ਪੰਜਾਬੀ ਯੂਨੀਵਰਸਿਟੀ ਵਿਖੇ 'ਸਾਹਿਤ ਉਤਸਵ' ਦੇ ਚੌਥੇ ਦਿਨ ਵੱਖ-ਵੱਖ ਮੁੱਦਿਆਂ `ਤੇ ਹੋਈਆਂ ਵਿਚਾਰਾਂ
- ਹਾਸਰਸ ਕਵੀ ਦਰਬਾਰ ਨਾਲ਼ ਹੋਇਆ ਚੌਥੇ ਦਿਨ ਦਾ ਸਿਖ਼ਰ
ਪਟਿਆਲਾ, 21 ਫਰਵਰੀ 2025 - ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਯੂਨੀਵਰਸਿਟੀ ਦੇ ਭਾਸ਼ਾਵਾਂ ਨਾਲ਼ ਸਬੰਧਤ ਵਿਭਾਗਾਂ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਕੌੰਮਾਂਤਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ 'ਪੰਜ ਰੋਜ਼ਾ ਸਾਹਿਤ ਉਤਸਵ-2025' ਦੇ ਚੌਥੇ ਦਿਨ ਹੋਏ ਤਿੰਨ ਅਕਾਦਮਿਕ ਸੈਸ਼ਨਾਂ ਵਿੱਚ ਵੱਖ-ਵੱਖ ਮੁੱਦਿਆਂ ਉੱਤੇ ਵਿਚਾਰਾਂ ਹੋਈਆਂ। ਚੌਥੇ ਦਿਨ ਦਾ ਸਿਖ਼ਰ ਹਾਸਰਸ ਕਵੀ ਦਰਬਾਰ ਨਾਲ਼ ਹੋਇਆ।
ਇਸ ਮੌਕੇ ਹਾਜ਼ਰ ਹੋਏ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਵੱਲੋਂ ਵੱਖ-ਵੱਖ ਸੈਸ਼ਨਾਂ ਵਿੱਚ ਹਾਜ਼ਰ ਵਿਦਵਾਨਾਂ ਅਤੇ ਕਵੀਆਂ ਨੂੰ ਸਨਮਾਨਿਤ ਕੀਤਾ ਗਿਆ।
ਪਹਿਲੀ ਅਕਾਦਮਿਕ ਬੈਠਕ ਵਿੱਚ 'ਪੁਰਸ਼ਤਵ ਅਤੇ ਨਾਰੀਤਵ: ਮੂਲ ਦੀ ਤਲਾਸ਼' ਵਿਸ਼ੇ ਨੂੰ ਅਧਾਰ ਬਣਾ ਕੇ ਗੱਲ ਕੀਤੀ ਗਈ ਜਿਸ ਵਿੱਚ ਡਾ. ਰਵੇਲ ਸਿੰਘ ਅਤੇ ਰੇਨੂਕਾ ਸਿੰਘ ਵੱਲੋਂ ਸੰਵਾਦ ਰਚਾਇਆ ਗਿਆ। ਇਸ ਸੰਵਾਦ ਦੌਰਾਨ ਵੱਖ-ਵੱਖ ਨਾਰੀ ਸਰੋਕਾਰਾਂ ਅਤੇ ਪੁਰਸ਼ਤਵ ਦੀਆਂ ਵੱਖ-ਵੱਖ ਪਰਤਾਂ ਦੇ ਹਵਾਲੇ ਨਾਲ਼ ਗੱਲ ਕੀਤੀ ਗਈ।
ਦੂਜੀ ਬੈਠਕ ਦੌਰਾਨ 'ਪੰਜਾਬੀ ਭਾਸ਼ਾ ਦਾ ਭਵਿੱਖ: ਸੰਭਾਵਨਾਵਾਂ ਅਤੇ ਚੁਣੌਤੀਆਂ' ਬਾਰੇ ਗੱਲ ਕੀਤੀ ਗਈ। ਇਸ ਬੈਠਕ ਵਿੱਚ ਹੋਈ ਚਰਚਾ ਦੌਰਾਨ ਡਾ. ਜੋਗਾ ਸਿੰਘ, ਡਾ. ਬੂਟਾ ਸਿੰਘ ਬਰਾੜ, ਡਾ. ਸਰਬਜੀਤ ਸਿੰਘ ਅਤੇ ਡਾ. ਸਿਕੰਦਰ ਸਿੰਘ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿਦਵਾਨਾਂ ਨਾਲ਼ ਡਾ. ਰਾਜਵਿੰਦਰ ਸਿੰਘ ਵੱਲੋਂ ਸੰਵਾਦ ਰਚਾਇਆ ਗਿਆ। ਇਸ ਬੈਠਕ ਵਿੱਚ ਪੰਜਾਬੀ ਭਾਸ਼ਾ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ਨਾਲ਼ ਜੁੜੇ ਵੱਖ-ਵੱਖ ਪਹਿਲੂ ਵਿਚਾਰੇ ਗਏ।
ਚੌਥੇ ਦਿਨ ਦੀ ਤੀਜੀ ਬੈਠਕ 'ਪੰਜਾਬੀ ਰੰਗਮੰਚ ਦੀ ਪੰਜਾਬੀ ਭਾਸ਼ਾ ਨੂੰ ਦੇਣ' ਵਿਸ਼ੇ ਨੂੰ ਸਮਰਪਿਤ ਰਹੀ ਜਿਸ ਵਿੱਚ ਡਾ. ਸਤੀਸ਼ ਕੁਮਾਰ ਵਰਮਾ, ਸਾਹਿਬ ਸਿੰਘ ਅਤੇ ਕੀਰਤੀ ਕਿਰਪਾਲ ਨਾਲ਼ ਡਾ. ਗੁਰਸੇਵਕ ਲੰਬੀ ਵੱਲੋਂ ਸੰਵਾਦ ਰਚਾਇਆ ਗਿਆ।
ਹਾਸਰਸ ਕਵੀ ਦਰਬਾਰ ਵਿੱਚ ਵਰਿੰਦਰ ਜੇਤਵਾਨੀ ਲੁਧਿਆਣਾ, ਬਜਿੰਦਰ ਠਾਕੁਰ, ਅਮ੍ਰਿਤਪਾਲ ਕੌਫੀ, ਸਤੀਸ਼ ਧਵਨ, ਚਰਨ ਪੁਆਧੀ, ਸਤੀਸ਼ ਵਿਦਰੋਹੀ, ਪੰਡਤ ਸੋਮਨਾਥ ਰੋਡੇ, ਜਗਸੀਰ ਜੀਦਾ, ਸਾਧੂ ਰਾਮ ਲੰਗੇਆਣਾ, ਕੰਵਲਜੀਤ ਭੋਲ, ਦਵਿੰਦਰ ਗਿਲ, ਅਸ਼ਵਨੀ ਕੁਮਾਰ ਗੁਪਤਾ ਆਦਿ ਨੇ ਸ਼ਿਰਕਤ ਕੀਤੀ।