ਸ੍ਰੀ ਗੁਰੂ ਰਵੀਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜਰ ਸਿਹਤ ਵਿਭਾਗ ਵੱਲੋਂ ਕੰਟਰੋਲ ਰੂਮ ਹੈਲਪਲਾਈਨ ਨੰਬਰ ਜਾਰੀ
- ਸ਼ੋਭਾਯਾਤਰਾ ਦੌਰਾਨ 8 ਚੋਕਾਂ 'ਤੇ ਅਤੇ ਪ੍ਰਕਾਸ਼ ਪੁਰਬ ਮੌਕੇ 3 ਚੌਕਾਂ 'ਤੇ ਐਮਰਜੈਂਸੀ ਸੇਵਾਵਾਂ ਲਈ ਮੈਡੀਕਲ ਟੀਮਾਂ ਤੈਨਾਤ ਰਹਿਣਗਿਆਂ: ਸਿਵਲ ਸਰਜਨ ਡਾ. ਗੁਰਮੀਤ ਲਾਲ
ਜਲੰਧਰ (07.12.2025): ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮਿਤੀ 12 ਫਰਵਰੀ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਜਿਸਦੇ ਸੰਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਮਿਤੀ 11 ਫਰਵਰੀ, 2025 ਨੂੰ ਜਲੰਧਰ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ। ਇਸ ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਣਗੇ। ਇਸ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਜਲੰਧਰ ਵੱਲੋਂ ਸਿਹਤ ਸੇਵਾਵਾਂ ਦੇਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 11 ਫਰਵਰੀ 2025 ਨੂੰ ਸਿਹਤ ਵਿਭਾਗ ਵੱਲੋਂ 8 ਮੈਡੀਕਲ ਟੀਮਾਂ ਦੀ ਡਿਊਟੀ 108 ਐਂਬੂਲੈਂਸਾਂ ਨਾਲ ਜਲੰਧਰ ਦੇ 8 ਮੁੱਖ ਚੌਕਾ ਵਡਾਲਾ ਚੌਕ, ਰਵਿਦਾਸ ਧਾਮ, ਨਕੋਦਰ ਚੌਕ, ਜਯੋਤੀ ਚੌਕ, ਰਾਮ ਚੋਕ, ਮਿਲਾਪ ਚੋਕ, ਪਟੇਲ ਚੋਕ ਅਤੇ ਸਬਜੀ ਮੰਡੀ ਚੋਕ ਵਿਖੇ ਲਗਾਈ ਗਈ ਹੈ। ਇਸ ਦੇ ਨਾਲ ਹੀ ਗੁਰੂ ਰਵਿਦਾਸ ਮੰਦਿਰ, ਬੂਟਾ ਮੰਡੀ ਵਿਖੇ ਮਿਤੀ 11 ਅਤੇ 12 ਫਰਵਰੀ ਨੂੰ ਮੈਡੀਕਲ ਟੀਮਾਂ ਅਤੇ 108 ਐਂਬੂਲੈਸ 24 ਘੰਟੇ ਤੈਨਾਤ ਰਹਿਣਗੀਆਂ।
ਸਿਵਲ ਸਰਜਨ ਨੇ ਦੱਸਿਆ ਕਿ 9 ਫਰਵਰੀ ਨੂੰ ਇੱਕ ਮੈਡੀਕਲ ਟੀਮ ਵਾਰਾਨਸੀ ਲਈ ਰਵਾਨਾ ਹੋਣ ਵਾਲੀ ਵਿਸ਼ੇਸ ਟ੍ਰੇਨ ਦੇ ਮੱਦੇਨਜਰ ਜਲੰਧਰ ਰੇਲਵੇ ਸਟੇਸ਼ਨ 'ਤੇ ਸਵੇਰੇ 8 ਵਜੇ ਤੋਂ 1:30 ਵਜੇ ਤੱਕ ਅਤੇ ਇੱਕ ਮੈਡੀਕਲ ਟੀਮ ਟ੍ਰੇਨ ਦੇ ਵਿੱਚ ਸੰਗਤ ਦੇ ਨਾਲ ਤੈਨਾਤ ਰਹੇਗੀ। ਉਨ੍ਹਾਂ ਦੱਸਿਆ ਕਿ ਮਿਤੀ 12 ਫਰਵਰੀ 2025 ਨੂੰ ਹੋਣ ਵਾਲੇ ਧਾਰਮਿਕ ਸਮਾਗਮਾਂ ਦੌਰਾਨ ਭਾਰੀ ਗਿਣਤੀ ਵਿੱਚ ਸ਼ਰਧਾਲੂ ਸ਼ਾਮਲ ਹੋਣਗੇ। ਇਸਦੇ ਮੱਦੇਨਜਰ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਜਲੰਧਰ ਦੇ ਨਕੋਦਰ ਚੌਕ, ਰਵਿਦਾਸ ਚੌਕ ਅਤੇ ਬਬਰੀਕ ਚੌਕ ਵਿਖੇ ਮੈਡੀਕਲ ਟੀਮ ਅਤੇ 108 ਐਂਬੂਲੈਂਸ ਉਪਲੱਬਧ ਰਹੇਗੀ ਅਤੇ ਪਿਮਸ ਹਸਪਤਾਲ, ਆਰਥੋਨੋਵਾ ਹਸਪਤਾਲ ਅਤੇ ਸਿਵਲ ਹਸਪਤਾਲ ਜਲੰਧਰ ਵਿਖੇ ਟਰੋਮਾ ਸੈਂਟਰ ਬਣਾਏ ਗਏ ਹਨ। ਮੈਡੀਕਲ ਟੀਮਾਂ ਨੋਡਲ ਅਫ਼ਸਰ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ ਦੀ ਸੁਪਰਵਿਜ਼ਨ ਵਿੱਚ ਤੈਨਾਤ ਰਹਿਣਗਿਆਂ, ਜਿਨ੍ਹਾਂ ਨਾਲ ਮੋਬਾਈਲ ਨੰਬਰ - 89683-87579 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਐਮਰਜੈਂਸੀ ਦੌਰਾਨ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਹੈਲਪਲਾਈਨ 0181-5083336 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।