ਅਰਜਨਪੁਰ ਗੁੰਝੀਆਂ ’ਚ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਦੱਸੇ ਖੇਤੀ ਕਰਨ ਦੇ ਨੁਕਤੇ, ਫਸਲਾਂ ਦਾ ਲਿਆ ਜਾਇਜ਼ਾ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 7 ਫਰਵਰੀ 2025 - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਅੱਜ ਜਿਲਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ.ਅਮਰੀਕ ਸਿੰਘ ਦੀ ਰਹਿਨੁਮਾਈ ਅਤੇ ਬਲਾਕ ਖੇਤੀਬਾੜੀ ਅਫਸਰ ਡਾ ਗਗਨਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਅਰਜਨਪੁਰ ਗੁੰਝੀਆਂ ਵਿਖੇ ਇੱਕ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਅਤੇ ਪਿੰਡ ਅੰਦਰ ਕਣਕ ਸਮੇਤ ਹੋਰ ਫਸਲਾਂ ਦਾ ਜਾਇਜ਼ਾ ਲਿਆ। ਇਸ ਮੌਕੇ ਸਰਕਲ ਦੇ ਇੰਚਾਰਜ ਖੇਤੀਬਾੜੀ ਵਿਸਥਾਰ ਅਫਸਰ ਹਰਮਨਪ੍ਰੀਤ ਸਿੰਘ ਅਤੇ ਖੇਤੀਬਾੜੀ ਵਿਕਾਸ ਮਨਜੀਤ ਸਿੰਘ ਦੇ ਇਲਾਵਾ ਖੇਤੀਬਾੜੀ ਵਿਭਾਗ ਦੀ ਟੀਮ ਨੇ ਕਿਸਾਨਾਂ ਨਾਲ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਅਤੇ ਖੇਤੀ ਕਰਨ ਦੇ ਨੁਕਤੇ ਦੱਸੇ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਕਤ ਖੇਤੀ ਅਧਿਕਾਰੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਖਰਚੇ ਘਟਾਉਣ ਅਤੇ ਵਿਗਿਆਨਿਕ ਢੰਗ ਨਾਲ ਖੇਤੀ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਖਾਦਾਂ ਤੇ ਦਵਾਈਆਂ ਦੀ ਸੁਚੱਜੀ ਵਰਤੋਂ ਕਰਕੇ ਕਿਸਾਨ ਜਿੱਥੇ ਖੇਤੀ ਖਰਚੇ ਘਟਾ ਸਕਦੇ ਹਨ ਉਸ ਦੇ ਨਾਲ ਹੀ ਫਸਲ ਤੋਂ ਚੰਗੀ ਪੈਦਾਵਾਰ ਵੀ ਲਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਇਹਨਾਂ ਦਿਨਾਂ ਵਿੱਚ ਕਿਸਾਨਾਂ ਨੂੰ ਕਣਕ ਦੀ ਫਸਲ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਪੀਲੀ ਕੁੰਗੀ ਜਾਂ ਕੋਈ ਹੋਰ ਸਮੱਸਿਆ ਹੋਣ ’ਤੇ ਉਸ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ। ਉਹਨਾਂ ਕਿਸਾਨਾਂ ਨੂੰ ਬੇਲੋੜੀਆਂ ਦਵਾਈਆਂ ਨਾ ਪਾਉਣ ਦੀ ਅਪੀਲ ਕੀਤੀ।
ਇਸ ਦੇ ਨਾਲ ਖੇਤੀਬਾੜੀ ਵਿਭਾਗ ਦੀ ਟੀਮ ਨੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਮੌਕੇ ’ਤੇ ਹੀ ਕਈ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ। ਪਿੰਡ ਦੀ ਸਰਪੰਚ ਹਰਵੰਤ ਕੌਰ ਨੇ ਖੇਤੀਬਾੜੀ ਵਿਭਾਗ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਭਾਗ ਦੀ ਟੀਮ ਨੇ ਪਿੰਡ ਵਿੱਚ ਪਹੁੰਚ ਕੇ ਕਿਸਾਨਾਂ ਦੀ ਸਾਰ ਲਈ ਹੈ। ਜਿਸ ਲਈ ਉਹ ਤਹਿ ਦਿਲੋਂ ਧੰਨਵਾਦੀ ਹੈ। ਕੈਂਪ ਉਪਰੰਤ ਖੇਤੀ ਮਹਿਰਾਂ ਦੀ ਟੀਮ ਨੇ ਕਿਸਾਨਾਂ ਦੇ ਨਾਲ ਖੇਤਾਂ ਵਿੱਚ ਜਾ ਕੇ ਫਸਲਾਂ ਦਾ ਨਿਰੀਖਣ ਕੀਤਾ। ਇਸ ਮੌਕੇ ਖੇਤੀਬਾੜੀ ਸਬ ਇੰਸਪੈਕਟਰ ਓਂਕਾਰ ਦਾਸ, ਮਨੀਸ਼ ਕੁਮਾਰ ਅਤੇ ਰਾਜੇਸ਼ ਕੁਮਾਰ ਵੀ ਮੌਜੂਦ ਸਨ।