ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ’ਚ ਹੋਇਆ ਭਾਰੀ ਵਾਧਾ - ਸ਼ੈਰੀ ਕਲਸੀ
- ਲੋਕ ਪੱਖੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਸਰਕਾਰ ਵਚਨਵੱਧ
ਰੋਹਿਤ ਗੁਪਤਾ
ਬਟਾਲਾ, 28 ਅਪ੍ਰੈਲ 2025 - ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਹੈ, ਜਿਸਦੇ ਚੱਲਦਿਆਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ਨੂੰ ਲੈ ਕੇ ਭਾਰੀ ਵਾਧਾ ਹੋਇਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ 'ਪੰਜਾਬ ਸਿੱਖਿਆ ਕ੍ਰਾਂਤੀ' ਤਹਿਤ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਨਵੇਂ ਬਣੇ ਕਲਾਸ ਰੂਮਾਂ ਦਾ ਉਦਘਾਟਨ ਕਰਨ ਮੌਕੇ ਕੀਤਾ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਨੂੰ ਬੁਲੰਦੀਆਂ ’ਤੇ ਲਿਜਾਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੇ ਭਵਿੱਖ ਲਈ ਲਗਾਤਾਰ ਕੰਮ ਕਰਦੀ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਦੀ ਕਮਾਨ ਸੰਭਾਲਣ ਉਪਰੰਤ ਹੀ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਿੰਨ ਸਾਲ ਦੇ ਕਾਰਜ ਕਾਲ ਦੌਰਾਨ ਸਰਕਾਰੀ ਸਕੂਲਾਂ ਵਿੱਚ ਵੱਡੇ ਪੱਧਰ 'ਤੇ ਸੁਧਾਰ ਹੋਏ ਹਨ। ਸਰਕਾਰ ਨੇ ਸੂਬੇ ਦੇ ਇਤਿਹਾਸ ਵਿਚ ਪਹਿਲੀ ਵਾਰ ਸਿੱਖਿਆ ਦੇ ਖੇਤਰ ਵਿਚ 12 ਫੀਸਦੀ ਬਜਟ ਦਾ ਵਾਧਾ ਕਰ ਕੇ ਇਤਿਹਾਸ ਸਿਰਜਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਕਰੀਬ 20 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਤਾਰਾਗੜ੍ਹ ਅਰਾਈਆਂ ਵਿਖੇ 7 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਨਾਲ ਨਵੇ ਬਣੇ ਕਲਾਸਰੂਮ, ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਵਿਖੇ ਕਰੀਬ 7 ਲੱਖ 55 ਹਜ਼ਾਰ ਰੁਪਏ ਦੇ ਲਾਗਤ ਨਾਲ ਸ਼ਾਨਦਾਰ ਕਲਾਸਰੂਮ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਨੌਸ਼ਹਿਰਾ ਮੱਝਾ ਵਿਖੇ 24 ਲੱਖ ਰੁਪਏ ਦੀ ਲਾਗਤ ਨਾਲ ਬਣੇ ਕਲਾਸ ਰੂਮਾਂ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ।
ਇਸ ਮੌਕੇ ਬੀ.ਪੀ.ਈ.ਓ ਬਲਵਿੰਦਰ ਸਿੰਘ, ਸੀ.ਐਚ.ਟੀ ਸਟੇਟ ਐਵਾਰਡੀ ਸ੍ਰੀਮਤੀ ਲਾਡਵਿੰਦਰ ਕੌਰ, ਐਚ ਟੀ ਕੰਵਲ ਮਨਦੀਪ ਸਿੰਘ, ਸੀ.ਐਚ.ਟੀ ਸ੍ਰੀਮਤੀ ਵਨੀਤ ਕੌਰ, ਪ੍ਰਧਾਨ ਮਨਦੀਪ ਸਿੰਘ ਗਿੱਲ, ਮੈਨੇਜਰ ਅਤਰ ਸਿੰਘ, ਮਲਕੀਤ ਸਿੰਘ, ਮਨਦੀਪ ਸਿੰਘ, ਰਜਿੰਦਰ ਕੁਮਾਰ, ਅਵਤਾਰ ਸਿੰਘ ਕਲਸੀ, ਸਰਪੰਚ ਬਚਿੱਤਰ ਸਿੰਘ, ਸਰਪੰਚ ਰਾਜਵੀਰ ਸਿੰਘ, ਹੈਪੀ ਸਰਪੰਚ, ਮਨਜੀਤ ਸਿੰਘ ਬੁਮਰਾਹ, ਸਰਪੰਚ ਅੰਗਰੇਜ ਸਿੰਘ, ਸਕੂਲ ਦਾ ਸਮੁੱਚਾ ਸਟਾਫ ਅਤੇ ਪਿੰਡ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਆਦਿ ਹਾਜ਼ਰ ਸਨ।