ਸੈਂਟਰ ਆਫ ਐਕਸੀਲੈਂਸ ਲਈ ਵਾਲੀਬਾਲ ਦੇ ਟ੍ਰਾਇਲ ਪਿੰਡ ਟੱਪਰੀਆਂ ਵਿਖੇ 13 ਫਰਵਰੀ ਨੂੰ - ਜ਼ਿਲ੍ਹਾ ਖੇਡ ਅਫ਼ਸਰ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 07 ਫਰਵਰੀ,2025 - ਸਾਲ 2025-26 ਦੌਰਾਨ ਪੀ.ਆਈ.ਐਸ ਵਿਚ ਸਥਾਪਿਤ 13 ਸੈਂਟਰ ਆਫ ਐਕਸੀਲੈਂਸ ਲਈ ਰੈਜ਼ੀਡੈਂਸ਼ੀਅਲ ਵਿੰਗਾਂ ਦੇ ਖਿਡਾਰੀਆਂ ਦੇ ਦਾਖ਼ਲੇ ਲਈ ਵੱਖ-ਵੱਖ ਜ਼ਿਲ੍ਹਿਆਂ ਵਿਚ ਸਿਲੈਕਸ਼ਨ ਟ੍ਰਾਇਲ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ ਵੰਦਨਾ ਚੌਹਾਨ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਲਾਚੌਰ ਦੇ ਪਿੰਡ ਟੱਪਰੀਆਂ ਵਿਖੇ ਵਾਲੀਬਾਲ (ਲੜਕੇ) ਉਮਰ ਵਰਗ 14, 17 ਅਤੇ 19 ਦੇ ਟ੍ਰਾਇਲ ਮਿਤੀ 13 ਫਰਵਰੀ 2025 ਨੂੰ ਕਰਵਾਏ ਜਾਣਗੇ।
ਇਨ੍ਹਾਂ ਟ੍ਰਾਇਲਾਂ ਲਈ ਖਿਡਾਰੀਆਂ ਦੀ ਯੋਗਤਾ ਅਤੇ ਸ਼ਰਤਾਂ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਟ੍ਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀ ਸਵੇਰੇ 8.30 ਵਜੇ ਨਿਸ਼ਚਿਤ ਸਥਾਨ 'ਤੇ ਰਿਪੋਰਟ ਕਰਨਗੇ। ਉਨ੍ਹਾਂ ਕਿਹਾ ਕਿ ਭਾਗ ਲੈਣ ਵਾਲੇ ਖਿਡਾਰੀ ਆਪਣੇ ਨਾਲ ਪੰਜਾਬ ਰਾਜ ਦੇ ਵਸਨੀਕ ਹੋਣ ਦਾ ਸਬੂਤ, ਜਿਵੇਂ ਕਿ ਆਧਾਰ ਕਾਰਡ, ਵੋਟਰ ਕਾਰਡ, ਜਨਮ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਦੀਆਂ ਫੋਟੋਆਂ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਟ੍ਰਾਇਲਾਂ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕੋਈ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ ਉਨ੍ਹਾਂ ਖਿਡਾਰੀਆਂ ਨੂੰ ਵੱਧ-ਚੜ੍ਹ ਕੇ ਇਨ੍ਹਾਂ ਟ੍ਰਾਇਲਾਂ ਵਿਚ ਭਾਗ ਲੈਣ ਦੀ ਅਪੀਲ ਕੀਤੀ ਹੈ।