ADC ਵੱਲੋਂ ਅਹਿਮਦਗੜ੍ਹ ਵਿਖੇ ਐਮ.ਆਰ.ਐਫ., ਕੂੜੇ ਦੇ ਡੰਪ,ਕੰਪੋਸਟ ਪਿਟਾਂ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਲਿਆ ਗਿਆ ਜਾਇਜ਼ਾ
* ਲੋਕਾਂ ਨੂੰ ਕੂੜੇ ਦੇ ਵਾਤਾਵਰਣ ਪੱਖੀ ਨਿਪਟਾਰੇ ਲਈ ਸਹਿਯੋਗ ਦੇਣ ਦੀ ਅਪੀਲ
* ਗਿੱਲਾ ਤੇ ਸੁੱਕਾ ਕੂੜਾ ਘਰਾਂ ਤੋਂ ਹੀ ਵੱਖ-ਵੱਖ ਕੀਤਾ ਜਾਵੇ-ਸੁਖਪ੍ਰੀਤ ਸਿੰਘ ਸਿੱਧੂ
ਮੁਹੰਮਦ ਇਸਮਾਈਲ ਏਸ਼ੀਆ
ਅਹਿਮਦਗੜ੍ਹ/ਮਾਲੇਰਕੋਟਲਾ 11 ਫਰਵਰੀ :2025 - ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਸਵੱਛ ਭਾਰਤ ਮਿਸ਼ਨ ਤਹਿਤ ਸਬ ਡਵੀਜਨ ਅਹਿਮਦਗੜ੍ਹ ਵਿਖੇ ਸਥਾਪਿਤ ਐਮ.ਆਰ.ਐਫ.(ਮੈਟੀਰੀਅਲ ਰਿਕਵਰੀ ਫੈਸਿਲਟੀ)ਸੈਂਟਰ (ਜਿੱਥੇ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਕੀਤਾ ਜਾਂਦਾ ਹੈ),ਕੂੜੇ ਦੇ ਡੰਪ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ,ਕੰਪੋਸਟ ਪਿਟਾਂ ਦਾ ਦੌਰਾ ਕੀਤਾ । ਸਫਾਈ ਵਿਵਸਥਾ ਵਿੱਚ ਹੋਰ ਸੁਧਾਰ ਨੂੰ ਯਕੀਨੀ ਬਣਾਉਣ ਦੇ ਨਿਰਦੇਸ ਦਿੰਦਿਆ ਉਨ੍ਹਾਂ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਕਿਹਾ ।
ਵਧੀਕ ਡਿਪਟੀ ਕਮਿਸ਼ਨਰ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੂੜਾ ਘਟਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਇਸ ਲਈ ਕੇਵਲ ਕੁਝ ਕੁ ਗੱਲਾਂ ਦਾ ਧਿਆਨ ਰੱਖਣ, ਜਿਸ ਨਾਲ ਕੂੜੇ ਦਾ ਨਿਪਟਾਰਾ ਸੁਚੱਜੇ ਤੇ ਵਾਤਾਵਰਣ ਪੱਖੀ ਢੰਗ ਨਾਲ ਸਹਿਜੇ ਹੀ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਜੇਕਰ ਹਰ ਨਾਗਰਿਕ ਆਪਣੀ ਨੈਤਿਕ, ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਆਪਣੇ ਘਰਾਂ ਵਿੱਚ ਪੈਦਾ ਹੁੰਦੇ ਕੂੜੇ ਦੀ ਮਿਕਦਾਰ ਨੂੰ ਘਟਾਉਣ,100 ਫੀਸਦੀ ਗਿੱਲਾ ਤੇ ਸੁੱਕਾ ਵੱਖ-ਵੱਖ ਕਰਨਾ ਯਕੀਨੀ ਅਤੇ ਦੁਬਾਰਾ ਵਰਤੀ ਜਾਣ ਵਾਲੀਆਂ ਵਸਤਾਂ ਨੂੰ ਰੀਸਾਇਕਲ ਕਰਨ ਲਈ ਭੇਜੇ ਤਾਂ ਅਸੀਂ ਆਪਣੇ ਆਲੇ ਦੁਆਲੇ ਨੂੰ ਕੂੜਾ ਮੁਕਤ ਕਰਕੇ ਹਰਿਆ-ਭਰਿਆ ਤੇ ਸਾਫ਼-ਸੁੱਥਰਾ ਬਣਾ ਸਕਦੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਵਾਤਾਵਰਣ ਪੱਖੀ ਰੁੱਖ ਅਖਤਿਆਰ ਕਰਦਿਆਂ ਆਪਣੇ ਆਲੇ ਦੁਆਲੇ,ਸਾਂਝੇ ਸਥਾਨਾਂ ਤੇ ਦਰੱਖਣ ਲਗਾਉਣ ਲਈ ਵੀ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਕੌਮੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਕ ਸ਼ਹਿਰ ਵਿੱਚੋਂ ਗਿੱਲਾ ਤੇ ਸੁੱਕਾ ਕੂੜਾ 100 ਫੀਸਦੀ ਵੱਖੋ-ਵੱਖ ਕਰਕੇ ਹੀ ਇਕੱਠਾ ਕੀਤਾ ਜਾਵੇ ਤਾਂ ਕਿ ਕੂੜੇ ਦੇ ਢੇਰ ਨਾ ਲੱਗਣ। ਉਨ੍ਹਾਂ ਕਿਹਾ ਕਿ ਐਮ.ਆਰ.ਐਫ. ਨੂੰ ਹੋਰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਤਾਂ ਕਿ ਸ਼ਹਿਰ ਦਾ ਸਾਰਾ ਕੂੜਾ ਹੀ ਇੱਥੇ ਆਵੇ ਤੇ ਕੂੜੇ ਦਾ ਵਾਤਾਵਰਣ ਪੱਖੀ ਢੰਗ ਨਾਲ ਸਹੀ ਨਿਪਟਾਰਾ ਕੀਤਾ ਜਾ ਸਕੇ। ਇਸ ਤੋਂ ਬਾਅਦ ਉਨ੍ਹਾਂ ਡੰਪ ਸਾਇਟ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਨਗਰ ਕੌਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੂੜੇ ਦੇ ਇਸ ਢੇਰ ਦਾ ਸਮਾਂਬੱਧ ਢੰਗ ਨਾਲ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ।
ਸੁਖਪ੍ਰੀਤ ਸਿੰਘ ਸਿੰਧੂ ਨੇ ਅਹਿਮਦਗੜ੍ਹ ਵਿਖੇ ਸਥਾਪਿਤ 07 ਟਨ ਪ੍ਰਤੀ ਦਿਨ ਸਮਰੱਥਾ ਵਾਲੇ ਮੈਟੀਰੀਅਲ ਤੇ ਰਿਕਵਰੀ ਫੈਸਿਲਟੀ ਤੇ ਪਲਾਸਟਿਕ ਰੀਸਾਇਕਲਿੰਗ ਫੈਸਿਲਟੀ ਦਾ ਪੂਰਾ ਲਾਭ ਲੈਣ ਲਈ ਆਖਿਆ। ਇਸ ਮੌਕੇ ਕਾਰਜ ਸਾਧਕ ਅਫ਼ਸਰ ਵਿਕਾਸ ਉੱਪਲ,ਸੈਨੇਟੇਰੀ ਸੁਪਰਡੈਂਟ ਹਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ ।