ਗੋਰਾ ਮੱਤਾ ਹਕੂਮਤ ਦੀਆਂ ਅੱਖਾਂ ’ਚ ਰੜਕਦਾ ਸੀ, ਇਸ ਲਈ ਉਸ ਤੇ ਕਰਵਾਇਆ ਗਿਆ ਨਜ਼ਾਇਜ਼ ਤਸ਼ੱਦਦ : ਭਗਵੰਤ ਸਮਾਓ
ਇਨਸਾਫ਼ ਲਈ ਹੋਵੇਗਾ ਐਕਸ਼ਨ ਕਮੇਟੀ ਦਾ ਗਠਨ -20 ਨੂੰ ਹੋਵੇਗੀ ਮੀਟਿੰਗ
ਕਰਨੀ ਭਰਨੀ ਦਾ ਫਲ ਇੱਥੇ ਹੀ ਮਿਲੇਗਾ : ਗੋਰਾ ਮੱਤਾ
ਜੈਤੋ,15 ਫਰਵਰੀ (ਮਨਜੀਤ ਸਿੰਘ ਢੱਲਾ)-ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਦੇ ਸੂਬਾਈ ਪ੍ਰਧਾਨ, ਮਜ਼ਦੂਰ ਆਗੂ ਅੰਗਰੇਜ਼ ਸਿੰਘ (ਗੋਰਾ ਮੱਤਾ) ਦਾ ਹਾਲ ਜਾਨਣ ਲਈ ਪਿੰਡ ਮੱਤਾ ਪੁੱਜੇ।
ਹਾਲ ਪੁੱਛਣ ਮਗਰੋਂ ਪ੍ਰੈਸ ਦੇ ਸਨਮੁਖ ਹੋ ਕੇ ਮੋਰਚੇ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਅਤੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਦੋਸ਼ ਲਾਏ ਕਿ ਮਜ਼ਦੂਰ ਆਗੂ ਅੰਗਰੇਜ਼ ਸਿੰਘ ਗੋਰਾ (ਮੱਤਾ) ਨੂੰ ਪਿਛਲੇ ਦਿਨੀਂ ਕਥਿਤ ਪੁਲੀਸ ਦੇ ਜਬਰ ਦਾ ਨਿਸ਼ਾਨਾ ਬਣਨਾ ਪਿਆ। ਉਨ੍ਹਾਂ ਇਲਜ਼ਾਮ ਲਾਇਆ ਕਿ ਜਨਤਕ ਸੰਘਰਸ਼ਾਂ ਦਾ ਮੋਹਰੀ ਹੋਣ ਕਰਕੇ ਗੋਰਾ ਮੱਤਾ ਹਕੂਮਤ ਦੀਆਂ ਅੱਖਾਂ ’ਚ ਹਮੇਸ਼ਾ ਰੜਕਦਾ ਸੀ ਅਤੇ ਹਾਕਮ ਨਹੀਂ ਚਾਹੁੰਦੇ ਕਿ ਗੋਰਾ ਜਨਤਕ ਸੰਘਰਸ਼ਾਂ ਦੀ ਰਹਿਨੁਮਾਈ ਕਰੇ ਅਤੇ ਲੋਕਾਂ ਦੀ ਆਵਾਜ਼ ਜਨਤਕ ਕਰੇ। ਉਨ੍ਹਾਂ ਆਖਿਆ ਕਿ ਇਸੇ ਲਈ ਉਸ ਨੂੰ ਪੁਲੀਸ ਤੋਂ ਚੁਕਵਾ ਕੇ ਥਰਡ ਡਿਗਰੀ ਤਸ਼ੱਦਦ ਕਰਵਾਇਆ ਗਿਆ ਜੋ ਕੇ ਅਤਿ ਨਿੰਦਣਯੋਗ ਹੈ।
ਆਗੂਆਂ ਨੇ ਦੱਸਿਆ ਕਿ ਇਸ ਜ਼ੁਲਮ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਜਬਰ ਦੇ ਸ਼ਿਕਾਰ ਹੋਏ ਗੋਰਾ ਮੱਤਾ ਨੂੰ ਇਨਸਾਫ਼ ਦੁਆਉਣ ਲਈ 20 ਫਰਵਰੀ ਨੂੰ ਜੈਤੋ ਵਿੱਚ ਕਈ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੱਦ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ’ਚ ਐਕਸ਼ਨ ਕਮੇਟੀ ਕਾਇਮ ਕੀਤੀ ਜਾਵੇਗੀ, ਜੋ ਗੋਰੇ ਦੇ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਸੰਘਰਸ਼ ਦੀ ਰੂਪ ਰੇਖ਼ਾ ਵਿਉਂਤੇਗੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ, ਥੋੜ੍ਹੀ ਹੈ। ਇਸ ਸਬੰਧੀ ਮਜ਼ਦੂਰ ਆਗੂ ਗੋਰਾ ਮੱਤਾ ਨੇ ਕਿਹਾ ਕਿ ਜੋ ਮੇਰੇ ਨਾਲ ਧੱਕਾ ਹੋਇਆ ਉਹ ਸਿਰਫ ਸਿਆਸੀ ਸ਼ਹਿ ਤੇ ਹੋਇਆ ਅਤੇ ਪੁਲਿਸ ਵੱਲੋਂ ਮੇਰੇ ਨਜ਼ਾਇਜ਼ ਤਸ਼ੱਦਦ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਕਰਨੀ ਭਰਨੀ ਦਾ ਇੱਥੇ ਫਲ ਮਿਲੇਗਾ ਅਤੇ ਅਕਾਲ ਪੁਰਖ ਇੱਥੇ ਹੀ ਨਿਬੇੜਾ ਕਰੇਗਾ। ਇਸ ਮੌਕੇ
ਭਗਵੰਤ ਸਮਾਓ ਦੇ ਨਾਲ ਉਨ੍ਹਾਂ ਦੀ ਜਥੇਬੰਦੀ ਦੇ ਆਗੂ ਕਰਮਜੀਤ ਸਿੰਘ, ਭੁਪਿੰਦਰ ਸਿੰਘ ਬੋਦਲਾ, ਗੁਰਮੀਤ ਸਿੰਘ, ਸੱਤਪਾਲ ਸਿੰਘ, ਜਗਸੀਰ ਸਿੰਘ, ਗੁਰਦੇਵ ਸਿੰਘ ਰੋੜੀਕਪੂਰਾ ਆਦਿ ਤੋਂ ਇਲਾਵਾ ਜਥੇਬੰਦੀਆਂ ਦੇ ਜੁਝਾਰੂ ਆਗੂ ਮੌਜੂਦ ਸਨ।