ਡਿਲੀਵਰੀ ਪੁਆਇੰਟਾਂ 'ਤੇ ਹੀ ਨਵਜੰਮੇ ਬੱਚੇ ਦੀ ਪੂਰੀ ਤਰ੍ਹਾਂ ਡਾਕਟਰੀ ਜਾਂਚ ਕਰਨਾ ਸੁਨਿਸ਼ਚਿਤ ਕੀਤਾ ਜਾਵੇ: ਸਿਵਲ ਸਰਜਨ ਡਾ. ਗੁਰਮੀਤ ਲਾਲ
- ਨਵਜੰਮੇ ਬੱਚਿਆਂ 'ਚ ਜਮਾਂਦਰੂ ਨੁਕਸਾਂ ਦੀ ਪਛਾਣ ਲਈ ਡਿਲੀਵਰੀ ਪੁਆਇੰਟਾ 'ਤੇ ਤੈਨਾਤ ਮੈਡੀਕਲ ਅਫ਼ਸਰਾਂ ਅਤੇ ਸਟਾਫ ਨਰਸਾਂ ਨੂੰ ਦਿੱਤੀ ਗਈ ਟ੍ਰੇਨਿੰਗ
ਜਲੰਧਰ (10.02.2025): ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਅਗਵਾਈ ਹੇਠ ਕਾਨਫਰੰਸ ਹਾਲ ਨਰਸਿੰਗ ਸਕੂਲ ਜਲੰਧਰ ਵਿਖੇ ਸੋਮਵਾਰ ਨੂੰ ਨਵਜੰਮੇ ਬੱਚਿਆਂ 'ਚ ਜਮਾਂਦਰੂ ਨੁਕਸਾਂ ਦੀ ਪਛਾਣ ਲਈ ਡਿਲੀਵਰੀ ਪੁਆਇੰਟਾ 'ਤੇ ਤੈਨਾਤ ਮੈਡੀਕਲ ਅਫ਼ਸਰਾਂ ਅਤੇ ਸਟਾਫ ਨਰਸਾਂ ਲਈ ਇਕ ਰੋਜਾ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਟ੍ਰੇਨਿੰਗ ਦੀ ਸ਼ੁਰੂਆਤ ਕਰਦਿਆਂ ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਜਮਾਂਦਰੂ ਨੁਕਸਾਂ ਦੀ ਪਛਾਣ ਲਈ ਸਿਹਤ ਸੰਸਥਾਵਾਂ ਦੇ ਡਿਲੀਵਰੀ ਪੁਆਇੰਟਾਂ 'ਤੇ ਹੀ ਡਿਲੀਵਰੀ ਹੋਣ ਸਮੇਂ ਅਤੇ ਹਸਪਤਾਲ ਤੋਂ ਡਿਸਚਾਰਜ (ਛੁੱਟੀ) ਮਿਲਣ ਤੋਂ ਪਹਿਲਾਂ ਬੱਚੇ ਦੀ ਪੂਰੀ ਤਰ੍ਹਾਂ ਡਾਕਟਰੀ ਜਾਂਚ ਕਰਵਾਉਣਾ ਸੁਨਿਸ਼ਚਿਤ ਕੀਤਾ ਜਾਵੇ ਤਾਂ ਜੋ ਜਮਾਂਦਰੂ ਨੁਕਸ ਹੋਣ ਦੀ ਸਥਿਤੀ ਵਿੱਚ ਬੱਚੇ ਨੂੰ ਆਰ.ਬੀ.ਐਸ.ਕੇ. ਤਹਿਤ ਮੁਫ਼ਤ ਇਲਾਜ ਦੀ ਸੁਵਿਧਾ ਦਾ ਲਾਭ ਮਿਲ ਸਕੇ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਯਕ੍ਰਮ (ਆਰ.ਬੀ.ਐਸ.ਕੇ.) ਦੇ ਅੰਤਰਗਤ ਬੱਚਿਆਂ ਦੀਆਂ 30 ਤਰ੍ਹਾਂ ਦੀਆਂ ਬੀਮਾਰੀਆਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਨਵਜੰਮੇ ਬੱਚਿਆਂ ਦੀ ਸਕਰੀਨਿੰਗ ਬਹੁਤ ਮਹੱਤਵਪੂਰਨ ਅਤੇ ਜਰੂਰੀ ਹੈ, ਇਸ ਦੇ ਨਾਲ ਬੱਚਿਆਂ ਵਿੱਚ ਜਮਾਂਦਰੂ ਨੁਕਸਾਂ ਦੀ ਸਮੇਂ ਸਿਰ ਪਛਾਣ ਕਰਨ ਅਤੇ ਸ਼ੁਰੂਆਤੀ ਇਲਾਜ ਪ੍ਰਬੰਧਨ ਪੂਰਾ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਨੇ ਸਟਾਫ ਨੂੰ ਗਰਭਵਤੀ ਔਰਤਾਂ, ਨਵਜੰਮੇ ਬੱਚਿਆਂ ਦੀਆਂ ਮਾਂਵਾਂ ਅਤੇ ਉਨ੍ਹਾਂ ਦੇ ਸੰਬੰਧੀਆਂ ਨੂੰ ਨਵਜੰਮੇ ਬੱਚਿਆਂ ਦੀ ਮੁੱਢਲੀ ਦੇਖਭਾਲ ਨੂੰ ਤਰਜੀਹ ਦੇਣ ਲਈ ਪ੍ਰੇਰਿਤ ਕੀਤਾ।
ਟ੍ਰੇਨਿੰਗ ਸੈਸ਼ਨ ਦੌਰਾਨ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਰਿਸ਼ੀ ਮਾਰਕੰਡਾ ਵੱਲੋਂ ਦੱਸਿਆ ਗਿਆ ਕਿ ਨਵਜੰਮੇ ਬੱਚਿਆਂ 'ਚ 9 ਤਰ੍ਹਾਂ ਦੀਆਂ ਜਮਾਂਦਰੂ ਬਿਮਾਰੀਆਂ ਰੀੜ੍ਹ ਦੀ ਹੱਡੀ ਵਿੱਚ ਸੋਜ ਜਾ ਫੋੜਾ, ਡਾਉਨ ਸਿਨਡ੍ਰੋਮ, ਖੰਡਾ (ਕਲੈਫਟ ਲਿਪ ਅਤੇ ਕਲੈਫਟ ਪੈਲੇਟ), ਟੇਢੇ ਪੈਰ, ਚੂਲੇ ਦਾ ਠੀਕ ਤਰ੍ਹਾਂ ਵਿਕਸਤ ਨਾ ਹੋਣਾ, ਜਮਾਂਦਰੂ ਬੋਲਾਪਣ, ਜਮਾਂਦਰੂ ਦਿਲ ਦੀਆਂ ਬਿਮਾਰੀਆਂ, ਜਮਾਂਦਰੂ ਚਿੱਟਾ ਮੋਤੀਆ ਅਤੇ ਸਮੇਂ ਤੋਂ ਪਹਿਲੇ ਜੰਮੇ ਬੱਚਿਆਂ ਵਿੱਚ ਅੱਖਾਂ ਦੇ ਪਰਦੇ ਦਾ ਨੁਕਸ ਦੀ ਸਕ੍ਰੀਨਿੰਗ (ਸਿਹਤ ਜਾਂਚ) ਸਿਹਤ ਸੰਸਥਾਵਾਂ ਵਿਖੇ ਹਰ ਡਿਲੀਵਰੀ ਪੁਆਇੰਟ 'ਤੇ ਕੀਤੀ ਜਾਵੇ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਆਰ.ਬੀ.ਐਸ.ਕੇ. ਕੋਆਰਡੀਨੇਟਰ ਪਰਮਵੀਰ ਝੱਮਟ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।