ਰਾਏਕੋਟ : BJP ਆਗੂ ਸੁੰਦਰ ਲਾਲ ਦੀ ਮਾਤਾ ਆਸ਼ਾ ਰਾਣੀ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ
- ਮਾਂ ਜਿੱਥੇ ਰੱਬ ਦਾ ਦੂਜਾ ਨਾਂਅ ਹੈ, ਉੱਥੇ ਹੀ ਆਪਣੇ ਜੀਵਨ ਦੌਰਾਨ ਇੱਕ ਅਧਿਆਪਕ ਦਾ ਫਰਜ਼ ਵੀ ਅਦਾ ਕਰਦੀ ਹੈ- ਡਾ. ਰਾਣੂੰ
- ਮਾਤਾ ਜੀ ਨਿਮਰਤਾ, ਸਹਿਣਸ਼ੀਲਤਾ ਅਤੇ ਮਿੱਠ-ਬੋਲੜੇ, ਮਿਲਾਪੜੇ ਸੁਭਾਅ ਦੇ ਮਾਲਕ ਸਨ - ਲਖਵਿੰਦਰ ਸਿੰਘ ਸਪਰਾ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 14 ਫਰਵਰੀ2025 - ਅੱਜ ਜ਼ਿਲ੍ਹਾ ਲੁਧਿਆਣਾ ਦੇ ਇਤਿਹਾਸਕ ਸ਼ਹਿਰ ਰਾਏਕੋਟ ਵਿਖੇ ਗੁਰਦੁਆਰਾ ਟਾਹਲੀਆਣਾ ਸਾਹਿਬ ਦੀ ਬੈਕ ਸਾਈਡ 'ਤੇ ਰੂਪਾ ਪੱਤੀ ਰੋਡ ਵਿਖੇ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਸੁੰਦਰ ਲਾਲ ਰਾਏਕੋਟ(ਬੱਸੀਆਂ ਵਾਲੇ)ਦੀ ਮਾਤਾ ਆਸ਼ਾ ਰਾਣੀ ਨਮਿਤ ਅੰਤਿਮ ਅਰਦਾਸ ਹੋਈ।ਇਸ ਮੌਕੇ ਵੱਖ-ਵੱਖ ਪਾਰਟੀਆਂ/ਸੰਸਥਾਵਾਂ ਦੇ ਆਗੂਆਂ/ਰਿਸ਼ਤੇਦਾਰਾਂ/ਸਨੇਹੀਆਂ ਨੇ ਸ਼ਮੂਲੀਅਤ ਕਰਕੇ ਪ੍ਰੀਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਇਸ ਮੌਕੇ ਮਾਤਾ ਆਸ਼ਾ ਰਾਣੀ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਪੰਜਾਬ ਹੋਮੀਓਪੈਥਿਕ ਮੈਡੀਕਲ ਕੌਂਸਲ ਦੇ ਸਾਬਕਾ ਚੇਅਰਮੈਨ ਤੇ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾਕਟਰ ਪਰਮਜੀਤ ਸਿੰਘ ਰਾਣੂੰ ਨੇ ਕਿਹਾ ਕਿ ਮਾਂ ਜਿੱਥੇ ਰੱਬ ਦਾ ਦੂਜਾ ਨਾਂਅ ਹੈ, ਉੱਥੇ ਹੀ ਮਾਂ ਆਪਣੇ ਜੀਵਨ ਦੌਰਾਨ ਇੱਕ ਅਧਿਆਪਕ ਦਾ ਫਰਜ਼ ਵੀ ਅਦਾ ਕਰਦੀ ਹੈ, ਕਿਉਂਕਿ ਬੱਚੇ ਦੇ ਸਕੂਲ ਦਾਖਲੇ ਤੋਂ ਪਹਿਲਾਂ ਮਾਤਾ ਹੀ ਬੱਚੇ ਨੂੰ ਚੰਗੇ ਕੰਮਾਂ ਲਈ ਪ੍ਰੇਰਿਤ ਕਰਦੀ ਹੈ। ਮਾਤਾ ਆਸ਼ਾ ਰਾਣੀ ਨੇਕ ਸੁਭਾਅ ਦੀ ਮਾਲਕ ਤੇ ਨਿਮਰਤਾ ਦੀ ਮੂਰਤ ਸਨ।ਮਾਂ ਦਾ ਕਰਜ਼ ਕਦੇਂ ਵੀ ਨਹੀਂ ਉਤਾਰਿਆ ਜਾ ਸਕਦਾ।
ਭਾਜਪਾ ਦੇ ਸੀਨੀਅਰ ਆਗੂ ਲਖਵਿੰਦਰ ਸਿੰਘ ਸਪਰਾ(ਰਾਏਕੋਟ) ਨੇ ਮਾਤਾ ਆਸ਼ਾ ਰਾਣੀ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਹ ਨਿਮਰਤਾ, ਸਹਿਣਸ਼ੀਲਤਾ ਅਤੇ ਮਿੱਠ-ਬੋਲੜੇ, ਮਿਲਾਪੜੇ ਸੁਭਾਅ ਦੇ ਮਾਲਕ ਸਨ। ਉਹ ਹਰ ਇੱਕ ਨਾਲ ਅਪਣੱਤ ਤੇ ਪਿਆਰ ਨਾਲ ਪੇਸ਼ ਆਉਂਦੇ, ਜਿਸ ਸਦਕਾ ਉਨ੍ਹਾਂ ਨੂੰ ਨਗਰ ਅਤੇ ਇਲਾਕੇ 'ਚ ਬਹੁਤ ਸਤਿਕਾਰ ਮਿਲਿਆ। ਉਹ ਧਾਰਮਿਕ ਬਿਰਤੀ ਦੇ ਮਾਲਕ ਹੋਣ ਕਰਕੇ ਨਾਮ-ਸਿਮਰਨ ਦੇ ਰੰਗ 'ਚ ਰੰਗੀ ਰੂਹ ਸਨ।
ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਟੂਸਾ ਨੇ ਮਾਤਾ ਆਸ਼ਾ ਰਾਣੀ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜਿੱਥੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਿਆਂ ਆਪਣੀ ਡਿਊਟੀ ਪ੍ਰਪੱਕਤਾ ਨਾਲ ਨਿਭਾਈ ਉੱਥੇ ਸਿਹਤ ਵਿਭਾਗ 'ਚ ਸਰਕਾਰੀ ਸੇਵਾਵਾਂ ਨਿਭਾਉਣ ਮੌਕੇ ਮਰੀਜਾਂ ਤੋਂ ਦੁਆਵਾਂ ਪ੍ਰਾਪਤ ਕੀਤੀਆਂ। ਆਪਣੀ ਡਿਊਟੀ ਪੂਰੀ ਸ਼ਿੱਦਤ ਤੇ ਤਨਦੇਹੀ ਨਾਲ ਨਿਭਾਈ।
ਅੰਤਿਮ ਅਰਦਾਸ ਮੌਕੇ ਹੋਰਨਾਂ ਆਗੂਆਂ ਨੇ ਵੀ ਆਪਣੇ ਵੱਲੋਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਸਮੁੱਚੇ ਪਰਿਵਾਰ ਨਾਲ ਆਪਣੀ ਹਮਦਰਦੀ ਪ੍ਰਗਟ ਕਰਦੇ ਹੋਏ ਯਕੀਨ ਦਿਵਾਉਂਦੇ ਹਨ ਕਿ ਉਹਨਾਂ ਵੱਲੋਂ ਹਮੇਸ਼ਾਂ ਹੀ ਪਰਿਵਾਰ ਨਾਲ ਪਿਆਰ ਸਤਿਕਾਰ ਬਹਾਲ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਉਹਨਾਂ ਨਮਿੱਤ ਰੱਖੇ ਸ੍ਰੀ ਗਰੁੜ ਪੁਰਾਣ ਜੀ ਦੇ ਪਾਠ ਦੇ ਭੋਗ ਪਾਏ ਗਏ।
ਇਸ ਮੌਕੇ ਰਾਏਕੋਟ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਲਿਲ ਜੈਨ, ਸਤੀਸ਼ ਅੱਗਰਵਾਲ ਸਟੇਟ ਕਮੇਟੀ ਮੈਂਬਰ ਭਾਜਪਾ, ਜਸਵਿੰਦਰ ਸਿੰਘ ਪੰਨੂ ਸਟੇਟ ਕਮੇਟੀ ਮੈਂਬਰ ਯੁਵਾ ਮੋਰਚਾ, ਕਪਿਲ ਗਰਗ ਸੀਨੀਅਰ ਆਗੂ ਵਪਾਰ ਮੰਡਲ ਭਾਜਪਾ, ਦਲਬੀਰ ਸਿੰਘ ਸੰਧੂ, ਨਿਰਮਲ ਸਿੰਘ ਨਾਹਰ ਮੀਤ ਪ੍ਰਧਾਨ ਐਸ.ਸੀ. ਮੋਰਚਾ ਪੰਜਾਬ, ਸਾਬਕਾ ਜਿਲਾ ਮੀਤ ਪ੍ਰਧਾਨ ਰਾਜਾ ਵਰਮਾ, ਕ੍ਰਿਸ਼ਨ ਕੁਮਾਰ ਜ਼ਿਲ੍ਹਾ ਮੀਤ ਪ੍ਰਧਾਨ ਬੀਜੇਪੀ, ਜਸਵੀਰ ਸਿੰਘ ਟੂਸਾ ਜ਼ਿਲ੍ਹਾ ਜਨਰਲ ਸਕੱਤਰ ਐਸ.ਸੀ. ਮੋਰਚਾ, ਪ੍ਰਦੀਪ ਜੰਡ, ਨਛੱਤਰ ਸਿੰਘ ਸਾਬਕਾ ਮਿਉਂਸੀਪਲ ਕੌਂਸਲਰ, ਬੂਟਾ ਸਿੰਘ ਛਾਪਾ ਸਾਬਕਾ ਕੌਂਸਲਰ, ਸੁਰਿੰਦਰ ਸਿੰਘ ਪੱਪੀ ਸਪਰਾ ਸਾਬਕਾ ਕੌਂਸਲਰ, ਡਾਕਟਰ ਕੁਲਦੀਪ ਸਿੰਘ ਰਾਏਕੋਟ, ਜਗਤਾਰ ਸਿੰਘ ਬੰਗੜ, ਪਰਮਜੀਤ ਸਿੰਘ ਟੂਸਾ, ਬਿੱਟੂ ਸਿੰਘ ਬੱਸੀਆਂ, ਮਨਦੀਪ ਸਿੰਘ ਲੰਬੂ ਬੱਸੀਆਂ, ਮਾਸਟਰ ਬਿੰਦਰ, ਪਵਨ ਧਾਲੀਵਾਲ, ਹਰਬੰਸ ਸਿੰਘ ਬੰਸਾ ਰਾਏਕੋਟ ਬਸਪਾ, ਸੁਨੀਲ ਕੁਮਾਰ, ਜਗਦੀਸ਼ ਵਰਮਾ, ਮਾਸਟਰ ਸੰਜੇ, ਰਮੇਸ਼ ਜੈਨ ਵੀ ਹਾਜ਼ਰ ਸਨ।
ਇਸ ਮੌਕੇ ਸਟੇਜ ਦੀ ਜਿੰਮੇਵਾਰੀ ਭਾਜਪਾ ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਵਨ ਸਿੰਘ ਰਕਬਾ ਨੇ ਨਿਭਾਈ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।