ਯਾਦਗਾਰ ਹੋ ਨਿਬੜਿਆ ਹਾਕੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਕਰਵਾਇਆ ਚੌਥਾ ਦੋ ਰੋਜਾ ਹਾਕੀ ਟੂਰਨਾਮੈਂਟ
- ਹਾਕੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਨੇ ਜਿੱਤਿਆ ਟੂਰਨਾਮੈਂਟ, ਦੂਜੇ ਨੰਬਰ 'ਤੇ ਰਿਹਾ ਪਟਿਆਲਾ
- ਗੁਰਤੇਜ ਸਿੰਘ ਸਰਬੋਤਮ ਖਿਡਾਰੀ ਤੇ ਸਹਿਜਪ੍ਰੀਤ ਸਰਬੋਤਮ ਗੋਲਕੀਪਰ ਚੁਣਿਆ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ,2025 - ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਰਵਾਇਆ ਗਿਆ ਚੋਥਾ ਦੋ ਰੋਜ਼ਾ 6 ਏ ਸਾਈਡ ਹਾਕੀ ਟੂਰਨਾਮੈਂਟ ਯਾਦਗਾਰ ਹੋ ਨਿਬੜਿਆ। ਇਸ ਟੂਰਨਾਮੈਂਟ ਦੇ ਦੂਜੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਜੋਗਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਤੇ ਪ੍ਰੈਸ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਨਿੱਕੂਵਾਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਉਥੇ ਹੀ ਟੂਰਨਾਮੈਂਟ ਦੇ ਪਹਿਲੇ ਦਿਨ ਓਲੰਪੀਅਨ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ ਮੁੱਖ ਮਹਿਮਾਨ ਵਜੋਂ ਅਤੇ ਮਾਰਕੀਟ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਕਮਿਕਰ ਸਿੰਘ ਢਾਡੀ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।
ਇਸ ਟੂਰਨਾਮੈਂਟ ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 32 ਦੇ ਕਰੀਬ ਟੀਮਾਂ ਵੱਲੋਂ ਭਾਗ ਲਿਆ ਗਿਆ, ਜਿਨਾਂ ਦੇ ਦੋ ਦਿਨਾਂ ਚ ਫਸਵੇਂ ਮੁਕਾਬਲੇ ਹੋਏ। ਇਸ ਦੌਰਾਨ ਗੋਬਿੰਦ ਵੈਲੀ ਰੋਪੜ ਅਤੇ ਪਟਿਆਲਾ ਦੀ ਟੀਮਾਂ ਵਿਚਕਾਰ ਪਹਿਲਾ ਸੈਮੀ-ਫਾਈਨਲ ਅਤੇ ਸ੍ਰੀ ਅਨੰਦਪੁਰ ਸਾਹਿਬ ਅਤੇ ਰਾਮਪੁਰ 'ਏ' ਟੀਮਾਂ ਵਿਚਕਾਰ ਦੂਜਾ ਸੈਮੀਫਾਈਨਲ ਹੋਇਆ। ਜਿਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਅਤੇ ਪਟਿਆਲਾ ਦੀਆਂ ਟੀਮਾਂ ਵਿਚਕਾਰ ਫਾਈਨਲ ਮੁਕਾਬਲਾ ਹੋਇਆ। ਇਸ ਦੌਰਾਨ ਹਾਕੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਪਹਿਲਾ ਸਥਾਨ ਹਾਸਿਲ ਕੀਤਾ ਗਿਆ ਜਦਕਿ ਪਟਿਆਲਾ ਟੀਮ ਨੇ ਟੂਰਨਾਮੈਂਟ ਚ ਦੂਜਾ ਸਥਾਨ ਹਾਸਿਲ ਕੀਤਾ ਹੈ। ਇਸ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਗੁਰਤੇਜ ਸਿੰਘ ਘੋਨਾ ਨੂੰ ਚੁਣਿਆ ਗਿਆ ਤੇ ਸਰਬੋਤਮ ਗੋਲ ਕੀਪਰ ਸਹਿਜਪ੍ਰੀਤ ਸਿੰਘ ਨੂੰ ਚੁਣਿਆ ਗਿਆ। ਇਸ ਦੌਰਾਨ ਛੋਟੇ ਬੱਚਿਆਂ ਦਾ ਪ੍ਰਦਰਸ਼ਨੀ ਮੈਚ ਵੀ ਕਰਵਾਇਆ ਗਿਆ।
ਇਸ ਦੌਰਾਨ ਮੁੱਖ ਮਹਿਮਾਨ ਹੈੱਡ ਗ੍ਰੰਥੀ ਜੋਗਿੰਦਰ ਸਿੰਘ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਅਤੇ ਬੱਚਿਆਂ ਦੇ ਲਈ ਅੱਜ ਬਹੁਤ ਜਰੂਰੀ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜਿੱਥੇ ਇਹ ਸਰੀਰ ਨੂੰ ਫਿਟ ਰੱਖਦੀਆਂ ਹਨ ਤਾਂ ਉੱਥੇ ਹੀ ਨੌਜਵਾਨਾਂ ਨੂੰ ਖੇਡਾਂ ਦੇ ਖੇਤਰ ਚ ਆਪਣੀ ਪਹਿਚਾਣ ਬਣਾਉਣ 'ਚ ਸਹਾਈ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਹਾਕੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਦੇ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਇਹ ਹਾਕੀ ਟੂਰਨਾਮੈਂਟ ਸ਼ਲਾਘਾਯੋਗ ਉਪਰਾਲਾ ਹੈ, ਜੋ ਬੱਚਿਆਂ ਅਤੇ ਨੌਜਵਾਨਾਂ ਨੂੰ ਅੱਗੇ ਵਧਣ ਦਾ ਮੌਕਾ ਦੇ ਰਿਹਾ ਹੈ। ਇਸ ਦੌਰਾਨ ਵਿਸ਼ੇਸ਼ ਮਹਿਮਾਨ ਜਰਨੈਲ ਸਿੰਘ ਨਿੱਕੂਵਾਲ ਵਲੋਂ ਵੀ ਬੱਚਿਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਗਿਆ।
ਉਥੇ ਹੀ ਹਾਕੀ ਕਲੱਬ ਦੇ ਕੋਚ ਕਮਲਪ੍ਰੀਤ ਸਿੰਘ ਮੱਟੂ ਨੇ ਦੱਸਿਆ ਕਿ ਚੋਥਾ ਦੋ ਰੋਜ਼ਾ 6 ਏ ਸਾਈਡ ਹਾਕੀ ਟੂਰਨਾਮੈਂਟ ਹਾਕੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਕਰਵਾਇਆ ਗਿਆ ਹੈ। ਜਿਸ ਚ 32 ਟੀਮਾਂ ਨੇ ਭਾਗ ਲਿਆ ਤੇ ਹਾਕੀ ਕਲੱਬ ਸ੍ਰੀ ਅਨੰਦਪੁਰ ਸਾਹਿਬ ਨੇ ਪਹਿਲਾ ਸਥਾਨ ਅਤੇ ਪਟਿਆਲਾ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਕਲੱਬ ਮੈਂਬਰਾਂ, ਕਲੱਬ ਚ ਖੇਡਦੇ ਬੱਚਿਆਂ ਦੇ ਮਾਪਿਆਂ ਅਤੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਕਰਵਾਇਆ ਗਿਆ ਹੈ, ਜੋ ਸਫਲਤਾਪੂਰਵਕ ਸਿਰੇ ਲੱਗਿਆ ਹੈ। ਉਨ੍ਹਾਂ ਕਿਹਾ ਕਿ ਕਲੱਬ ਵਲੋਂ ਅੱਗੇ ਵੀ ਇਹ ਉਪਰਾਲਾ ਜਾਰੀ ਰੱਖਿਆ ਜਾਵੇਗਾ ਤਾਂ ਜੋ ਸਾਡੇ ਨੌਜਵਾਨ ਤੇ ਬੱਚੇ ਜਿੱਥੇ ਨਸ਼ਿਆਂ ਤੋਂ ਦੂਰ ਰਹਿ ਸਕਣ, ਉਥੇ ਹੀ ਦੇਸ਼ ਲਈ ਖੇਡ ਕੇ ਆਪਣੇ ਮਾਪਿਆਂ, ਇਲਾਕੇ ਅਤੇ ਸੂਬੇ ਦਾ ਨਾਮ ਵੀ ਚਮਕਾ ਸਕਣ। ਇਸ ਦੇ ਨਾਲ ਹੀ ਕੋਚ ਕਮਲਪ੍ਰੀਤ ਮੱਟੂ ਨੇ ਦੱਸਿਆ ਕਿ ਆਸਰਾ ਫਾਊਂਡੇਸ਼ਨ ਦਾ ਵੀ ਵਿਸ਼ੇਸ਼ ਸਹਿਯੋਗ ਰਹਿੰਦਾ ਹੈ। ਇਸ ਦੌਰਾਨ ਕੈਪਟਨ ਤਰਸੇਮ ਸਿੰਘ, ਐਡਵੋਕੇਟ ਵਿਸ਼ਾਲ ਸੈਣੀ, ਡਾ. ਰਵਿੰਦਰ ਸਿੰਘ ਰੇਖੀ, ਡਾ. ਸੁਰੇਂਦਰ ਸ਼ਰਮਾ, ਡਾ. ਬਲਜੀਤ ਸਿੰਘ ਚਾਨਾ, ਤਜਿੰਦਰ ਸਿੰਘ, ਮਨਿੰਦਰ ਸਿੰਘ, ਜਸਵਿੰਦਰ ਸਿੰਘ, ਤਰਨਜੀਤ ਸਿੰਘ, ਕੁਲਦੀਪ ਪਰਮਾਰ, ਮਨਿੰਦਰ ਸਿੰਘ ਰਾਣਾ, ਡਾ. ਵੀਰਪਾਲ ਸਿੰਘ, ਮਾ ਜਸਕਰਨ ਸਿੰਘ, ਐਡਵੋਕੇਟ ਜਗਵੰਗਤ ਸਿੰਘ ਮੀਆਂਪੁਰੀ, ਗਗਨ ਪੁਰੀ, ਕੁਲਤਾਰ ਸਿੰਘ ਮੀਆਂਪੁਰੀ, ਅਮਰਜੀਤ ਸਿੰਘ, SI ਹਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਗੁਰਮੁੱਖ ਸਿੰਘ, ਹਰਮਿੰਦਰ ਸਿੰਘ, ਸੁਖਦੇਵ ਸਿੰਘ ਬੰਟੀ, ਨਵਜੋਤ ਸਿੰਘ, ਰਜਤ ਬੇਦੀ ਆਦਿ ਕਲੱਬ ਮੈਂਬਰ ਅਤੇ ਵੱਡੀ ਗਿਣਤੀ ਚ ਇਲਾਕਾ ਵਾਸੀ ਹਾਜ਼ਰ ਸਨ।