ਨਵੇਂ ਦੇਸੀ ਵਰ੍ਹੇ 'ਤੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ 13 ਮਾਰਚ ਨੂੰ ਰਾਏਕੋਟ 'ਚ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 11 ਮਾਰਚ 2025 - ਇਤਿਹਾਸਕ ਸ਼ਹਿਰ ਰਾਏਕੋਟ ਦੀ ਪਵਿੱਤਰ ਧਰਤੀ 'ਤੇ ਨਵੇਂ ਦੇਸੀ ਵਰ੍ਹੇ ਦੇ ਮੌਕੇ 'ਤੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ (ਰਜਿ.), ਰਾਏਕੋਟ ਦੇ ਭਰਪੂਰ ਸਹਿਯੋਗ ਸਦਕਾ ਇਸ ਵਾਰ ਵੀ ਗੁਰਦੁਆਰਾ ਗੁਰੂ ਰਵਿਦਾਸ ਭਗਤ ਜੀ, ਜਗਰਾਓਂ ਰੋਡ, ਰਾਏਕੋਟ ਵਿਖੇ ਗੁਰਮਤਿ ਸਮਾਗਮ 13 ਮਾਰਚ, ਦਿਨ ਵੀਰਵਾਰ ਨੂੰ ਸ਼ਾਮ 6.30 ਵਜੇ(ਭਾਰਤੀ ਸਮੇਂ ਅਨੁਸਾਰ)ਤੋਂ ਰਾਤ 10.30 ਵਜੇ ਤੱਕ ਕਰਵਾਇਆ ਜਾ ਰਿਹਾ ਹੈ।
ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਭਗਤ ਰਵਿਦਾਸ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ 'ਤੇ ਪ੍ਰੈੱਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਬਾਣੀ ਦੇ ਮਹਾਂ ਵਾਕ "ਕਲਯੁਗ ਮਹਿ ਕੀਰਤਨ ਪਰਧਾਨਾ, ਗੁਰਮਖਿ ਜਪੀਐ ਲਾਇ ਧਿਆਨਾ" ਅਨੁਸਾਰ ਰੂਹਾਨੀ ਕਥਾ ਤੇ ਕੀਰਤਨ ਦਰਬਾਰ (ਗੁਰਮਤਿ ਸਮਾਗਮ)ਕਰਕੇ ਨਵਾਂ ਦੇਸੀ ਸਾਲ ਗੁਰੂ ਜੀ ਦੇ ਨਾਲ ਮਨਾਇਆ ਜਾ ਰਿਹਾ ਹੈ।
ਇਸ ਧਾਰਮਿਕ ਸਮਾਗਮ ਸਬੰਧੀ ਪ੍ਰਾਪਤ ਵੇਰਵਿਆਂ ਅਨੁਸਾਰ ਲੱਗਭਗ 4 ਘੰਟੇ ਚੱਲਣ ਵਾਲੇ ਇਸ ਗੁਰਮਤਿ ਸਮਾਗਮ ਮੌਕੇ ਭਾਈ ਸੁਖਵਿੰਦਰ ਸਿੰਘ ਗੋਂਦਵਾਲ(ਰਾਏਕੋਟ ਵਾਲੇ) ਹਜ਼ੂਰੀ ਰਾਗੀ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਗੋਂਦਵਾਲ/ ਸਰਗਮ ਮਿਊਜ਼ਿਕ ਅਕੈਡਮੀ ਰਾਏਕੋਟ ਦੇ ਵਿਦਿਆਰਥੀਆਂ ਦਾ ਕੀਰਤਨੀ ਜੱਥੇ/ ਭਾਈ ਪਲਵਿੰਦਰ ਸਿੰਘ ਜੀ(ਹੈੱਡ ਗ੍ਰੰਥੀ) ਗੁਰਦੁਆਰਾ ਸ਼ਹੀਦ ਬਾਬਾ ਜ਼ੋਰਾਵਰ ਸਿੰਘ ਜੀ-ਬਾਬਾ ਫ਼ਤਹਿ ਸਿੰਘ ਜੀ, ਰਾਏਕੋਟ/ ਭਾਈ ਅਮਨਦੀਪ ਸਿੰਘ ਚੀਮਾ ਦੇ ਪ੍ਰਸਿੱਧ ਕੀਰਤਨੀ ਜੱਥਿਆਂ ਵੱਲੋਂ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਸਿੱਖ ਪੰਥ ਦੇ ਇੰਟਰਨੈਸ਼ਨਲ ਕਥਾ ਵਾਚਕ ਭਾਈ ਦਰਸ਼ਨ ਸਿੰਘ ਜੱਟਪੁਰਾ ਵਾਲੇ ਗੁਰਮਤਿ ਅਨੁਸਾਰ ਕਥਾ ਵਖਿਆਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਜੋੜਨਗੇ।
ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਗੁਰੂ ਰਵਿਦਾਸ ਭਗਤ ਜੀ ਦੀ ਪ੍ਰਬੰਧਕ ਕਮੇਟੀ ਨੇ ਇਸ ਸਾਲਾਨਾ ਧਾਰਮਿਕ ਸਮਾਗਮ ਨੂੰ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਨਾਲ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਇੱਕ ਮੀਟਿੰਗ ਵੀ ਕੀਤੀ, ਜਿਸ 'ਚ ਅਹਿਮ ਵਿਚਾਰਾਂ ਕੀਤੀਆਂ ਗਈਆਂ। ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਸਮਾਗਮ ਮੌਕੇ ਵੱਡੀ ਗਿਣਤੀ 'ਚ ਹਾਜ਼ਰੀਆਂ ਭਰਕੇ ਸਮਾਗਮ ਦੀ ਰੌਣਕ ਨੂੰ ਵਧਾਉਂਦਿਆਂ/ਹਰਜਸ ਲਾਹਾ ਪ੍ਰਾਪਤ ਕਰਨ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ। ਇਸ ਮੌਕੇ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।