14 ਫਰਵਰੀ ਨੂੰ ਸੀ-ਪਾਈਟ ਕੇਂਦਰ ਡੇਰਾ ਬਾਬਾ ਨਾਨਕ ਵਿਖੇ ਲੱਗੇਗਾ ਪਲੇਸਮੈਂਟ ਕੈਂਪ
- ਮਾਰੂਤੀ ਸਜੂਕੀ, ਰੈਕਸਾ ਸਕਿਉਰਿਟੀ, ਵਰਧਮਾਨ ਅਤੇ ਭਾਰਤੀ ਜੀਵਨ ਬੀਮਾ ਨਿਗਮ ਵੱਲੋਂ ਵੱਖ-ਵੱਖ ਅਸਾਮੀਆਂ ਲਈ ਕੀਤੀ ਜਾਵੇਗੀ ਭਰਤੀ
ਰੋਹਿਤ ਗੁਪਤਾ
ਗੁਰਦਾਸਪੁਰ, 11 ਫਰਵਰੀ 2025 - ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਸ੍ਰੀ ਹਰਜਿੰਦਰ ਸਿੰਘ ਬੇਦੀ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿੱਚ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਹਿਤ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਪ੍ਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 14 ਫਰਵਰੀ 2025 ਦਿਨ ਸ਼ੁੱਕਰਵਾਰ ਨੂੰ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਇੱਕ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ 04 ਪ੍ਰਾਈਵੇਟ ਕੰਪਨੀਆਂ ਮਾਰੂਤੀ ਸਜੂਕੀ, ਰੈਕਸਾ ਸਕਿਉਰਿਟੀ, ਵਰਧਮਾਨ ਅਤੇ ਭਾਰਤੀ ਜੀਵਨ ਬੀਮਾ ਨਿਗਮ ਸ਼ਾਮਲ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਕੰਪਨੀਆਂ ਵੱਲੋਂ ਸਕਿਉਰਿਟੀ ਗਾਰਡ, ਸੁਪਰਵਾਈਜ਼ਰ, ਮਸ਼ੀਨ ਓਪਰੇਟਰ, ਸੇਲਜ਼ਮੈਨ ਅਤੇ ਇੰਸ਼ੋਰੇਸ਼ ਏਜੰਟ ਦੀਆਂ ਵੱਖ-ਵੱਖ ਅਸਾਮੀਆਂ ਲਈ ਰੈਗੂਲਰ ਅਤੇ ਪਾਰਟ ਟਾਈਮ ਕੰਮ ਕਰਨ ਲਈ ਲੜਕੇ ਅਤੇ ਲੜਕੀਆਂ ਦੀ ਭਰਤੀ ਲਈ ਮੌਕੇ ਤੇ ਇੰਟਰਵਿਊ ਕੀਤੀ ਜਾਵੇਗੀ। ਇਹਨਾਂ ਅਸਾਮੀਆਂ ਦੀ ਇੰਟਰਵਿਊ ਲਈ 10ਵੀਂ, 12ਵੀਂ ਅਤੇ ਗਰੈਜੂਏਸ਼ਨ ਕਰ ਚੁੱਕੇ ਪ੍ਰਾਰਥੀ ਜਿਨ੍ਹਾਂ ਦੀ ਉਮਰ 18 ਤੋਂ 37 ਸਾਲ ਹੈ, ਪਲੇਸਮੈਂਟ ਕੈਂਪ ਵਿੱਚ ਸ਼ਾਮਲ ਹੋ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਪ੍ਰਾਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਯੋਗਤਾ ਅਨੁਸਾਰ 12000 ਤੋਂ 15000 ਤੱਕ ਸੈਲਰੀ ਦਾ ਪੈਕੇਜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਮਿਤੀ 14 ਫਰਵਰੀ 2025 ਨੂੰ ਦਿਨ ਸ਼ੁੱਕਰਵਾਰ ਵਾਲੇ ਦਿਨ ਆਪਣੇ ਅਸਲ ਦਸਤਾਵੇਜ਼ ਦੀਆਂ ਕਾਪੀਆਂ, ਰੀਜੂਮ (ਸੀ.ਵੀ) ਅਤੇ 2 ਫ਼ੋਟੋਆਂ ਸਮੇਤ ਸੀ-ਪਾਈਟ ਸੈਂਟਰ ਡੇਰਾ ਬਾਬਾ ਨਾਨਕ ਵਿਖੇ ਸਵੇਰੇ 9:30 ਵਜੇ ਤੱਕ ਪਹੁੰਚਣ ਅਤੇ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਦੇ ਹੈਲਪ ਲਾਈਨ ਨੰਬਰ 9478727217 'ਤੇ ਸੰਪਰਕ ਕਰ ਸਕਦੇ ਹਨ।