ਭਾਰਤ-ਨਿਊਜ਼ੀਲੈਂਡ: ਪੀ. ਐਮ. to ਪੀ. ਐਮ.
ਨਿਊਜ਼ੀਲੈਂਡ ਪ੍ਰਧਾਨ ਮੰਤਰੀ ਸ੍ਰੀ ਕ੍ਰਿਸ ਲਕਸਨ 15 ਮਾਰਚ ਨੂੰ ਇੰਡੀਆ ਰਵਾਨਾ ਹੋਣਗੇ
-ਤਿੰਨ ਰਾਤਾਂ ਦਿੱਲੀ ਅਤੇ ਇਕ ਰਾਤ ਮੁੰਬਈ ਰਹਿਣਗੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 10 ਮਾਰਚ 2025:-ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਅਗਲੇ ਸ਼ਨੀਵਾਰ 15 ਮਾਰਚ ਨੂੰ ਨਵੀਂ ਦਿੱਲੀ ਅਤੇ ਮੁੰਬਈ ਦਾ ਦੌਰਾ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਾਫੀ ਵੱਡਾ ਵਫ਼ਦ ਹੋਵੇਗਾ, ਜਿਸ ਵਿੱਚ ਨਿਊਜ਼ੀਲੈਂਡ ਦੇ ਸੀਨੀਅਰ ਕਾਰੋਬਾਰੀ ਆਗੂ, ਪ੍ਰਮੁੱਖ ਕੀਵੀ ਭਾਰਤੀਆਂ ਦਾ ਇੱਕ ਭਾਈਚਾਰਕ ਵਫ਼ਦ, ਸੰਸਦ ਦੇ ਕੁਝ ਪ੍ਰਤੀਨਿਧੀ, ਸੈਰ-ਸਪਾਟਾ ਤੇ ਪ੍ਰਾਹੁਣਚਾਰੀ, ਵਪਾਰ ਅਤੇ ਨਿਵੇਸ਼ ਅਤੇ ਨਸਲੀ ਭਾਈਚਾਰਿਆਂ ਦੇ ਮੰਤਰੀ ਸ਼ਾਮਲ ਹੋਣਗੇ। ਇਨ੍ਹਾਂ ਵਿਚ ਮਾਣਯੋਗ ਮੈਡਮ ਲੁਈਸ ਅਪਸਟਨ (ਡਿਪਟੀ ਹਾਊਸ ਲੀਡਰ), ਸ੍ਰੀ ਟੌਡ ਮੈਕਲੇ (ਖੇਤੀਬਾੜੀ, ਵਿਦੇਸ਼ ਮੰਤਰਲਾ, ਜੰਗਲਾਤ ਅਤੇ ਵਪਾਰ ਤੇ ਨਿਵੇਸ਼) ਅਤੇ ਸ੍ਰੀ ਮਾਰਕ ਮਿਸ਼ੇਲ (ਪੁਲਿਸ, ਜੇਲ੍ਹ, ਏਥਨਿਕ ਕਮਿਊਨਿਟੀਜ਼, ਖੇਡ ਅਤੇ ਰੀਕ੍ਰੀਏਸ਼ਨ ਅਤੇ ਐਮਰਜੈਂਲੀ ਅਤੇ ਰਿਕਵਰੀ ਮੰਤਰੀ) ਵੀ ਨਾਲ ਜਾਣਗੇ।
ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਹੈ ਕਿ ‘‘ਅਸੀਂ ਪਿਛਲੇ ਸਾਲ ਵਿੱਚ ਪਹਿਲਾਂ ਹੀ ਸ਼ਾਨਦਾਰ ਤਰੱਕੀ ਕੀਤੀ ਹੈ ਕਿਉਂਕਿ ਅਸੀਂ ਭਾਰਤ ਜੋ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਹੈ, ਨਾਲ ਇੱਕ ਵਿਆਪਕ-ਅਧਾਰਤ, ਟਿਕਾਊ ਸਬੰਧ ਬਣਾਉਣ ਵਿੱਚ ਨਿਵੇਸ਼ ਕਰਦੇ ਹਾਂ। ਨਿਊਜ਼ੀਲੈਂਡ ਦੀ ਛੇ ਪ੍ਰਤੀਸ਼ਤ ਆਬਾਦੀ ਆਪਣੀ ਭਾਰਤ ਦੀ ਵਿਰਾਸਤ ਦਾ ਦਾਅਵਾ ਕਰਦੀ ਹੈ। ਮੈਨੂੰ ਉਮੀਦ ਹੈ ਕਿ ਮੇਰੀ ਫੇਰੀ ਸਾਡੇ ਵਿਚਕਾਰ ਨੇੜਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ।
16 ਤੋਂ 20 ਮਾਰਚ ਤੱਕ ਪ੍ਰਧਾਨ ਮੰਤਰੀ ਭਾਰਤ ਰਹਿਣਗੇ ਪਹਿਲੇ ਤਿੰਨ ਦਿਨ ਦਿੱਲੀ ਅਤੇ ਇਕ ਦਿਨ ਮੁੰਬਾਈ। ਭਾਰਤ ਵਿੱਚ ਰਹਿੰਦੇ ਹੋਏ ਸ਼੍ਰੀ ਲਕਸਨ ਸਹਿਯੋਗ ਦੇ ਖੇਤਰਾਂ ਦੀ ਪੜਚੋਲ ਕਰਨਗੇ, ਰਾਜਨੀਤਿਕ ਅਤੇ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ।
ਪ੍ਰਧਾਨ ਮੰਤਰੀ ਦਫਤਰ ਨੇ ਅੱਗੇ ਕਿਹਾ ਹੈ ਕਿ ‘‘ਭਾਰਤ ਇੰਡੋ-ਪੈਸੀਫਿਕ ਵਿੱਚ ਇੱਕ ਮਹੱਤਵਪੂਰਨ ਸ਼ਕਤੀ ਹੈ ਅਤੇ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਇਸ ਬਾਰੇ ਚਰਚਾ ਕਰਾਂਗਾ ਕਿ ਅਸੀਂ ਆਪਣੇ ਖੇਤਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਬਣਾਈ ਰੱਖਣ ਲਈ ਇਕੱਠੇ ਹੋਰ ਕੀ ਕਰ ਸਕਦੇ ਹਾਂ।” ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਇਸਦੇ ਤੀਜੇ ਨੰਬਰ ਉਤੇ ਪੁੱਜਣ ਦੀ ਉਮੀਦ ਹੈ। ਸ਼੍ਰੀ ਲਕਸਨ ਦਾ ਕਹਿਣਾ ਹੈ ਕਿ ਇੱਕ ਸੀਨੀਅਰ ਵਪਾਰਕ ਵਫ਼ਦ ਨਾਲ ਯਾਤਰਾ ਕਰਨ ਨਾਲ ਵਪਾਰ ਅਤੇ ਵਪਾਰਕ ਮੌਕਿਆਂ ਨੂੰ ਵਧਾਉਣ ਵਿੱਚ ਮਦਦ ਮਿਲੇਗੀ ਅਤੇ ਨਿਊਜ਼ੀਲੈਂਡ ਨੂੰ ਨਿਵੇਸ਼ ਸਥਾਨ ਵਜੋਂ ਉਤਸ਼ਾਹਿਤ ਕੀਤਾ ਜਾਵੇਗਾ।’’