ਟੀ.ਬੀ. ਦੀ ਬਿਮਾਰੀ ਦੇ ਖਾਤਮੇ ਲਈ ਹਰ ਵਿਅਕਤੀ ਨੂੰ ਜਾਗਰੂਕ ਹੋਣ ਦੀ ਲੋੜ : DC ਫਰੀਦਕੋਟ
- ਟੀ.ਬੀ. ਮਰੀਜਾਂ ਦੀ ਸਕਰੀਨਿੰਗ ਵਿੱਚ ਫਰੀਦਕੋਟ ਪੰਜਾਬ ਭਰ ਵਿੱਚੋਂ ਦੂਜੇ ਨੰਬਰ ਤੇ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 11 ਫਰਵਰੀ, 2025: ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ 100 ਦਿਨਾਂ ਟੀਬੀ ਜਾਗਰੂਕਤਾ ਮੁਹਿੰਮ ਸਬੰਧੀ ਰੀਵਿਯੂ ਮੀਟਿੰਗ ਕੀਤੀ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੀ.ਬੀ. ਦੀ ਬਿਮਾਰੀ ਤੋਂ ਬਚਣ ਅਤੇ ਮੁਫਤ ਇਲਾਜ ਸਬੰਧੀ ਪਿੰਡ ਪੱਧਰ ਤੱਕ ਹਰ ਘਰ ਤੱਕ ਹਰ ਵਿਅਕਤੀ ਨੂੰ ਜਾਗਰੂਕ ਕਰਨ ਦੀ ਲੋੜ ਹੈ । ਉਹਨਾਂ ਕਿਹਾ ਕਿ ਇਸ ਮੁਹਿੰਮ ਨੂੰ ਮਜਬੂਤ ਕਰਨ ਲਈ ਉਹ ਲੋੜੀਂਦੇ ਸਾਜੋ ਸਮਾਨ ਜਾਂ ਉਪਕਰਣਾਂ ਦੀ ਲੋੜ ਨੂੰ ਰੈਡ ਕਰਾਸ ਦੇ ਫੰਡਾਂ ਵਿੱਚੋਂ ਪੂਰਾ ਕਰਨ ਲਈ ਤਿਆਰ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਓਜਸਵੀ ਅਲੰਕਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਉਪਰੰਤ ਡਿਪਟੀ ਕਮਿਸ਼ਨਰ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਟੀ.ਬੀ. ਦੇ ਖਾਤਮੇ ਵਿੱਚ ਯੋਗਦਾਨ ਸਬੰਧੀ ਪ੍ਰਣ ਲਿਆ ।
ਇਸ ਜਾਗਰੂਕਤਾ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ 100 ਦਿਨਾਂ ਟੀਬੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ 7 ਦਸੰਬਰ 2024 ਨੂੰ ਸ਼ੁਰੂ ਕੀਤੀ ਗਈ ਹੈ ਅਤੇ 24 ਮਾਰਚ 2025 ਵਿਸ਼ਵ ਟੀਬੀ ਦਿਵਸ ਤੱਕ ਚੱਲੇਗੀ । ਇਸ ਮੁਹਿੰਮ ਦਾ ਮੁੱਖ ਮਕਸਦ ਟੀਬੀ ਪ੍ਰਤਿ ਆਮ ਲੋਕਾਂ ਨੂੰ ਜਾਗਰੂਕ ਕਰਨਾ, ਉਹਨਾਂ ਦੀ ਸਕਰੀਨੰਗ ਕਰਕੇ ਮੁਫਤ ਇਲਾਜ ਕਰਕੇ ਦੇਸ਼ ਨੂੰ ਟੀਬੀ ਮੁਕਤ ਬਣਾਉਣਾ ਹੈ ਤਾਂ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ 2018 ਵਿੱਚ ਸ਼ੁਰੂ ਕੀਤੇ ਟੀਬੀ ਮੁਕਤ ਭਾਰਤ ਅਭਿਆਨ ਨੂੰ ਸੰਪੂਰਨ ਕੀਤਾ ਜਾ ਸਕੇ । ਉਹਨਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਦੋ ਹਫਤੇ ਤੋਂ ਵੱਧ ਖੰਘ, ਬੁਖਾਰ, ਪਸੀਨਾ ਆਉਂਦਾ ਹੈ ਜਾਂ ਭਾਰ ਘਟ ਰਿਹਾ ਹੈ ਉਹ ਤੁਰੰਤ ਜਿਲਾ ਹਸਪਤਾਲ ਫਰੀਦਕੋਟ, ਕੋਟਕਪੂਰਾ, ਜੈਤੋ, ਸਦਿਕ ਅਤੇ ਬਾਜਾਖਾਨਾ ਅਤੇ ਮੈਡੀਕਲ ਕਾਲਜ ਫਰੀਦਕੋਟ ਵਿਖੇ ਆਪਣੀ ਮੁਫਤ ਜਾਂਚ ਕਰਵਾ ਸਕਦਾ ਹੈ, ਜਿਥੇ ਉਹਨਾਂ ਦੇ ਮੁਫਤ ਵਿੱਚ ਟੈਸਟ, ਮੁਫਤ ਐਕਸਰੇ ਕੀਤੇ ਜਾਣਗੇ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ । ਉਹਨਾਂ ਦੱਸਿਆ ਕਿ ਟੀਬੀ ਦੇ ਮਰੀਜਾਂ ਨੂੰ ਨਿਸ਼ਚੈ ਪ੍ਰੌਗਰਾਮ ਤਹਿਤ ਹਰ ਮਹੀਨੇ ਰਾਸ਼ਨ ਵੀ ਮੁਫਤ ਦਿੱਤਾ ਜਾਂਦਾ ਹੈ ।
ਜਿਲਾ ਟੀਬੀ ਪ੍ਰੌਗਰਾਮ ਅਫਸਰ ਡਾ. ਲੀਨਾ ਚੋਪੜਾ ਭੱਲਾ ਨੇ ਦੱਸਿਆ ਕਿ ਟੀ.ਬੀ. ਦੀ ਸਕਰੀਨਿੰਗ ਵਿੱਚ ਫਰੀਦਕੋਟ ਜਿਲਾ ਪੰਜਾਬ ਭਰ ਵਿੱਚ ਦੂਜੇ ਨੰਬਰ ਤੇ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਤਹਿਤ ਵਿਸ਼ੇਸ਼ ਤੌਰ ਤੇ ਫਰੀਦਕੋਟ ਜਿਲੇ ਦੀਆਂ ਸਲੱਮ ਬਸਤੀਆਂ, ਭੱਠਿਆਂ, ਫੈਕਟਰੀਆਂ ਆਦਿ ਦੇ ਲੋਕਾਂ ਦੀ ਟੀਬੀ ਸਬੰਧੀ ਜਾਂਚ ਕੀਤੀ ਜਾ ਰਿਹਾ ਹੈ ਅਤੇ ਮਰੀਜਾਂ ਦਾ ਮੁਫਤ ਇਲਾਜ ਮੁਫਤ ਇਲਾਜ ਕੀਤਾ ਜਾ ਰਿਹਾ ਹੈ । ਇਸਦੇ ਨਾਲ ਹੀ ਪੋਸਟਰਾਂ, ਬੈਨਰਾਂ ਤੋਂ ਬਿਨਾਂ ਪਿੰਡਾਂ ਵਿੱਚ ਅਤੇ ਸਕੂਲਾਂ ਕਾਲਜਾਂ ਵਿੱਚ ਜਾਗਰੂਕਤਾ ਸੈਮੀਨਾਰ ਲਗਾਏ ਜਾ ਰਹੇ ਹਨ ਤਾਂ ਜੋ ਟੀਬੀ ਦੇ ਮਰੀਜਾਂ ਦੀ ਜਲਦੀ ਪਹਿਚਾਣ ਕਰਕੇ ਇਲਾਜ ਸ਼ੁਰੂ ਕੀਤਾ ਜਾਵੇ ਅਤੇ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ । ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ ਨੇ ਦੱਸਿਆ ਕਿ ਟੀ.ਬੀ. ਬਿਮਾਰੀ ਸਬੰਧੀ ਦਵਾਈਆਂ ਦੀ ਕੋਈ ਕਮੀ ਨਹੀਂ ਹੈ ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਵਰਿੰਦਰ ਕੁਮਾਰ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਵਿਵੇਕ ਰਿਜੋਰਾ, ਐਸ.ਐਮ.ੳ. ਡਾ. ਪਰਮਜੀਤ ਸਿੰਘ ਬਰਾੜ, ਐਸ.ਐਮ.ੳ. ਡਾ. ਰਾਜੀਵ ਭੰਡਾਰੀ, ਜਿਲਾ ਟੀ.ਬੀ. ਅਫਸਰ ਡਾ. ਲੀਨਾ ਚੋਪੜਾ ਭੱਲਾ, ਜਿਲਾ ਟੀਕਾਕਰਣ ਅਫਸਰ ਡਾ. ਸਰਵਦੀਪ ਸਿੰਘ ਰੋਮਾਣਾ, ਜਿਲਾ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਸਿੰਘ ਕੈਂਥ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ ਅਤੇ ਸਟਾਫ ਹਾਜਰ ਸੀ।