਵਿੱਚ ਹਰਵਿੰਦਰ ਨੇ ਸੋਨ ਤਗ਼ਮਾ ਅਤੇ ਕੁੜੀਆਂ ਦੇ ਟੀਮ ਈਵੈਂਟ ਵਿੱਚ ਪੂਜਾ ਨੇ ਚਾਂਦੀ ਤਗ਼ਮਾ ਜਿੱਤਿਆ ਹੈ।
ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਦੋਹਾਂ ਖਿਡਾਰੀਆਂ ਅਤੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਨੂੰ ਆਪਣੇ ਇਨ੍ਹਾਂ ਹੋਣਹਾਰ ਖਿਡਾਰੀਆਂ ਉੱਤੇ ਮਾਣ ਹੈ। ਉਨ੍ਹਾਂ ਕਿਹਾ ਕਿ ਹਰਵਿੰਦਰ ਸਿੰਘ ਅਤੇ ਪੂਜਾ ਨੇ ਆਪਣੀਆਂ ਪ੍ਰਾਪਤੀਆਂ ਨਾਲ਼ ਪੰਜਾਬੀ ਯੂਨੀਵਰਸਿਟੀ ਦਾ ਨਾਮ ਦੁਨੀਆਂ ਭਰ ਵਿੱਚ ਰੋਸ਼ਨ ਕੀਤਾ ਹੈ।
ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਕਿਹਾ ਕਿ ਖਿਡਾਰੀਆਂ ਦੀਆਂ ਅਜਿਹੀਆਂ ਪ੍ਰਾਪਤੀਆਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ।