ਪੀ.ਏ.ਯੂ. ਨੇ ਖੇਤੀ ਵਿਚ ਲਿੰਗਕ ਬਰਾਬਰੀ ਬਾਰੇ ਚਰਚਾ ਲਈ ਸੈਮੀਨਾਰ ਕਰਵਾਇਆ
ਲੁਧਿਆਣਾ 11 ਫਰਵਰੀ 2025 - ਅੱਜ ਪੀ.ਏ.ਯੂ. ਵਿਚ ਵਿਜ਼ਨ ਵਿਕਸਿਤ ਭਾਰਤ 2047 ਤਹਿਤ ਸਥਿਰ ਭਵਿੱਖ ਵਿਚ ਖੇਤੀ ਲਈ ਲਿੰਗਕ ਬਰਾਬਰੀ ਬਾਰੇ ਇਕ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ| ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਹੋਏ ਇਸ ਸੈਮੀਨਾਰ ਦੀ ਪ੍ਰਯੋਜਕ ਸੰਸਥਾ ਆਈ ਸੀ ਐੱਸ ਐੱਸ ਆਰ ਅਤੇ ਸਹਿਯੋਗੀ ਸੰਸਥਾ ਵਜੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਾਰੀ ਅਧਿਐਨ ਕੇਂਦਰ ਸ਼ਾਮਿਲ ਸੀ| ਸੈਮੀਨਾਰ ਵਿਚ ਅਕਾਦਮਿਕ ਹਸਤੀਆਂ, ਵਿਚਾਰਕਾਂ ਅਤੇ ਨੀਤੀ ਨਿਰਧਾਰਕਾਂ ਦੀ ਭਾਗੀਦਾਰੀ ਅਤੇ ਵਿਚਾਰ-ਚਰਚਾ ਨੇ ਸਥਿਰ ਭਵਿੱਖ ਲਈ ਔਰਤ ਦੀ ਖੇਤੀ ਵਿਚ ਭਾਗੀਦਾਰੀ ਬਾਰੇ ਨਿੱਠ ਕੇ ਵਿਚਾਰ-ਚਰਚਾ ਕੀਤੀ|
ਸੈਮੀਨਾਰ ਦੇ ਆਰੰਭਕ ਸੈਸ਼ਨ ਦੀ ਪ੍ਰਧਾਨਗੀ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕੀਤੀ| ਉਹਨਾਂ ਨਾਲ ਮੰਚ ਉੱਪਰ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਗੁਰੂ ਅੰਗਦ ਦੇਵ ਵੈਟਨਰੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਆਰ ਐੱਸ ਗਰੇਵਾਲ ਤੋਂ ਇਲਾਵਾ ਡੀਨ ਕਮਿਊਨਟੀ ਸਾਇੰਸ ਕਾਲਜ ਡਾ. ਕਿਰਨ ਬੈਂਸ ਸ਼ਾਮਿਲ ਸਨ| ਉਹਨਾਂ ਨਾਲ ਅਟਾਰੀ ਦੇ ਨਿਰਦੇਸ਼ਕ ਡਾ. ਪਰਮਿੰਦਰ ਸ਼ਿਰੋਨ, ਕੁੰਜੀਵਤ ਭਾਸ਼ਣ ਦੇਣ ਲਈ ਗੁਰੂ ਕਾਂਸ਼ੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਨੀਲਮ ਗਰੇਵਾਲ ਅਤੇ ਡੀ ਏ ਵੀ ਕਾਲਜ ਚੰਡੀਗੜ ਦੇ ਮਨੋਵਿਗਿਆਨ ਵਿਭਾਗ ਦੇ ਸਹਿਯੋਗੀ ਪ੍ਰੋਫੈਸਰ ਡਾ. ਕੋਮਿਲਾ ਪਾਰਥੀ ਮੌਜੂਦ ਰਹੇ|
ਡਾ. ਅਜਮੇਰ ਸਿੰਘ ਢੱਟ ਨੇ ਆਰੰਭਕ ਭਾਸ਼ਣ ਦਿੰਦਿਆਂ ਪੀ.ਏ.ਯੂ. ਵਿਚ ਜਾਰੀ ਖੇਤੀ ਵਿਚ ਲਿੰਗਕ ਬਰਾਬਰੀ ਬਾਰੇ ਇਸ ਖੋਜ ਪ੍ਰੋਜੈਕਟ ਤਹਿਤ ਹੋਈ ਖੋਜ ਨੂੰ ਬੇਹੱਦ ਮਹੱਤਵਪੂਰਨ ਕਿਹਾ| ਉਹਨਾਂ ਪ੍ਰੋਜੈਕਟ ਦੇ ਮੁੱਖ ਨਿਗਰਾਨ ਡਾ. ਗੁਰਉਪਦੇਸ਼ ਕੌਰ ਨੂੰ ਇਸ ਨਿਵੇਕਲੇ ਵਿਸ਼ੇ ਸੰਬੰਧੀ ਖੋਜ ਲਈ ਵਧਾਈ ਦਿੰਦਿਆਂ ਸਮਾਜਿਕ ਵਿਕਾਸ ਵਿਚ ਨਾਰੀ ਦੀ ਭੂਮਿਕਾ ਨੂੰ ਅੰਕਿਤ ਕੀਤਾ| ਡਾ. ਢੱਟ ਨੇ ਕਿਹਾ ਕਿ ਮਹਾਂਪੁਰਖਾਂ ਨੇ ਸਮਾਜ ਦੀ ਬਣਤਰ ਵਿਚ ਔਰਤ ਨੂੰ ਬਰਾਬਰਤਾ ਦਾ ਦਰਜਾ ਦਿੰਦਿਆਂ ਸੋ ਕਿਉ ਮੰਦਾ ਆਖੀਐ ਜਿਤੁ ਜੰਮੇ ਰਾਜਾਨੁ ਦਾ ਨਾਅਰਾ ਦਿੱਤਾ| ਉਹਨਾਂ ਕਿਹਾ ਕਿ ਭਾਵੇਂ ਉੱਤਰੀ ਭਾਰਤ ਵਿਚ ਦੇਸ਼ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਔਰਤ ਦੀ ਸਥਿਤੀ ਕੁਝ ਬਿਹਤਰ ਰਹੀ ਹੈ ਪਰ ਜਿੰਨੀ ਦੇਰ ਤੱਕ ਔਰਤ ਨੂੰ ਸਿੱਖਿਅਤ ਅਤੇ ਆਰਥਿਕ ਤੌਰ ਤੇ ਸਵੈ ਨਿਰਭਰ ਨਹੀਂ ਬਣਾਇਆ ਜਾਂਦਾ ਓਨੀ ਦੇਰ ਤੱਕ ਲਿੰਗਕ ਬਰਾਬਰੀ ਦਾ ਸੁਪਨਾ ਅਧੂਰਾ ਹੀ ਰਹੇਗਾ|
ਡਾ. ਢੱਟ ਨੇ ਕਿਹਾ ਕਿ ਖੇਤੀ ਦੇ ਕਾਰਜਾਂ ਵਿਚ ਔਰਤ ਦੀ ਹਿੱਸੇਦਾਰੀ ਪਰਿਵਾਰ ਦੀ ਸਿਹਤ ਅਤੇ ਆਮਦਨ ਦਾ ਬੜਾ ਅਹਿਮ ਸਰੋਤ ਰਹੀ ਹੈ| ਖੇਤੀ ਵਿਚ ਔਰਤ ਦੀ ਸ਼ਮੂਲੀਅਤ ਵਿਸ਼ੇਸ਼ ਤੌਰ ਤੇ ਸਹਾਇਕ ਕਿੱਤਿਆਂ ਦੇ ਰੂਪ ਵਿਚ ਪਰਿਵਾਰ ਅਤੇ ਸਵੈ ਦੀ ਆਜ਼ਾਦੀ ਦਾ ਦਰਵਾਜ਼ਾ ਖੋਲਦੀ ਹੈ| ਇਸ ਕਾਰਜ ਲਈ ਪੀ.ਏ.ਯੂ. ਨੇ ਭੋਜਨ ਪ੍ਰੋਸੈਸਿੰਗ ਅਤੇ ਉਤਪਾਦ ਬਨਾਉਣ ਦੇ ਖੇਤਰ ਵਿਚ ਬਹੁਤ ਸਾਰੀਆਂ ਸਿਖਲਾਈ ਯੋਜਨਾਵਾਂ ਔਰਤਾਂ ਲਈ ਆਰੰਭੀਆਂ ਹਨ| ਸਮਕਾਲੀ ਸਮਾਜ ਬਣਤਰਾਂ ਬਾਰੇ ਗੱਲ ਕਰਦਿਆਂ ਡਾ. ਢੱਟ ਨੇ ਕਿਹਾ ਕਿ ਸਮੁੱਚੇ ਤੌਰ ਤੇ ਕੰਮ ਦਾ ਸੰਕਲਪ ਸਮਾਜਿਕ ਢਾਂਚੇ ਵਿੱਚੋਂ ਮਨਫੀ ਹੋਇਆ ਹੈ ਅਤੇ ਇਸ ਦਾ ਅਸਰ ਖੇਤੀ ਨਾਲ ਜੁੜੇ ਪਰਿਵਾਰਾਂ ਉੱਪਰ ਵੀ ਨਜ਼ਰ ਆਉਂਦਾ ਹੈ| ਕਿਰਤ ਅਤੇ ਕਿਰਸ ਦੀ ਮੁੜ ਉਸਾਰੀ ਲਈ ਕਿਸਾਨੀ ਪਰਿਵਾਰਾਂ ਦੇ ਨਾਲ-ਨਾਲ ਖੇਤੀ ਮਜ਼ਦੂਰੀ ਵਿਚ ਔਰਤਾਂ ਨੂੰ ਸ਼ਾਮਿਲ ਕਰਨਾ ਸਮਾਜ ਦੀ ਸਿਹਤ ਅਤੇ ਸਹਿਚਾਰ ਪੱਖੋਂ ਬੇਹੱਦ ਲਾਹੇਵੰਦ ਹੋਵੇਗਾ| ਡਾ. ਢੱਟ ਨੇ ਇਸ ਸੈਮੀਨਾਰ ਤੋਂ ਪ੍ਰਾਪਤ ਹੋਣ ਵਾਲੇ ਸਿੱਟਿਆਂ ਨੂੰ ਬੇਹੱਦ ਮਹੱਤਵਪੂਰਨ ਕਹਿੰਦਿਆਂ ਖੁਸ਼ਨੁਮਾ ਆਸ ਪ੍ਰਗਟ ਕੀਤੀ|
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਆਪਣੀ ਟਿੱਪਣੀ ਵਿਚ ਡਾਇਰੈਕਟੋਰੇਟ ਪਸਾਰ ਸਿੱਖਿਆ ਅਧੀਨ ਜਾਰੀ ਇਸ ਪ੍ਰੋਜੈਕਟ ਨੂੰ ਵਡੇਰੇ ਮਹੱਤਵ ਵਾਲਾ ਕਿਹਾ| ਉਹਨਾਂ ਕਿਹਾ ਕਿ ਆਦਿ ਕਾਲ ਤੋਂ ਹੀ ਖੇਤੀ ਵਿਚ ਔਰਤਾਂ ਬਰਾਬਰ ਦੇ ਕੰਮਾਂ ਦੀਆਂ ਸ਼ਰੀਕ ਰਹੀਆਂ ਹਨ| ਪੁਰਾਤਨ ਗ੍ਰੰਥਾਂ ਦੇ ਅਨੇਕ ਹਵਾਲੇ ਇਹ ਸਾਬਿਤ ਕਰਦੇ ਹਨ ਕਿ ਆਰੰਭ ਵਿਚ ਔਰਤਾਂ ਨੇ ਪਰਿਵਾਰ ਦੀਆਂ ਲੋੜਾਂ ਲਈ ਕਿਸਾਨੀ ਅਤੇ ਬਗੀਚੀ ਪਰੰਪਰਾ ਦਾ ਆਰੰਭ ਕੀਤਾ| ਉਹਨਾਂ ਔਰਤ ਦੀ ਕਿਰਤ ਨੂੰ ਸਨਮਾਨ ਦਾ ਮਹੱਤਵ ਦੇਣ ਲਈ ਚਿੰਤਕਾਂ ਵੱਲੋਂ ਪਾਏ ਯੋਗਦਾਨ ਦੇ ਹਵਾਲੇ ਨਾਲ ਕਿਹਾ ਕਿ ਆਧੁਨਿਕ ਯੁੱਗ ਤੱਕ ਔਰਤਾਂ ਖੇਤੀ ਵਿਚ ਅਹਿਮ ਹਿੱਸੇਦਾਰੀ ਦੀਆਂ ਹੱਕਦਾਰ ਰਹੀਆਂ ਹਨ| ਇੱਥੋਂ ਤੱਕ ਕਿ ਨਵੀਂ ਖੇਤੀ ਨੀਤੀ ਵਿਚ ਔਰਤਾਂ ਦੀ ਹਿੱਸੇਦਾਰੀ ਦੀਆਂ ਕਈ ਤਜਵੀਜ਼ਾਂ ਸ਼ਾਮਿਲ ਕੀਤੀਆਂ ਗਈਆਂ ਹਨ| ਡਾ. ਭੁੱਲਰ ਨੇ ਕਿਹਾ ਕਿ ਪੰਚਾਇਤੀ ਜ਼ਮੀਨ ਔਰਤਾਂ ਲਈ ਉੱਦਮ ਅਤੇ ਕਾਰੋਬਾਰ ਦੀ ਮੱਦ ਸ਼ਾਮਿਲ ਕੀਤੀ ਗਈ ਸੀ| ਨਾਲ ਹੀ ਡਾ. ਭੁੱਲਰ ਨੇ ਪੀ.ਏ.ਯੂ. ਵੱਲੋਂ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਭੋਜਨ ਉਦਯੋਗ ਸਿਖਲਾਈ ਕੇਂਦਰ ਵੱਲੋਂ ਔਰਤਾਂ ਨੂੰ ਉਤਪਾਦ ਨਿਰਮਾਣ ਵਜੋਂ ਕਾਰਜਸ਼ੀਲ ਕਰਨ ਲਈ ਕੀਤੇ ਯਤਨਾਂ ਦਾ ਹਵਾਲਾ ਵੀ ਦਿੱਤਾ|
ਅਟਾਰੀ ਦੇ ਨਿਰਦੇਸ਼ਕ ਡਾ. ਪਰਮਿੰਦਰ ਸ਼ਿਰੋਨ ਨੇ ਕਿਹਾ ਕਿ ਇਸ ਅਣਗੌਲੇ ਪੱਖ ਤੇ ਸੈਮੀਨਾਰ ਕਰਵਾ ਕੇ ਪੀ.ਏ.ਯੂ. ਨੇ ਬਹੁਤ ਅਹਿਮ ਕਾਰਜ ਕੀਤਾ ਹੈ| ਉਹਨਾਂ ਕਿਹਾ ਕਿ ਮੌਜੂਦਾ ਸਮੇਂ ਸਮਾਜ ਦੇ ਹਰ ਪੱਖ ਵਿਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਦੀ ਲੋੜ ਹੈ| ਸਮਾਜਿਕ ਅਤੇ ਸੱਭਿਆਚਾਰਕ ਬੰਦਸ਼ਾਂ ਨੂੰ ਔਰਤਾਂ ਦੀ ਤਰੱਕੀ ਲਈ ਰੁਕਾਵਟ ਕਹਿੰਦਿਆਂ ਡਾ. ਸ਼ਿਰੋਨ ਨੇ ਜ਼ਮੀਨ ਦੀ ਮਾਲਕੀ ਦੀ ਅਣਹੋਂਦ ਕਾਰਨ ਵੱਧਦੇ ਲਿੰਗਕ ਵਿਤਕਰੇ ਦੀ ਗੱਲ ਕੀਤੀ ਅਤੇ ਇਸਨੂੰ ਸਰਕਾਰੀ ਯੋਜਨਾਵਾਂ ਲਾਗੂ ਕਰਨ ਵਿਚ ਰੁਕਾਵਟ ਕਰਾਰ ਦਿੱਤਾ|
ਡੀਨ ਕਮਿਊਨਟੀ ਸਾਇੰਸ ਕਾਲਜ ਡਾ. ਕਿਰਨ ਬੈਂਸ ਨੇ ਕਿਹਾ ਕਿ ਸਮਾਜ ਦੇ ਸਥਿਰ ਵਿਕਾਸ ਲਈ ਲੈਂਗਿਕ ਸਮਾਨਤਾ ਬੜੀ ਜ਼ਰੂਰੀ ਚੀਜ਼ ਹੈ| ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਔਰਤਾਂ ਦੇ ਸਿੱਖਿਅਤ ਹੋਣ ਨਾਲ ਸਮਾਜ ਦਾ ਸਰਵਪੱਖੀ ਵਿਕਾਸ ਸੰਭਵ ਹੋ ਸਕਦਾ ਹੈ ਅਤੇ ਇਸ ਦਿਸ਼ਾ ਵਿਚ ਸਰਕਾਰ ਦੀਆਂ 17 ਯੋਜਨਾਵਾਂ ਬਾਰੇ ਵੀ ਉਹਨਾਂ ਵਿਸ਼ੇਸ਼ ਗੱਲਬਾਤ ਕੀਤੀ| ਨਾਲ ਹੀ ਡਾ. ਬੈਂਸ ਨੇ ਸਮਾਜ ਵਿਚ ਸਮਾਨਤਾ ਲਿਆਉਣ ਲਈ ਖੇਤੀ ਰਾਹੀਂ ਲੈਂਗਿਕ ਬਰਾਬਰੀ ਦੇ ਟੀਚੇ ਵੱਲ ਵਧਣ ਦਾ ਸੱਦਾ ਦਿੱਤਾ|
ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਆਰ ਐੱਸ ਗਰੇਵਾਲ ਨੇ ਘਰੇਲੂ ਉਸਾਰੀ ਵਿਚ ਔਰਤਾਂ ਦੇ ਯੋਗਦਾਨ ਨੂੰ ਬੇਹੱਦ ਸਨਮਾਨ ਯੋਗ ਕਿਹਾ| ਉਹਨਾਂ ਕਿਹਾ ਕਿ ਸਮਾਜਿਕ ਸਮੱਸਿਆਵਾਂ ਦਾ ਇਕ ਕਾਰਨ ਔਰਤਾਂ ਦਾ ਪਛੜੇਵਾਂ ਵੀ ਹੈ| ਖੇਤੀ ਪਰਿਵਾਰਾਂ ਦੀ ਆਮਦਨ ਵਧਾਉਣ ਲਈ ਸਹਾਇਕ ਧੰਦਿਆਂ ਦੇ ਖੇਤਰ ਵਿਚ ਔਰਤਾਂ ਦੀ ਸ਼ਮੂਲੀਅਤ ਪਰਿਵਾਰ ਨੂੰ ਮੁਨਾਫੇ ਵੱਲ ਲਿਜਾ ਸਕਦੀ ਹੈ| ਇਸਦੇ ਨਾਲ ਹੀ ਸਮਾਜ ਦੇ ਪੋਸ਼ਕ ਪਾਲਣ-ਪੋਸ਼ਣ ਅਤੇ ਸਮਾਜ ਦੀ ਸਿਹਤਮੰਦ ਉਸਾਰੀ ਲਈ ਔਰਤਾਂ ਦਾ ਖੇਤੀ ਨਾਲ ਜੁੜਨਾ ਜ਼ਰੂਰੀ ਹੈ|
ਮੁੱਖ ਸੁਰ ਭਾਸ਼ਣ ਵਿਚ ਡਾ. ਨੀਲਮ ਗਰੇਵਾਲ ਨੇ ਰੋਜ਼ੀ ਰੋਟੀ ਤੇ ਪੋਸ਼ਕਤਾ ਦੇ ਸੰਦਰਭ ਵਿਚ ਲਿੰਗਕ ਬਰਾਬਰੀ ਲਈ ਜ਼ਰੂਰੀ ਕੋਸ਼ਿਸ਼ਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ| ਉਹਨਾਂ ਅੰਕੜਿਆਂ ਨਾਲ ਜ਼ਮੀਨ ਦੀ ਮਾਲਕੀ ਵਿਚ ਔਰਤਾਂ ਦੀ ਭਾਗੀਦਾਰੀ, ਸਮਾਜਿਕ ਸੱਭਿਆਚਾਰਕ ਮਾਨਤਾਵਾਂ, ਪਰਿਵਾਰਕ ਸੰਘਰਸ਼ ਅਤੇ ਸਹਾਇਕ ਧੰਦਿਆਂ ਬਾਰੇ ਔਰਤ ਦੀ ਹਿੱਸੇਦਾਰੀ ਬਾਰੇ ਵਿਸਥਾਰ ਨਾਲ ਦੱਸਿਆ| ਨਾਲ ਹੀ ਉਹਨਾਂ ਕਿਹਾ ਕਿ ਉਤਪਾਦਨ ਤੋਂ ਲੈ ਕੇ ਮੰਡੀਕਰਨ ਤੱਕ ਫੈਸਲਿਆਂ ਦਾ ਅਧਿਕਾਰ ਵੀ ਔਰਤ ਦੇ ਹੱਥ ਵਿਚ ਹੋਣਾ ਚਾਹੀਦਾ ਹੈ|
ਡੀ ਏ ਵੀ ਚੰਡੀਗੜ ਦੇ ਸਹਿਯੋਗੀ ਪ੍ਰੋਫੈਸਰ ਡਾ. ਕੋਮਿਲਾ ਪਾਰਥੀ ਨੇ ਆਪਣੇ ਵਿਸ਼ੇਸ਼ ਭਾਸ਼ਣ ਦੌਰਾਨ ਵਿਸ਼ੇਸ਼ ਤੌਰ ਤੇ ਔਰਤਾਂ ਦੀ ਮਾਨਸਿਕ ਬਣਤਰ ਬਾਰੇ ਕਈ ਅਣਛੋਹੇ ਪੱਖਾਂ ਉੱਪਰ ਰੌਸ਼ਨੀ ਪਾਈ| ਉਹਨਾਂ ਕਿਹਾ ਕਿ ਔਰਤਾਂ ਨੂੰ ਕਿਰਤ ਤੋਂ ਬਾਹਰ ਕਰਨ ਲਈ ਇਕ ਮਨੋਵਿਗਿਆਨਕ ਢਾਂਚਾ ਉਸਾਰ ਕੇ ਲਿੰਗਕ ਤੌਰ ਤੇ ਉਸਨੂੰ ਪਿਛਾਂਹ ਧੱਕਣ ਦੇ ਯਤਨ ਹੋਏ ਹਨ| ਉਹਨਾਂ ਕਿਹਾ ਕਿ ਸਿਰਫ ਖੇਤੀਬਾੜੀ ਨਹੀਂ ਬਲਕਿ ਹਰ ਪੱਖ ਤੋਂ ਸਮਾਜ ਦੀ ਬਰਾਬਰੀ ਲਈ ਔਰਤ ਦਾ ਸਮਾਨ ਰੂਪ ਵਿਚ ਵਿਚਰਨਾ ਲਾਜ਼ਮੀ ਹੈ|
ਪ੍ਰੋਜੈਕਟ ਦੇ ਮੁੱਖ ਨਿਗਰਾਨ ਡਾ. ਗੁਰਉਪਦੇਸ਼ ਕੌਰ ਨੇ ਸਵਾਗਤ ਦੇ ਸ਼ਬਦ ਬੋਲਦਿਆਂ ਸੈਮੀਨਾਰ ਦੀ ਰੂਪਰੇਖਾ ਬਾਰੇ ਗੱਲ ਕੀਤੀ| ਉਹਨਾਂ ਕਿਹਾ ਕਿ ਇਸ ਸੈਮੀਨਾਰ ਦੌਰਾਨ ਖੇਤੀ ਮਜ਼ਦੂਰੀ ਦੀ ਲਿੰਗ ਅਧਾਰਿਤ ਵੰਡ ਦੀਆਂ ਚੁਣੌਤੀਆਂ ਬਾਰੇ ਵਿਚਾਰ ਚਰਚਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ|
ਅੰਤ ਵਿਚ ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਦੇ ਨਿਰਦੇਸ਼ਕ ਡਾ. ਹਰਪ੍ਰੀਤ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ| ਪ੍ਰਧਾਨਗੀ ਮੰਡਲ ਨੂੰ ਸਨਮਾਨ ਚਿੰਨ ਦੇ ਕੇ ਨਿਵਾਜ਼ਿਆ ਗਿਆ| ਆਰੰਭਕ ਸ਼ੈਸਨ ਦਾ ਸੰਚਾਲਨ ਡਾ. ਸੁਰਭੀ ਮਹਾਜਨ ਨੇ ਕੀਤਾ|
ਇਸ ਸੈਮੀਨਾਰ ਦੌਰਾਨ ਦੋ ਤਕਨੀਕੀ ਸ਼ੈਸਨਾਂ ਵਿਚ ਸੰਬੰਧੀ ਵਿਸ਼ੇ ਬਾਰੇ ਨਿੱਠ ਕੇ ਵਿਚਾਰ-ਚਰਚਾ ਹੋਈ|