ਬੁੱਢਾ ਦਲ ਦਾ ਲਿਟਰੇਚਰ ਹਾਊਸ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਤੇ ਬਾਕੀ ਛਾਉਣੀਆਂ ਵਿਖੇ ਜਲਦ ਹੀ ਸਥਾਪਤ ਹੋਣਗੇ: ਬਾਬਾ ਬਲਬੀਰ ਸਿੰਘ
- ਬੁੱਢਾ ਦਲ ਵੱਲੋਂ ਪੁਰਾਤਨ ਗ੍ਰੰਥਾਂ ਦੀ ਪ੍ਰਕਾਸ਼ਨਾ ਲਗਾਤਾਰ ਜਾਰੀ
ਅੰਮ੍ਰਿਤਸਰ:- 28 ਅਪ੍ਰੈਲ 2025 - ਬੁੱਢਾ ਦਲ ਦੇ 14ਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਲੰਮਾਂ ਸਮਾਂ ਪ੍ਰਕਾਸ਼ਨਾ ਨਾਲ ਸਬੰਧਤ ਰਹੇ ਉਘੇ ਸਿੱਖ ਵਿਦਵਾਨ ਸ. ਦਿਲਜੀਤ ਸਿੰਘ ਬੇਦੀ ਜੋ ਸਕੱਤਰ ਸ਼੍ਰੋਮਣੀ ਕਮੇਟੀ ਤੋਂ ਸੇਵਾਮੁਕਤ ਹੋਣ ਉਪਰੰਤ ਅੱਜ ਕਲ ਉਹ ਬੁੱਢਾ ਦਲ ਦੇ ਸਕੱਤਰ ਵਜੋਂ ਪ੍ਰਚਾਰ ਪ੍ਰਸਾਰ ਅਤੇ ਪ੍ਰਕਾਸ਼ਨਾ ਖੇਤਰ ਵਿੱਚ ਪੂਰਨ ਉਤਸ਼ਾਹ ਤੇ ਸਮਰਪਿਤ ਭਾਵਨਾ ਨਾਲ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।
ਉਨ੍ਹਾਂ ਦਸਿਆ ਕਿ ਪਿਛਲੇ ਸਤ ਸਾਲਾਂ ਤੋਂ ਉਹ ਬੁੱਢਾ ਦਲ ਦੇ ਸਕੱਤਰ ਵਜੋਂ ਪੂਰੀ ਇਮਾਨਦਾਰੀ ਤੇ ਮੇਹਨਤ ਨਾਲ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੇ ਬੁੱਢਾ ਦਲ ਦੇ ਪੁਰਾਤਨ ਗ੍ਰੰਥਾਂ ਅਤੇ ਹੋਰ ਗੁਰਮਤਿ ਤੇ ਇਤਿਹਾਸਕ ਸਾਹਿਤ ਨੂੰ ਵੱਡੇ ਉਤਸ਼ਾਹ ਤੇ ਪੂਰੀ ਲਗਨ ਮੇਹਨਤ ਨਾਲ ਮੁੜ ਸਿੱਖ ਜਗਤ ਅੰਦਰ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਸ. ਦਿਲਜੀਤ ਸਿੰਘ ਬੇਦੀ ਵੱਲੋਂ “ਨਿਹੰਗ ਸਿੰਘ ਸੰਦੇਸ਼” ਪੱਤਰ ਦੀ ਪਿਛਲੇ ਸਤ ਸਾਲਾਂ ਤੋਂ ਪੂਰੀ ਸੂਝ ਬੂਝ ਤੇ ਵਿਦਵਤਾ ਭਰਪੂਰ ਸੰਪਾਦਨਾ ਕੀਤੀ ਜਾ ਰਹੀ ਹੈ।
ਉਨ੍ਹਾਂ ਦਸਿਆ ਕਿ ਮੇਰੇ ਤੋਂ ਪਹਿਲਾਂ ਰਹੇ ਬੁੱਢਾ ਦਲ ਦੇ ਮਹਰੂਮ ਜਥੇਦਾਰ ਬਾਬਾ ਸੰਤਾ ਸਿੰਘ ਜੀ ਵੱਲੋਂ ਤਿਆਰ ਕੀਤੇ ਕਰਵਾਏ ਗਏ ਪੁਰਾਤਨ ਇਤਿਹਾਸਕ ਗ੍ਰੰਥ ਜੋ ਪ੍ਰਕਾਸ਼ਨਾ ਅਧੀਨ ਬੁੱਢਾ ਦਲ ਦੇ ਖਜਾਨੇ ਵਿਚ ਸਨ ਉਨ੍ਹਾਂ ਵਿਚੋਂ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਸਰਬਲੋਹ ਗ੍ਰੰਥ ਸਾਹਿਬ, ਦੁਸਹਿਰਾ ਮਹਾਤਮ ਤੇ ਕੁੱਝ ਹੋਰ ਪੋਥੀਆਂ ਮਿਲੀਆਂ ਹਨ ਜਿਨ੍ਹਾਂ ਨੂੰ ਮੁੜ ਸਤਿਕਾਰ ਤੇ ਧੰਨਵਾਦ ਸਹਿਤ ਛਪਾਇਆ ਗਿਆ। “ਸ੍ਰੀ ਦਸਮ ਗ੍ਰੰਥ ਸਾਹਿਬ”, “ਸ੍ਰੀ ਸਰਬਲੋਹ ਗ੍ਰੰਥ ਸਾਹਿਬ” ਦੀ ਛਪਾਈ ਤੇ ਜਿਲਦਸਾਜੀ ਨੂੰ ਨਵੀਨਤਮ ਦਿਖ ਅਨੁਸਾਰ ਮੁੜ ਬੁੱਢਾ ਦਲ ਵੱਲੋਂ ਸੰੁਦਰ ਪ੍ਰਕਾਸ਼ਨਾ ਕੀਤੀ ਗਈ ਹੈ। “ਦੁਸਹਿਰਾ ਮਹਾਤਮ” ਅਤੇ ਸ਼ਹੀਦ ਰਤਨ ਸਿੰਘ ਭੰਗੂ ਵਾਲਾ “ਪ੍ਰਾਚੀਨ ਪੰਥ ਪ੍ਰਕਾਸ਼” ਗ੍ਰੰਥ, ਗੁਰਬਾਣੀ ਦੇ ਸੁੰਦਰ ਗੁਟਕਿਆਂ ਤੋਂ ਇਲਾਵਾ, ਬੁੱਢਾ ਦਲ ਦੇ ਪਹਿਲੇ ਮੁਖੀ ਬਾਬਾ ਬਿਨੋਦ ਸਿੰਘ ਜੀ, ਤੀਜੇ ਮੁਖੀ ਬਾਬਾ ਨਵਾਬ ਕਪੂਰ ਸਿੰਘ ਜੀ, ਚੌਥੇ ਮੁਖੀ ਬਾਬਾ ਜੱਸਾ ਸਿੰਘ ਆਹਲੂਵਾਲੀਆ, ਛੇਵੇਂ ਮੁਖੀ ਅਕਾਲੀ ਬਾਬਾ ਫੂਲਾ ਸਿੰਘ ਜੀ ਦੀਆਂ ਜੀਵਨ ਪੋਥੀਆਂ ਅਤੇ ਬੁੱਢਾ ਦਲ ਦੇ 14 ਜਥੇਦਾਰਾਂ ਦਾ ਜੀਵਨ ਦਰਪਨ ਸੰਗ੍ਰਹਿ, ਨਿਹੰਗ ਸਿੰਘਾਂ ਦੇ ਖਾਲਸਾਈ ਗੜਗੱਜ ਬੋਲੇ, ਖਾਲਸਾ ਵਿਰਾਸਤ ਬੁੱਢਾ ਦਲ ਨੂੰ ਪੜ੍ਹਨ ਪੱਖੋਂ ਯੋਗ ਬਣਾ ਕੇ ਸੁੰਦਰ ਢੰਗ ਨਾਲ ਨਵੀਨਤਮ ਕਿਤਾਬਾਂ ਦੇ ਰੂਪ ਵਿੱਚ ਤਿਆਰ ਕਰਕੇ ਪਾਠਕਾਂ ਦੇ ਦ੍ਰਿਸ਼ਟੀਗੋਚਰ ਕੀਤੀਆਂ ਹਨ। ਵੱਖ-ਵੱਖ ਖੋਜ ਭਰਪੂਰ ਟੈ੍ਰਕਟ ਜੋ ਨਿਹੰਗ ਸਿੰਘਾਂ ਦੇ ਜੀਵਨ ਸਬੰਧੀ ਪੜ੍ਹਨਯੋਗ ਹਨ ਪ੍ਰਕਾਸ਼ਤ ਕੀਤੇ ਤੇ ਕਰਵਾਏ ਜਾ ਰਹੇ ਹਨ।
ਉਨ੍ਹਾਂ ਦਸਿਆ ਕਿ ਸ. ਦਿਲਜੀਤ ਸਿੰਘ ਬੇਦੀ ਵੱਲੋਂ ਬੁੱਢਾ ਦਲ ਦੀਆਂ ਛਾਉਣੀਆਂ ਦੇ ਇਤਿਹਾਸ ਦੀ ਸੁਚਿੱਤਰ ਐਲਬਮ ਵੀ ਛੇਤੀ ਹੀ ਤਿਆਰ ਕਰਕੇ ਪਾਠਕਾਂ ਦੇ ਦ੍ਰਿਸ਼ਟੀਗੋਚਰ ਕੀਤੀ ਜਾ ਰਹੀ ਹੈ। ਉਨ੍ਹਾਂ ਹੋਰ ਦਸਿਆ ਕਿ ਜਲਦੀ ਹੀ ਬੁੱਢਾ ਦਲ ਦੇ ਲਿਟਰੇਚਰ ਹਾਊਸ ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਦੀ ਛਾਉਣੀ ਅੰਮ੍ਰਿਤਸਰ, ਗੁ: ਬੀਬਾਨਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ, ਗੁਰਦੁਆਰਾ ਬੇਰ ਸਾਹਿਬ ਦੇਗਸਰ ਯਾਦਗਾਰ ਬਾਬਾ ਦੀਪ ਸਿੰਘ ਛਾਉਣੀ ਬੁੱਢਾ ਦਲ ਤਲਵੰਡੀ ਸਾਬੋ ਅਤੇ ਗੁ: ਬਾਬਾ ਬੰਬਾ ਸਿੰਘ ਬਗੀਚੀ ਲੋਅਰ ਮਾਲ ਪਟਿਆਲਾ ਵਿਖੇ ਲਿਟਰੇਚਰ ਹਾਊਸ ਸਥਾਪਤ ਕੀਤੇ ਜਾਣਗੇ। ਜਿੱਥੇ ਬੁੱਢਾ ਦਲ ਨਾਲ ਸਬੰਧਤ ਸਾਰਾ ਲਿਟਰੇਚਰ ਉਪਲੱਬਧ ਹੋਵੇਗਾ।