ਸਰਕਾਰਾਂ ਅਮਰੀਕਾ ਤੋਂ ਡਿਪੋਰਟ ਨੌਜਵਾਨਾਂ ਦੇ ਮੁੜ ਵਸੇਬੇ ਲਈ ਕਰਨ ਯਤਨ - ਬ੍ਰਹਮਪੁਰਾ,ਸ਼ੇਖ
- ਮਾਨ ਸਰਕਾਰ ਨੌਜਵਾਨਾਂ ਦੇ ਆਰਥਿਕ ਪੱਖੋਂ ਹੋਏ ਨੁਕਸਾਨ ਦੀ ਭਰਪਾਈ ਕਰੇ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,21 ਫ਼ਰਵਰੀ 2025 - ਅਮਰੀਕਾ 'ਚੋਂ ਲਗਾਤਾਰ ਡਿਪੋਰਟ ਕਰਕੇ ਭੇਜੇ ਜਾ ਰਹੇ ਨੌਜਵਾਨਾਂ ਦੇ ਹੱਕ 'ਚ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਾਰੇ ਜਾ ਰਹੇ ਨੌਜਵਾਨਾਂ ਨੂੰ ਗਲਵਕੜੀ ‘ਚ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਅਤੇ ਇਕ ਕੇਂਦਰੀ ਮੰਤਰੀ ਗਏ ਚੰਗੀ ਗੱਲ ਹੈ,ਪਰ ਕੇਵਲ ਹਮਦਰਦੀ ਦਿਖਾਉਣ ਨਾਲ ਕੁਝ ਨਹੀਂ ਹੋਣਾ ਸਗੋਂ ਸਰਕਾਰਾਂ ਨੂੰ ਇਨ੍ਹਾਂ ਨੌਜਵਾਨਾਂ ਦੇ ਮੁੜ ਵਸੇਬੇ ਲਈ ਯਤਨ ਆਰੰਭਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਵਾਪਿਸ ਪਰਤੇ ਨੌਜਵਾਨਾਂ ਚੋਂ ਵਧੇਰੇ ਕਰਜਾ ਚੁੱਕ ਕੇ ਜਾਂ ਜਮੀਨਾਂ ਵੇਚ ਕੇ ਗਏ ਸਨ ਅਤੇ ਹੁਣ ਵਾਪਿਸ ਪਰਤਣ ਉਪਰੰਤ ਉਨ੍ਹਾਂ ‘ਤੇ ਘਰ ਦਾ ਗੁਜਾਰਾ ਚਲਾਉਣ ਦੇ ਨਾਲ-ਨਾਲ ਕਰਜਾ ਉਤਾਰਨ ਦਾ ਵੀ ਦਬਾਅ ਹੋਵੇਗਾ।
ਹੁਣ ਸਭ ਤੋਂ ਵੱਧ ਲੋੜ ਹੈ ਕਿ ਪੰਜਾਬ ਅਤੇ ਕੇਂਦਰ ਸਰਕਾਰ ਉਨ੍ਹਾਂ ਦੀ ਬਾਂਹ ਫੜੇ।