ਮਾਨ ਸਰਕਾਰ ਵੱਲੋਂ ਪਿੰਡਾ ਚ ਖੇਡ ਗਰਾਊਂਡਾ ਨੂੰ ਕੀਤਾ ਜਾਵੇਗਾ ਵਿਕਸਤ : ਵਿਧਾਇਕ ਗੁਰਲਾਲ ਘਨੌਰ
ਹਲਕਾ ਘਨੌਰ ਦੇ ਪਿੰਡਾਂ ਚ 22 ਕਰੋੜ ਨਾਲ ਤਿਆਰ ਹੋਣਗੇ ਖੇਡ ਗਰਾਉਡ
ਕੁਲਵੰਤ ਸਿੰਘ ਬੱਬੂ
ਰਾਜਪੁਰਾ, 31 ਮਾਰਚ ):ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਪਹਿਲੀ ਵਾਰ ਮੈਗਾ ਸਪੋਰਟਸ 'ਖੇਡਦਾ ਪੰਜਾਬ ਬਦਲਤਾ ਪੰਜਾਬ' ਸ਼ੁਰੂ ਕਰਨ ਨਾਲ ਪਿੰਡਾ ਚ ਖੇਡਾਂ ਦੇ ਖੇਤਰ ਵਿੱਚ ਵੱਡਾ ਸੁਧਾਰ ਆਵੇਗਾ।ਜਿਸ ਨਾਲ ਨੋਜਵਾਨ ਵਰਗ ਨੂੰ ਜਿਥੇ ਖੇਡਾਂ ਵਿਚ ਅੱਗੇ ਵੱਧਣ ਦਾ ਮੌਕਾ ਮਿਲੇਗਾ, ਉਥੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ 'ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਨੂੰ ਸਫ਼ਲਤਾ ਪ੍ਰਾਪਤ ਹੋਵੇਗੀ। ਇਸ ਤਹਿਤ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਸ਼ੰਭੂ ਕਲਾ ਰਾਜਪੁਰਾ ਵਿਖੇ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਸਮੂਹ ਪੰਚਾਇਤ ਸਕੱਤਰਾਂ ਅਤੇ ਨਰੇਗਾ ਅਧਿਕਾਰੀਆਂ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਉਚੇਚੇ ਤੌਰ ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਕਬੱਡੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਧਾਇਕ ਘਨੌਰ ਵੱਲੋਂ ਪੰਚਾਇਤ ਸਕੱਤਰਾਂ ਦੇ ਰਾਹੀ ਹਲਕਾ ਘਨੌਰ ਅਧੀਨ ਪੈਂਦੇ ਪਿੰਡਾਂ ਵਿੱਚ ਖੇਡ ਗਰਾਊਂਡ ਨੂੰ ਤਿਆਰ ਕਰਨ ਦੇ ਲਈ ਪੰਚਾਇਤੀ ਥਾਵਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ ਗਈ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਹਲਕਾ ਘਨੋਰ ਅਧੀਨ ਪੈਂਦੇ 175 ਪਿੰਡਾਂ ਦੇ ਵਿੱਚ 22 ਕਰੋੜ ਰੁਪਏ ਦੀ ਲਾਗਤ ਦੇ ਨਾਲ ਖੇਡ ਗਰਾਊਂਡ ਅਤੇ ਵਾਲੀਬਾਲ ਗਰਾਊਂਡ ਤਿਆਰ ਕੀਤੇ ਜਾ ਰਹੇ ਹਨ। ਇਹਨਾਂ ਖੇਡ ਗਰਾਊਂਡ ਅਤੇ ਵਾਲੀਬਾਲ ਗਰਾਊਂਡ ਤਿਆਰ ਕਰਨ ਦੇ ਲਈ ਸਮੂਹ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇੱਕ ਖੇਡ ਗਰਾਊਂਡ ਤਿਆਰ ਕਰਨ ਉੱਤੇ ਕਰੀਬ ਸਾਢੇ 6 ਲੱਖ ਰੁਪਏ ਦੀ ਲਾਗਤ ਖਰਚ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਖੇਡ ਗਰਾਊਂਡਾ ਦੀ ਸ਼ੁਰੂਆਤ ਹਲਕਾ ਘਨੋਰ ਦੇ ਪਿੰਡਾਂ ਤੋਂ ਇੱਕ ਅਪ੍ਰੈਲ 2025 ਤੋਂ ਕਰ ਦਿੱਤੀ ਜਾਵੇਗੀ ਅਤੇ ਕਰੀਬ 15 ਮਈ 2025 ਤੱਕ ਇਸ ਟੀਚੇ ਨੂੰ ਮੁਕੰਮਲ ਕੀਤਾ ਜਾਵੇਗਾ। ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਪਿੰਡਾਂ ਦੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਖੇਡਾਂ ਲਈ ਬਹੁਤ ਪ੍ਰਤਿਭਾ ਹੈ ਪਰ ਸਹੀ ਖੇਡ ਗਰਾਊਂਡ ਨਹੀ ਸਨ ਇਸ ਲਈ ਮਾਨ ਸਰਕਾਰ ਨੇ ਖੇਡਦਾ ਪੰਜਾਬ ਬਦਲਤਾ ਪੰਜਾਬ’ ਦੇ ਸਪਨੇ ਨੂੰ ਪੂਰਾ ਕਰਨ ਲਈ ਪਿੰਡਾ ਚ ਖੇਡ ਗਰਾਊਂਡਾ ਨੂੰ ਵਿਕਸਤ ਕਰਨ ਦਾ ਇਤਿਹਾਸਕ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਪੂਰੇ ਪੰਜਾਬ ਅੰਦਰ ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸੇ ਤੋਂ ਮੋੜ ਕੇ ਖੇਡਾਂ ਵੱਲ ਮੁਹਾਰਾਂ ਮੋੜਨ ਦਾ ਟੀਚਾ ਮਿਥਿਆ ਗਿਆ ਹੈ।
ਜਿਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ 985 ਕਰੋੜ ਰੁਪਏ ਦਾ ਬਜਟ ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸੇ ਤੋਂ ਮੋੜ ਕੇ ਖੇਡਾਂ ਵਾਲੇ ਪਾਸੇ ਲਗਾਉਣ ਦੇ ਲਈ ਰੱਖਿਆ ਗਿਆ ਹੈ। ਜਦਕਿ ਇਸ ਤੋਂ ਪਹਿਲਾਂ ਸਮੇ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸਿਰਫ 200 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ। ਉਹਨਾਂ ਕਿਹਾ ਕਿ ਜਿਹੜੇ ਪਿੰਡਾਂ ਦੇ ਵਿੱਚ ਵਾਲੀਬਾਲ ਗਰਾਊਂਡ ਅਤੇ ਖੇਡ ਗਰਾਊਂਡ ਬਣਾਉਣ ਦੇ ਲਈ ਸਰਕਾਰੀ ਥਾਂ ਨਹੀਂ ਮਿਲੇਗੀ ਤਾਂ ਉੱਥੇ ਸਰਕਾਰੀ ਸਕੂਲਾਂ ਦੇ ਗਰਾਊਂਡ ਦੇ ਵਿੱਚ ਹੀ ਵਾਲੀਬਾਲ ਗਰਾਊਂਡ ਤਿਆਰ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਧਿਆਨ ਦੇਣ ਤਾਂ ਜੋ ਹਲਕਾ ਘਨੌਰ ਨੂੰ ਖੁਸ਼ਹਾਲ ਅਤੇ ਸੂਬੇ ਦਾ ਮੋਹਰੀ ਹਲਕਾ ਬਣਾਇਆ ਜਾ ਸਕੇ। ਇਸ ਦੌਰਾਨ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ ਵੱਲੋਂ ਸਮੂਹ ਪੰਚਾਇਤ ਸਕੱਤਰਾਂ ਨੂੰ ਹਦਾਇਤ ਕੀਤੀ ਕਿ ਉਹ ਅਧੀਨ ਪੈਂਦੇ ਪਿੰਡਾਂ ਦੇ ਵਿੱਚ ਵਾਲੀਬਾਲ ਗਰਾਊਂਡ ਤਿਆਰ ਕਰਨ ਦੇ ਲਈ ਜਗ੍ਹਾ ਦੀ ਚੋਣ ਕਰ ਲੈਣ ਤਾਂ ਜੋ ਵਾਲੀਬਾਲ ਗਰਾਊਂਡ ਤਿਆਰ ਕਰਨ ਸਮੇਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ। ਇਸ ਮੌਕੇ ਸਰਪੰਚ ਦਵਿੰਦਰ ਸਿੰਘ ਕੁੱਥਾ ਖੇੜੀ, ਸਰਪੰਚ ਇੰਦਰਜੀਤ ਸਿੰਘ ਸਿਆਲੂ,ਭੁਪਿੰਦਰ ਸਿੰਘ ਭਿੰਦਾ ਖਾਨਪੁਰ ਗੰਡਿਆ, ਪੀਏ ਗੁਰਤਾਜ ਸਿੰਘ ਸੰਧੂ ਸਮੇਤ ਸਮੂਹ ਪੰਚਾਇਤ ਸਕੱਤਰ, ਗਰਾਮ ਸੇਵਕ, ਨਰੇਗਾ ਅਧਿਕਾਰੀ ਸਮੇਤ ਹੋਰ ਹਾਜ਼ਰ ਸਨ।