ਬਿਆਨਾਂ ਲੈ ਕੇ ਰਜਿਸਟਰੀ ਕਰਵਾਉਣ ਤੋਂ ਮੁਕਰਨ ਵਾਲੀ ਔਰਤ ਖ਼ਿਲਾਫ਼ ਮਾਮਲਾ ਦਰਜ
ਦੀਪਕ ਜੈਨ
ਜਗਰਾਉਂ , 26 ਅਪ੍ਰੈਲ 2025 :
ਥਾਣਾ ਸਿਟੀ ਜਗਰਾਉਂ ਵਿਖੇ ਸਾਬਕਾ ਸੂਬੇਦਾਰ ਹਰਮੀਤ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਨੇੜੇ ਗੁਰੂ ਦਾ ਭੱਠਾ ਅਜੀਤ ਨਗਰ ਜਗਰਾਉਂ ਦੀ ਸ਼ਿਕਾਇਤ ਉੱਪਰ ਬਲਵੀਰ ਕੌਰ ਪਤਨੀ ਗੁਰਵਿੰਦਰ ਸਿੰਘ ਵਾਸੀ ਸ਼ਾਸਤਰੀ ਨਗਰ ਜਗਰਾਉਂ ਦੇ ਖਿਲਾਫ ਇੰਡੀਅਨ ਪੈਨਲ ਕੋਡ ਦੀ ਧਾਰਾ 420 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਜਗਰਾਉ ਦੇ ਮੁਖੀ ਇੰਸਪੈਕਟਰ ਵਰਿੰਦਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਬਕਾ ਸੂਬੇਦਾਰ ਹਰਮੀਤ ਸਿੰਘ ਨੇ ਸ਼ਿਕਾਇਤ ਦਰਜ ਕਰਵਾ ਕੇ ਬਲਵੀਰ ਕੌਰ ਉੱਪਰ ਦੋਸ਼ ਲਗਾਏ ਸਨ ਕਿ ਉਸ ਨੇ ਬਿਆਨਾ ਲੈ ਕੇ ਰਜਿਸਟਰੀ ਨਹੀਂ ਕਰਵਾਈ ਅਤੇ ਬਾਰ ਬਾਰ ਬਿਆਨੇ ਦਾ ਸਮਾਂ ਮਿਆਦ ਵਧਾਉਂਦੀ ਰਹੀ ਹੈ। ਜਿਸ ਤੇ ਏਐਸਆਈ ਸੁਖਵਿੰਦਰ ਸਿੰਘ ਇੰਚਾਰਜ ਚੌਂਕੀ ਬਸ ਸਟੈਂਡ ਜਗਰਾਉ ਵੱਲੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਗਈ ਅਤੇ ਸੂਬੇਦਾਰ ਹਰਮੀਤ ਸਿੰਘ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸਹੀ ਠਹਿਰਾਉਂਦੇ ਹੋਏ ਬਲਵੀਰ ਕੌਰ ਪਤਨੀ ਹਰਵਿੰਦਰ ਸਿੰਘ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।