ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਵੱਲੋਂ ਸੀਫੈਟ ਅਬੋਹਰ ਵਿਖੇ ਫਸਲ ਰਹਿੰਦ ਖੂੰਹਦ ਪ੍ਰਬੰਧਨ ਪ੍ਰਯੋਜਨਾ ਦੇ ਅੰਤਰਗਤ ਕਿਸਾਨ ਮੇਲਾ
- ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਫਸਲੀ ਵਿਭਿੰਨਤਾ ਦੇ ਨਾਲ ਨਾਲ ਫੂਡ ਪ੍ਰੋਸੈਸਿੰਗ ਲਈ ਕੀਤਾ ਪ੍ਰੇਰਿਤ
ਫਾਜ਼ਿਲਕਾ ਅਬੋਹਰ 15 ਫਰਵਰੀ 2025 - ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਵੱਲੋਂ ਸੀਫੈਟ ਅਬੋਹਰ ਵਿਖੇ ਫਸਲ ਰਹਿੰਦ ਖੂਹੰਦ ਪ੍ਰਬੰਧਨ ਪ੍ਰਯੋਜਨਾ ਦੇ ਅੰਤਰਗਤ ਇੱਕ ਦਿਨਾਂ ਕਿਸਾਨ ਮੇਲਾ ਲਗਾਇਆ ਗਿਆ। ਇਸ ਕਿਸਾਨ ਮੇਲੇ ਦੌਰਾਨ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਦੇ ਹੋਏ ਉਹਨਾਂ ਨੂੰ ਫਸਲੀ ਵਿਭਿੰਨਤਾ ਅਤੇ ਫੂਡ ਪ੍ਰੋਸੈਸਿੰਗ ਅਪਣਾਉਣ ਦੀ ਸਲਾਹ ਦਿੱਤੀ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ ।
ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਦਾਰ ਕ੍ਰਿਸ਼ੀ ਨਗਰ ਦਾਂਤੀਵਾੜਾ ਕ੍ਰਿਸ਼ੀ ਵਿਸ਼ਵਵਿਦਿਆਲਯ ਕੁਲਪਤੀ ਡਾ ਆਰ ਸੀ ਮਹੇਸ਼ਵਰੀ ਨੇ ਕੇਵੀਕੇ ਤੇ ਸੀਫੈਟ ਸੰਸਥਾਨ ਦੀ ਕਿਸਾਨਾਂ ਲਈ ਉਪਯੋਗੀਤਾ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਖੇਤੀਬਾੜੀ ਖੋਜ ਸੰਸਥਾਨ ਕਿਸਾਨਾਂ ਲਈ ਆਦਰਸ ਸਥਾਨ ਹਨ ਜਿੱਥੋਂ ਉਹ ਆਪਣੀ ਤਰੱਕੀ ਸਬੰਧੀ ਜਾਣਕਾਰੀ ਹਾਸਿਲ ਕਰ ਸਕਦੇ ਹਨ ।
ਡਾ ਕੇ ਨਰਸਹੀਆ ਐਡੀਸ਼ਨਲ ਡਾਇਰੈਕਟਰ ਜਨਰਲ ਆਈ ਸੀ ਏ ਆਰ ਨੇ ਕਿਹਾ ਕਿ ਪਰਾਲੀ ਪ੍ਰਬੰਧਨ ਨੂੰ ਹੋਰ ਸੁਖਾਲਾ ਕਰਨ ਲਈ ਆਈਸੀਏਆਰ ਵੱਲੋਂ ਲਗਾਤਾਰ ਖੋਜਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਅਪਣਾਉਣ ਲਈ ਪ੍ਰੇਰਿਤ ਕੀਤਾ ।
ਸੀਫੈਟ ਲੁਧਿਆਣਾ ਦੇ ਡਾਇਰੈਕਟਰ ਡਾ ਨਚੀਕੇਟ ਕੋਤਵਾਲੀ ਵਾਲੇ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਟਾਈ ਉਪਰੰਤ ਦੇਸ਼ ਵਿੱਚ 4 ਲੱਖ ਕਰੋੜ ਰੁਪਏ ਦੇ ਖੇਤੀ ਉਪਜ ਨਸ਼ਟ ਹੋ ਜਾਂਦੀ ਹੈ ਜੇਕਰ ਇਸ ਦੀ ਸੰਭਾਲ ਕੀਤੀ ਜਾਵੇ ਤਾਂ ਇਸ ਇਹ ਨਾ ਕੇਵਲ ਦੇਸ਼ ਲਈ ਇੱਕ ਸਰੋਤ ਬਣੇਗਾ ਸਗੋਂ ਕਿਸਾਨਾਂ ਦੀ ਆਮਦਨ ਵਾਧੇ ਦਾ ਵੀ ਸਾਧਨ ਬਣ ਸਕਦਾ ਹੈ।
ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਅਬੋਹਰ ਦੇ ਐਸਡੀਐਮ ਸ੍ਰੀ ਕ੍ਰਿਸ਼ਨ ਪਾਲ ਰਾਜਪੂਤ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅਨਾਜ ਭੰਡਾਰ ਹੈ ਲੇਕਿਨ ਇਸ ਦੀ ਖੇਤੀ ਸਾਹਮਣੇ ਚੁਣੌਤੀਆਂ ਹਨ ਜਿਸ ਨੂੰ ਪੰਜਾਬ ਦੇ ਕਿਸਾਨ ਪੂਰਾ ਕਰਨਗੇ। ਉਨਾਂ ਨੇ ਉੱਚ ਗੁਣਵੱਤਾ ਦੀ ਉਪਜ ਪੈਦਾ ਕਰਨ ਅਤੇ ਖਾਦਾਂ ਅਤੇ ਕੀਟਨਾਸ਼ਕਾਂ ਦੀ ਤਰਕ ਸੰਗਤ ਵਰਤੋਂ ਕਰਨ ਦੇ ਨਾਲ ਨਾਲ ਫਸਲੀ ਰਹਿੰਦ ਖੂਹੰਦ ਦਾ ਸਹੀ ਤਰੀਕੇ ਨਾਲ ਨਿਪਟਾਰਾ ਕਰਨ ਲਈ ਵੀ ਕਿਸਾਨਾਂ ਨੂੰ ਅਪੀਲ ਕੀਤੀ ।
ਇਸ ਮੌਕੇ ਸੀਫੈਟ ਕੇ ਵੀ ਕੇ ਕਿਸਾਨ ਕਲੱਬ ਦੇ ਅਹੁਦੇਦਾਰਾਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਜ਼ਿਲ੍ਹੇ ਦੇ 12 ਪ੍ਰਗਤੀਸ਼ੀਲ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਈਸੀਏ ਆਰ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਕੁਲਦੀਪ ਸਿੰਘ ਧਾਲੀਵਾਲ ਨੇ ਐਫਪੀਓ ਦੇ ਮਹੱਤਵ ਤੇ ਜਾਣਕਾਰੀ ਦਿੱਤੀ ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਡਾ ਅਨਿਲ ਕੁਮਾਰ, ਡਾ ਮਨਪ੍ਰੀਤ ਸਿੰਘ ਅਤੇ ਡਾ ਜਗਦੀਸ਼ ਅਰੋੜਾ ਨੇ ਵੱਖ-ਵੱਖ ਫਸਲਾਂ ਅਤੇ ਬਾਗਵਾਨੀ ਸਬੰਧੀ ਕਿਸਾਨਾਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ । ਇਸ ਤੋਂ ਪਹਿਲਾਂ ਸੀਫੈਟ ਦੇ ਖੇਤਰੀ ਹੈਡ ਡਾ ਅਮਿਤ ਨਾਥ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕੇਵੀਕੇ ਅਬੋਹਰ ਦੇ ਮੁਖੀ ਡਾ ਅਰਵਿੰਦ ਅਹਿਲਾਵਤ ਨੇ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ । ਮੰਚ ਸੰਚਾਲਨ ਡਾ ਭੁਪਿੰਦਰ ਕੁਮਾਰ ਨੇ ਕੀਤਾ । ਇਸ ਮੌਕੇ ਵੱਡੀ ਪੱਧਰ ਤੇ ਕਿਸਾਨਾਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਇੱਥੇ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਵੇਖੀਆਂ ।
ਫਾਜ਼ਿਲਕਾ ਦਾ ਮਸ਼ਹੂਰ ਝੁਮਰ ਲੋਕ ਨਾਚ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ ।
ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਕਿਸਾਨ ਕਲੱਬ ਦੇ ਅਹੁਦੇਦਾਰਾਂ ਸੁਰਿੰਦਰ ਕੁਮਾਰ, ਕਰਨੈਲ ਸਿੰਘ, ਅਨਿਲ ਜਿਆਣੀ, ਮਹਾਂਵੀਰ ਵਿਸ਼ਨੋਈ, ਰਵੀਕਾਂਤ ਗੇਧਰ ਆਦਿ ਦਾ ਵੀ ਮਹੱਤਵਪੂਰਨ ਸਹਿਯੋਗ ਰਿਹਾ।