ਖੇਡਾਂ ਦੇ ਖੇਤਰ 'ਚ ਮੋਹਰੀ ਸਾਬਤ ਹੋ ਰਿਹੈ 'ਦਾ ਟਾਊਨ ਸਕੂਲ
ਪੰਜਾਬ ਸਟੇਟ ਜੂਨੀਅਰ ਐਥਲੈਟਿਕਸ ਵਿੱਚ ਖਿਡਾਰੀਆਂ ਨੇ ਤਮਗੇ ਅਤੇ ਨਕਦ ਇਨਾਮ ਜਿੱਤੇ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 15 ਫਰਵਰੀ 2025: ਬੀਤੇ ਦਿਨੀਂ ਵਾਰ ਹੀਰੋਜ਼ ਸਟੇਡਿਅਮ ਸੰਗਰੂਰ ਵਿਖੇ ਹੋਈ ਨਸ਼ਿਆਂ ਖਿਲਾਫ ਚੇਤਨਾ ਦੇ ਮੱਦੇਨਜ਼ਰ ਛੇਵੀਂ ਜੂਨੀਅਰ ਸਟੇਟ ਐਥਲੈਟਿਕਸ ਮੀਟ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਲੜਕੇ-ਲੜਕੀਆਂ ਦੇ ਐਥਲੈਟਿਕ ਈਵੈਂਟ ਕਰਵਾਏ ਗਏ । ਜਿਸ ਵਿੱਚ ਸੈਂਕੜੇ ਐਥਲੀਟਾਂ ਨੇ ਭਾਗ ਲਿਆ । ਇਸ ਮੀਟ ਵਿੱਚ ਟਾਊਨ ਸਕੂਲ ਦੇ ਛੇਵੀ ਕਲਾਸ ਦੇ ਮੁਹੰਮਦ ਉਸਮਾਨ ਪੁੱਤਰ ਦਿਲਸ਼ਾਦ ਨੇ 12 ਸਾਲ ਉਮਰ ਵਰਗ ਦੇ ਲੰਬੀ ਛਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ 3100 ਰੁਪਏ ਦਾ ਨਕਦ ਇਨਾਮ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ । ਇਸ ਤੋਂ ਇਲਾਵਾ ਅਜ਼ਾਦ ਸਿੰਘ ਪੁੱਤਰ ਹਰਪ੍ਰੀਤ ਸਿੰਘ ਅਤੇ ਮੁਹੰਮਦ ਇਰਫਾਨ ਪੁੱਤਰ ਯਾਸੀਨ ਮੁਹੰਮਦ ਨੇ ਵੀ ਲੰਬੀ ਛਾਲ ਵਿੱਚ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਨਕਦ ਇਨਾਮ ਹਾਸਲ ਕੀਤੇ । ਇਹਨਾਂ ਖਿਡਾਰੀਆਂ ਨਾਲ ਸਕੂਲ ਪੁੱਜਣ 'ਤੇ ਸਕੂਲ ਦੇ ਚੇਅਰਮੈਨ ਮੁਹੰਮਦ ਉਵੈਸ ਨੇ ਮੁਬਾਰਕਬਾਦ ਦਿੱਤੀ । ਪ੍ਰਿੰਸੀਪਲ ਮੁਜਾਹਿਦ ਅਲੀ ਅਤੇ ਖੇਡ ਕੋਆਰਡੀਨੇਟਰ ਮੁਹੰਮਦ ਰਫੀਕ ਨੇ ਯਾਦਗਾਰੀ ਫੋਟੋ ਕਰਵਾਉਣ ਮੌਕੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਮਲੇਰਕੋਟਲਾ ਜ਼ਿਲ੍ਹੇ ਦੀ ਐਥਲੈਟਿਕ ਐਸੋਸੀਏਸ਼ਨ ਵੱਲੋਂ ਕਰਵਾਈ ਐਥਲੈਟਿਕਸ ਮੀਟ ਵਿੱਚ 'ਦਾ ਟਾਊਨ ਸਕੂਲ' ਦੇ 9 ਐਥਲੀਟਾਂ ਨੇ ਗੋਲਡ, ਸਿਲਵਰ ਅਤੇ ਬਰਾਂਉਜ਼ ਮੈਡਲ ਪ੍ਰਾਪਤ ਕੀਤੇ ਸਨ ਅਤੇ ਇਹ ਐਥਲੀਟ ਅਗਲੇ ਮਹੀਨੇ ਹੈਦਰਾਬਾਦ ਵਿਖੇ ਹੋ ਰਹੀਆਂ ਨੈਸ਼ਨਲ ਐਥਲੈਟਿਕਸ ਪ੍ਰਤੀਯੋਗਤਾ ਵਿੱਚ ਜ਼ਿਲ੍ਹਾ ਮਲੇਰਕੋਟਲਾ ਵੱਲੋਂ ਭਾਗ ਲੈਣਗੇ । ਇਸ ਮੌਕੇ ਮੁਹੰਮਦ ਰਫੀਕ ਨੇ ਦੱਸਿਆ ਕਿ ਐਥਲੀਟਾਂ ਅਤੇ ਖਿਡਾਰੀਆਂ ਨੂੰ ਐਥਲੈਟਿਕ ਕੋਚ ਦਰਸ਼ਨ ਸਿੰਘ, ਡੀਪੀਈ ਗੁਰਜੰਟ ਸਿੰਘ, ਡੀਪੀਈ ਸੁਖਜੀਤ ਸਿੰਘ ਅਤੇ ਮੁਹੰਮਦ ਆਰਿਫ ਵੱਲੋਂ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਸਿਖਲਾਈ ਦਿੱਤੀ ਜਾਂਦੀ ਹੈ ।