ਚਿਰਾਂ ਤੱਕ ਯਾਦ ਰਹੇਗਾ ਸਰਕਾਰੀ ਪ੍ਰਾਇਮਰੀ ਸਕੂਲ ਸ਼ਹਿਬਾਜ਼ਪੁਰਾ ਵਿਖੇ ਕਰਵਾਇਆ ਬਾਲ ਮੇਲਾ
ਬਾਲ ਮੇਲੇ 'ਚ ਬੱਚਿਆਂ ਅਤੇ ਮਾਪਿਆਂ ਨੇ ਵੱਡੀ ਗਿਣਤੀ 'ਚ ਬੜੇ ਚਾਅ ਅਤੇ ਖੁਸ਼ੀ ਨਾਲ ਭਾਗ ਲਿਆ
ਸਕੂਲ ਸਟਾਫ ਵੱਲੋਂ ਬਾਲ ਮੇਲੇ ਲਈ ਉਚੇਚੇ ਤੌਰ 'ਤੇ ਕੀਤੇ ਗਏ ਪ੍ਰਬੰਧ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 17 ਫਰਵਰੀ 2025 ਰਾਏਕੋਟ ਤੋਂ 5 ਕਿਲੋਮੀਟਰ ਦੀ ਦੂਰੀ 'ਤੇ ਵਸੇ ਪਿੰਡ ਸ਼ਹਿਬਾਜ਼ਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਸ਼੍ਰੀਮਤੀ ਰਵਿੰਦਰ ਕੌਰ, ਉਪ ਜਿਲਾ ਸਿੱਖਿਆ ਅਫਸਰ ਸ੍ਰੀ ਮਨੋਜ ਕੁਮਾਰ , ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਇਤਬਾਰ ਸਿੰਘ ਨੱਥੋਵਾਲ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਅਤੇ ਸੈਂਟਰ ਮੁੱਖ ਅਧਿਆਪਕ ਰਾਜਮਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਹੇਠ ਪ੍ਰੀ ਪ੍ਰਾਇਮਰੀ ਵਿੱਚ ਪੜ੍ਦੇ ਬੱਚਿਆਂ ਦਾ ਬਾਲ ਮੇਲਾ ਕਰਵਾਇਆ ਗਿਆ। ਜਿਸ ਵਿੱਚ ਪ੍ਰੀ ਪ੍ਰਾਇਮਰੀ ਵਿੱਚ ਪੜ੍ਹਦੇ ਸਮੁੱਚੇ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਨੇ ਭਾਗ ਲਿਆ ।
ਇਸ ਮੇਲੇ 'ਚ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਵੱਲੋਂ ਫੈਂਸੀ ਡ੍ਰੈਸ ਮੁਕਾਬਲੇ ਵਿੱਚ ਭਾਗ ਲੈਣ ਦੇ ਲਈ ਰੰਗ-ਬਿਰੰਗੇ ਫੁੱਲਾਂ ਵਾਂਗ ,ਆਪਣੇ ਰੰਗ-ਬਿਰੰਗੇ ਸੋਹਣੇ ਕੱਪੜਿਆਂ ਨਾਲ ਸਭ ਨੂੰ ਖਿੱਚ ਪਾ ਰਹੇ ਸਨ । ਬੱਚਿਆਂ ਲਈ ਡਰਾਇੰਗ ਐਂਡ ਪੇਂਟਿੰਗ ਮੁਕਾਬਲੇ, ਕਵਿਤਾ ਗਾਇਨ ਮੁਕਾਬਲੇ ,ਪਜਲ ਹੱਲ ਕਰਨ ਦੇ ਮੁਕਾਬਲੇ ਅਤੇ ਮਾਪਿਆਂ ਦੇ ਮਿਊਜਿਕ ਚੇਅਰ ਮੁਕਾਬਲੇ ,ਨਿੰਬੂ ਦੌੜ ਮੁਕਾਬਲੇ , ਟੇਢੀ ਵਿੰਗੀ ਲਾਈਨ ਤੇ ਚੱਲਣ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਮੂਹ ਬੱਚਿਆਂ ਅਤੇ ਹਾਜ਼ਰ ਮਾਪਿਆਂ ਨੇ ਬੜੇ ਚਾਅ ਅਤੇ ਖੁਸ਼ੀ ਨਾਲ ਭਾਗ ਲਿਆ।ਸਕੂਲ ਸਟਾਫ ਵੱਲੋਂ ਬਾਲ ਮੇਲੇ ਲਈ ਉਚੇਚੇ ਪ੍ਰਬੰਧ ਕੀਤੇ ਗਏ ਸਨ ।ਜਿਸ ਵਿੱਚ ਨਵੇਂ ਦਾਖਲੇ ਲਈ ਵੱਖਰਾ ਕਾਊਂਟਰ ਲਗਾਇਆ ਗਿਆ ਅਤੇ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੇ ਚਾਰੇ ਕਾਰਨਰ (ਗੁੱਡੀ ਘਰ, ਬੌਧਿਕ ਕਾਰਨਰ, ਲਾਇਬਰੇਰੀ, ਰਚਨਾਤਮਕ ਕਾਰਨਰ)ਸਜਾਏ ਗਏ । ਮਾਪਿਆਂ ਦੇ ਬੈਠਣ ਅਤੇ ਚਾਹ ਪਾਣੀ ਦੇ ਲਈ ਪ੍ਰਬੰਧ ਕੀਤੇ ਗਏ। ਪ੍ਰੀ ਪ੍ਰਾਇਮਰੀ ਦੇ ਬੱਚਿਆਂ ਵੱਲੋਂ ਵੱਖ-ਵੱਖ ਕਵਿਤਾ, ਗੀਤ ਅਤੇ ਆਪਣੇ ਗਰੁੱਪ ਡਾਂਸ ਨਾਲ ਹਾਜ਼ਰ ਮਾਪਿਆਂ, ਪਤਵੰਤਿਆਂ ਦਾ ਮਨ ਮੋਹ ਲਿਆ।
ਅਖੀਰ 'ਚ ਸੈਂਟਰ ਮੁੱਖ ਅਧਿਆਪਕ ਪਰਮਾਰ ਵੱਲੋਂ ਹਾਜ਼ਰ ਮਾਪਿਆਂ ਅਤੇ ਪਤਵੰਤਿਆਂ ਨੂੰ ਸਰਕਾਰ ਵੱਲੋਂ ਸਕੂਲ ਵਿੱਚ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਨਵੇਂ ਦਾਖਲੇ ਸਬੰਧੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਾਉਣ ਦੇ ਲਈ ਪ੍ਰੇਰਤ ਕਰਦੇ ਹੋਏ ਸਕੂਲ ਸਮਾਗਮ ਵਿੱਚ ਹਾਜ਼ਰ ਹੋ ਕੇ ਸਮਾਗਮ ਦੀ ਰੌਣਕ ਨੂੰ ਵਧਾਉਣ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ ।
ਉਪਰੰਤ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੇ ਹੋਏ ਚਾਰੇ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਹਾਜ਼ਰ ਪਤਵੰਤਿਆਂ ਨਾਲ ਮਿਲ ਕੇ ਮੈਡਲ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਸਾਬਕਾ ਸਰਪੰਚ ਸਵਰਨ ਸਿੰਘ ਉੱਪਲ,ਡਾ ਬਲਜੀਤ ਸਿੰਘ, ਅਜਮੇਰ ਸਿੰਘ ਸਰਕਲ ਪ੍ਰਧਾਨ ਆਪ,ਗੁਰਮਨਪ੍ਰੀਤ ਸਿੰਘ ਗੋਲਡੀ, ਜਰਨੈਲ ਸਿੰਘ ਧਾਲੀਵਾਲ, ਰਣਜੀਤ ਸਿੰਘ ਰਾਏ ,ਕਰਨੈਲ ਸਿੰਘ ਕੈਲੇ ,ਮੁਖਤਿਆਰ ਸਿੰਘ , ਰਘੁਵੀਰ ਸਿੰਘ ਰਿਟਾਇਰਡ ਬਿਜਲੀ ਬੋਰਡ ਅਫਸਰ ,ਬਲਦੇਵ ਸਿੰਘ PSPCL ,ਰਿਟਾਇਰਡ ਸੈਂਟਰ ਹੈਡ ਟੀਚਰ ਦਲੀਪ ਕੌਰ , ਬੀਬੀ ਕੁਲਵੰਤ ਕੌਰ,ਸ.ਇਕਬਾਲ ਸਿੰਘ, ਕੈਪਟਨ ਜਗਰੂਪ ਸਿੰਘ ,ਨਿਰਮਲ ਸਿੰਘ, ਪਰਮਿੰਦਰ ਸਿੰਘ ਕੈਲੇ ਅਤੇ ਸਕੂਲ ਸਟਾਫ ਸ਼੍ਰੀਮਤੀ ਕਮਲਜੀਤ ਕੌਰ,ਮਿਸ ਸਿਮਰਨਜੀਤ, ਸ੍ਰੀਮਤੀ ਮਨਦੀਪ ਕੌਰ ਆਦਿ ਹਾਜ਼ਰ ਸਨ।