ਪੰਜਾਬ ਸਰਕਾਰ ਨੰਗਲ ਵਿਖੇ ਸਿਖਲਾਈ ਕੇਂਦਰ ਕਰੇਗੀ ਸਥਾਪਤ
ਦਰਸ਼ਨ ਸਿੰਘ ਗਰੇਵਾਲ
- ਸਿਖਲਾਈ ਕੇਂਦਰ ਵਿਦਿਆਰਥੀਆਂ ਨੂੰ ਪੁਲਿਸ, ਸੀਏਪੀਐਫ, ਹਥਿਆਰਬੰਦ ਸੈਨਾਵਾਂ ਅਤੇ ਰੇਲਵੇ ਸਮੇਤ ਵੱਖ-ਵੱਖ ਟੈਸਟਾਂ ਅਤੇ ਪ੍ਰੀਖਿਆਵਾਂ ਲਈ ਕੋਚਿੰਗ ਪ੍ਰਦਾਨ ਕਰੇਗਾ
ਰੂਪਨਗਰ, 15 ਫ਼ਰਵਰੀ 2025: ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰੀਖਿਆਵਾਂ ਲਈ ਉੱਨਤ ਪੇਸ਼ੇਵਰ ਕੋਚਿੰਗ ਪ੍ਰਦਾਨ ਕਰਨ ਲਈ ਰਾਜ ਸਰਕਾਰ ਲਗਭਗ 3 ਕਰੋੜ ਰੁਪਏ ਦੀ ਲਾਗਤ ਨਾਲ ਨੰਗਲ ਵਿਖੇ ਪੰਜਾਬ ਸਿਖਲਾਈ ਅਤੇ ਰੁਜ਼ਗਾਰ ਕੇਂਦਰ ਖੋਲ ਰਹੀ ਹੈ ਜਿਸ ਸੰਬੰਧੀ ਰੂਪ ਰੇਖਾ ਵੀ ਮੁਕੰਮਲ ਕਰ ਲਈ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਇਸ ਕੇਂਦਰ ਵਿੱਚ ਵਿਦਿਆਰਥੀਆਂ ਨੂੰ ਪੁਲਿਸ, ਸੀਏਪੀਐਫ ਅਤੇ ਹਥਿਆਰਬੰਦ ਸੈਨਾਵਾਂ ਅਤੇ ਰੇਲਵੇ ਬਲਾਂ ਸਮੇਤ ਵੱਖ-ਵੱਖ ਟੈਸਟਾਂ ਅਤੇ ਪ੍ਰੀਖਿਆਵਾਂ ਲਈ ਕੋਚਿੰਗ ਅਤੇ ਪੇਸ਼ੇਵਰ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਰੁਜ਼ਗਾਰ ਯੋਗ ਬਣਾਉਣ ਲਈ ਹੋਰ ਵਿਸ਼ਿਆਂ ਵਿੱਚ ਵੀ ਸਿਖਲਾਈ ਦਿੱਤੀ ਜਾਵੇਗੀ।
ਸ਼੍ਰੀ ਹਿਮਾਂਸ਼ੂ ਜੈਨ ਨੇ ਅੱਗੇ ਕਿਹਾ ਕਿ ਪੰਜਾਬ ਯੂਥ ਸਿਖਲਾਈ ਅਤੇ ਰੁਜ਼ਗਾਰ ਕੇਂਦਰ, ਸਰੀਰਕ ਤੰਦਰੁਸਤੀ ਤੋਂ ਇਲਾਵਾ ਸਫਲ ਰੁਜ਼ਗਾਰ ਲਈ ਅਨੁਸ਼ਾਸਨ, ਇਮਾਨਦਾਰੀ, ਵਫ਼ਾਦਾਰੀ ਅਤੇ ਚਰਿੱਤਰ ਗੁਣਾਂ 'ਤੇ ਵੀ ਧਿਆਨ ਕੇਂਦਰਿਤ ਕਰੇਗਾ।
ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਅਜਿਹੇ ਕੇਂਦਰਾਂ ਤੋਂ ਸਿਖਲਾਈ ਪ੍ਰਾਪਤ 2.44 ਲੱਖ ਨੌਜਵਾਨਾਂ ਵਿੱਚ ਨਸ਼ੇ ਦੀ ਦੁਰਵਰਤੋਂ ਜਾਂ ਅਨੁਸ਼ਾਸਨਹੀਣਤਾ ਦੀ ਕੋਈ ਘਟਨਾ ਨਹੀਂ ਦੇਖੀ ਗਈ ਹੈ।
ਉਨ੍ਹਾਂ ਨੌਜਵਾਨਾਂ ਖਾਸ ਕਰਕੇ ਜ਼ਿਲ੍ਹਾ ਰੂਪਨਗਰ ਦੀ ਨੌਜਵਾਨ ਪੀੜ੍ਹੀ ਨੂੰ ਇਸ ਸਹੂਲਤ ਦਾ ਪੂਰਾ ਲਾਭ ਉਠਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਵਿਸੇਸ਼ ਸਿਖਲਾਈ ਦੁਆਰਾ ਇੱਕ ਖੁਸ਼ਹਾਲ ਭਵਿੱਖ ਲਈ ਤਿਆਰ ਹੋ ਸਕਣ।