'ਇੱਕ ਜ਼ਿਲ੍ਹਾ ਇੱਕ ਉਤਪਾਤ' ਤਹਿਤ ਨਿਰਯਾਤ ਲਈ ਚੁਣੀ ਪਟਿਆਲਾ ਦੀ ਫ਼ੁਲਕਾਰੀ 'ਚ ਹੋਰ ਨਿਪੁੰਨਤਾ ਲਿਆਂਦੀ ਜਾਵੇਗੀ-ਡਾ. ਪ੍ਰੀਤੀ ਯਾਦਵ
- ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਪੱਧਰੀ ਨਿਰਯਾਤ ਪ੍ਰੋਤਸਾਹਨ ਕਮੇਟੀ ਦੀ ਬੈਠਕ
- ਫ਼ੁਲਕਾਰੀ ਕਾਰੀਗਰਾਂ ਦੇ ਕੰਮ 'ਚ ਹੋਰ ਨਿਪੁੰਨਤਾ ਲਿਆ ਕੇ ਵਿਸ਼ਵ ਪੱਧਰ 'ਤੇ ਪਹੁੰਚਾਇਆ ਜਾਵੇਗਾ-ਡਿਪਟੀ ਕਮਿਸ਼ਨਰ
- ਛੋਟੇ ਕਾਰੋਬਾਰਾਂ ਨੂੰ ਵਿਸ਼ਵ ਵਪਾਰ ਤੱਕ ਪਹੁੰਚਾਉਣ ਲਈ ਯਤਨ ਤੇਜ
ਪਟਿਆਲਾ, 1 ਅਪ੍ਰੈਲ 2025 - ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇੱਥੇ ਜ਼ਿਲ੍ਹਾ ਪੱਧਰੀ ਨਿਰਯਾਤ ਪ੍ਰੋਤਸਾਹਨ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਇੱਕ ਜ਼ਿਲ੍ਹਾ ਇੱਕ ਉਤਪਾਦ ਤਹਿਤ ਪਟਿਆਲਾ ਜ਼ਿਲ੍ਹੇ ਦੀ ਫ਼ੁਲਕਾਰੀ ਨੂੰ ਚੁਣਿਆ ਗਿਆ ਹੈ, ਇਸ ਲਈ ਫ਼ੁਲਕਾਰੀ ਕਾਰੀਗਰਾਂ ਦੇ ਕੰਮ ਵਿੱਚ ਹੋਰ ਨਿਪੁੰਨਤਾ ਲਿਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ।
ਉਨ੍ਹਾਂ ਦੱਸਿਆ ਕਿ ਫ਼ੁਲਕਾਰੀ ਨੂੰ ਵਿਸ਼ਵ ਪੱਧਰ 'ਤੇ ਨਿਰਯਾਤ ਕਰਨ ਲਈ ਫ਼ੁਲਕਾਰੀ ਸਮੇਤ ਹੋਰ ਛੋਟੇ ਕਾਰੋਬਾਰਾਂ ਨੂੰ ਵਿਸ਼ਵ ਪੱਧਰੀ ਵਪਾਰ ਵਿੱਚ ਏਕੀਕ੍ਰਿਤ ਕਰਨ ਲਈ ਉਨ੍ਹਾਂ ਦੇ ਉਤਪਾਦਾਂ ਦੀ ਗੁਣਵੱਧਾ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਤਾਂ ਕਿ ਉਹ ਗਾਹਕਾਂ ਨੂੰ ਆਪਣੇ ਬਿਹਤਰ ਉਤਪਾਦ ਮੁਹੱਈਆ ਕਰਵਾ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਖਪਤਕਾਰਾਂ ਤੇ ਗਾਹਕਾਂ ਨੂੰ ਮਾੜੇ ਉਤਪਾਦਾਂ ਤੋਂ ਬਚਾਉਣ ਲਈ ਬਿਊਰੋ ਆਫ਼ ਇੰਡੀਅਨ ਸਟੈਂਡਰਜ਼ ਦੇ ਮਾਪਦੰਡਾਂ ਮੁਤਾਬਕ ਉਤਪਾਦ ਦੀ ਗੁਣਵੱਤਾ, ਪ੍ਰਮਾਣੀਕਰਨ ਅਤੇ ਮਾਰਕੀਟਿੰਗ ਸਕੀਮਾਂ ਨੂੰ ਲਾਗੂ ਕਰ ਰਹੀ ਹੈ।
ਇਸ ਦੌਰਾਨ ਕਾਰੀਗਰਾਂ ਤੇ ਹੋਰ ਉਦਮੀਆਂ ਨੂੰ ਨਿਰਯਾਤ ਕਿਵੇਂ ਕਰਨਾ ਹੈ, ਨਿਰਯਾਤ ਨੂੰ ਉਤਸ਼ਾਹਤ ਲਈ ਸਰਕਾਰ ਦੀਆਂ ਸਕੀਮਾਂ, ਵਿਸ਼ਵ ਪੱਧਰੀ ਮਾਰਕੀਟ ਦੀ ਪਛਾਣ ਤੇ ਗਾਹਕਾਂ ਦੀ ਚੋਣ, ਉਤਪਾਦ ਦੀ ਆਯਾਤ ਕੌਣ ਕਰਵਾਏਗਾ ਅਤੇ ਨਿਰਯਾਤ ਪ੍ਰੋਤਸਾਹਨ 'ਚ ਫੈਡਰੇਸ਼ਨ ਆਫ਼ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਮੀਟਿੰਗ ਦੌਰਾਨ ਵਿਦੇਸ਼ ਵਪਾਰ ਦੇ ਡਾਇਰੈਕਟਰ ਜਨਰਲ ਦਫ਼ਤਰ ਤੋਂ ਡੀ.ਜੀ.ਐਫ.ਟੀ ਰਾਕੇਸ਼ ਦੀਵਾਨ ਨੇ ਵਿਦੇਸ਼ ਵਪਾਰ ਨੀਤੀ ਤੇ ਪ੍ਰੋਸੀਜਰ-2023 ਬਾਰੇ ਜਾਣਕਾਰੀ ਦਿੰਦਿਆਂ ਉਦਯੋਗਪਤੀਆਂ ਨੂੰ ਨਿਰਯਾਤ ਬਾਰੇ ਦਰਪੇਸ਼ ਮੁਸ਼ਕਿਲਾਂ ਦੇ ਹੱਲ ਤੋਂ ਜਾਣੂ ਕਰਵਾਇਆ। ਡਾਕ ਡਵੀਜਨ ਪਟਿਆਲਾ ਦੇ ਸੀਨੀਅਰ ਸੁਪਰਡੈਂਟ ਸੱਤਿਅਮ ਤਿਵਾੜੀ ਨੇ ਡਾਕ ਘਰ ਨਿਰਯਾਤ ਕੇਂਦਰਾਂ ਬਾਰੇ ਦੱਸਿਆ। ਭਾਰਤੀ ਰੇਲਵੇ ਦੇ ਕਮਰਸ਼ੀਅਲ ਇੰਸਪੈਕਟਰ ਪਟਿਆਲਾ ਡਵੀਜਨ ਨੀਰਜ ਕੁਮਾਰ ਨੇ ਰੇਲਵੇ ਰਾਹੀਂ ਨਿਰਯਾਤ ਦੀ ਜਾਣਕਾਰੀ ਦਿੱਤੀ।
ਈ.ਸੀ.ਜੀ.ਸੀ. ਦੇ ਚੰਡੀਗੜ੍ਹ ਬਰਾਂਚ ਮੁਖੀ ਬਿਜੇ ਸ਼ੰਕਰ ਸ਼ਾਹੂ ਨੇ ਭਾਰਤ ਨਿਯਾਤਕਾਂ ਤੇ ਬੈਂਕਾਂ ਨੂੰ ਨਿਰਯਾਤ ਕਰੈਡਿਟ ਬੀਮਾ ਸਹਾਇਤਾ ਪ੍ਰਦਾਨ ਕਰਨ ਤੇ ਗ਼ੈਰ ਭੁਗਤਾਨ ਜੋਖਮਾਂ ਤੋਂ ਬਚਾਉਣ ਬਾਰੇ ਦੱਸਿਆ ਅਤੇ ਫੈਡਰੇਸ਼ਨ ਆਫ਼ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ ਦੇ ਡਿਪਟੀ ਡਾਇਰੈਕਟਰ ਵਿਨੇ ਸ਼ਰਮਾ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅੰਗਦ ਸਿੰਘ ਸੋਹੀ, ਡਾਇਰੈਕਟਰ ਜਨਰਲ ਫਾਰੇਨ ਟਰੇਡ ਤੋਂ ਰਾਕੇਸ਼ ਦੀਵਾਨ, ਸਮੇਤ ਜ਼ਿਲ੍ਹੇ ਭਰ 'ਚੋਂ ਉਦਯੋਗਪਤੀ ਤੇ ਫ਼ੁਲਕਾਰੀ ਦੇ ਕਾਰੀਗਰਾਂ ਨੇ ਸ਼ਿਰਕਤ ਕੀਤੀ।