ਕਪੂਰਥਲਾ ਦੇ ਪਿੰਡ ਹਮੀਰਾ ਫੈਕਟਰੀ ਦੇ ਗੰਦੇ ਪਾਣੀ ਨੂੰ ਲੈ ਕੇ ਲੱਖਾ ਸਿਧਾਣਾ ਅਤੇ ਅਮਤੋਜ ਮਾਨ ਨੇ ਕੀਤਾ ਇਕੱਠ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 28 ਮਾਰਚ 2025 - ਕਪੂਰਥਲਾ ਦੇ ਪਿੰਡ ਹਮੀਰਾ ਵਿਖੇ ਅੱਜ ਵੱਡੀ ਗਿਣਤੀ ਵਿੱਚ ਹਾਜ਼ਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਮਿਤੋਜ ਮਾਨ ਤੇ ਲੱਖਾ ਸਿਧਾਣਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਹੰਬਲਾ ਮਾਰਨਾ ਪਵੇਗਾ । ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ ਤੇ ਅਸੀਂ ਪਿੰਡ- ਪਿੰਡ, ਸ਼ਹਿਰ- ਸ਼ਹਿਰ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਤਾਂ ਜੋ ਲੋਕਾਂ ਨੂੰ ਖ਼ਤਰਨਾਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਸਾਡੇ ਪੰਜਾਬ ਕੋਲ ਸਿਰਫ ਧਰਤੀ ਹੇਠੋਂ ਨਿਕਲਣ ਵਾਲਾ ਪਾਣੀ ਹੀ ਹੈ ਨਾ ਕਿ ਕੋਈ ਹੋਰ ਵਸਤੂ ਜਿਵੇਂ ਕੋਇਲਾ, ਪੈਟਰੋਲ, ਡੀਜ਼ਲ, ਹੀਰੇ ਹਨ।
ਇਸ ਮੌਕੇ ਉਹਨਾਂ ਨੇ ਹਮੀਰਾ ਇੰਡਸਟਰੀਜ ਵੱਲੋਂ ਤਲਾਬਾਂ ਵਿੱਚ ਪਾਇਆ ਜਾ ਰਿਹਾ ਗੰਦਾ ਪਾਣੀ ਤੇ ਉਥੇ ਆ ਰਹੀ ਗੰਦੀ ਸਮੈਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇੱਥੇ ਤਾਂ ਖੜਾ ਨਹੀਂ ਹੋਇਆ ਜਾ ਰਿਹਾ ਪਿੰਡ ਹਮੀਰਾ ਵਾਸੀ ਤੇ ਨਜਦੀਕੀ ਪਿੰਡਾਂ ਵਾਲੇ ਲੋਕ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਇਸ ਤਰ੍ਹਾਂ ਦੇ 15 ਦੇ ਕਰੀਬ ਤਲਾਬ ਹੁੰਦੇ ਸਨ ਤੇ ਹੁਣ ਇੱਕ ਹੀ ਰਹਿ ਗਿਆ ਹੈ। ਉਹਨਾਂ ਕਿਹਾ ਕਿ ਕਥਿਤ ਤੌਰ ਤੇ ਫੈਕਟਰੀ ਵਾਲੇ ਫੈਕਟਰੀ ਦੇ ਅੰਦਰ ਹੀ ਬੋਰ ਕਰਕੇ ਪਾਣੀ ਧਰਤੀ ਵਿੱਚ ਪਾ ਰਹੇ ਹਨ। ਜਿਸ ਕਰਕੇ ਮੋਟਰਾਂ ਤੇ ਘਰਾਂ ਵਿਚ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ। ਇਸ ਮੌਕੇ ਲੱਖਾ ਸਿਧਾਣਾ ਤੇ ਅਮਿਤੋਜ ਮਾਨ ਨੇ ਕੁਝ ਘਰਾਂ ਦਾ ਪਾਣੀ ਚੈੱਕ ਕਰਨ ਤੋਂ ਇਲਾਵਾ ਇੱਕ ਮੋਟਰ ਤੇ ਵੀ ਪਾਣੀ ਚੈੱਕ ਕਰਨ ਗਏ ਜਿੱਥੇ ਪਾਣੀ ਬਿਲਕੁਲ ਲਾਲ ਰੰਗ ਦਾ ਹੋਇਆ ਪਿਆ ਸੀ।
ਇਸ ਮੌਕੇ ਲੱਖੇ ਸਿਧਾਣੇ ਤੇ ਅਮਿਤੋਜ ਮਾਨ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਪਾਣੀ ਦੇ ਮਸਲਿਆਂ ਲਈ ਇਕੱਠੇ ਹੋ ਕੇ ਲੜਨਾ ਪਵੇਗਾ ਜੇ ਅਸੀਂ ਅੱਜ ਸਾਰਾ ਪੰਜਾਬ ਇੱਕ ਛੱਤ ਥੱਲੇ ਇਕੱਠੇ ਹੋ ਕੇ ਨਹੀਂ ਲੜਦੇ ਤਾਂ ਆਉਣ ਵਾਲੇ ਪੰਜਾਂ ਸੱਤਾਂ ਸਾਲਾਂ ਵਿੱਚ ਆਪਣੀਆਂ ਨਸਲਾਂ ਬਰਬਾਦ ਹੋ ਜਾਣਗੀਆਂ ਤੇ ਲੋਕ ਬਿਮਾਰੀਆਂ ਨਾਲ ਤੜਫ ਤੜਫ ਕੇ ਮਰ ਜਾਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਤਲਵੰਡੀ ਸਾਬੋ ਕੀ ਵਿਖੇ ਵੱਡਾ ਇਕੱਠ ਕੀਤਾ ਜਾਵੇਗਾ। ਜਿਸ ਵਿੱਚ ਆਪ ਇਲਾਕਾ ਨਿਵਾਸੀ ਵੱਧ ਚੜ ਕੇ ਹਿੱਸਾ ਲਵੋ ਤੇ ਧਰਤੀ ਹੇਠਲੇ ਪਾਣੀ ਤੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਤੇ ਲੜਾਈ ਹੋਰ ਤੇਜ਼ ਕੀਤੀ ਜਾ ਸਕੇ।
ਇਸ ਮੌਕੇ ਐਡਵੋਕੇਟ ਕੁਲਵੰਤ ਸਿੰਘ ਨੇ ਅਮਿਤੋਜ ਮਾਨ, ਲੱਖਾ ਸਿਧਾਣਾ ਤੇ ਉਨ੍ਹਾਂ ਦੇ ਨਾਲ ਆਏ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਪਰਵਿੰਦਰ ਸਿੰਘ ਸਰਾਂ, ਐਡਵੋਕੇਟ ਮਨਦੀਪ ਸਿੰਘ ਇਬਰਾਹਿਮਵਾਲ, ਸਾਬਕਾ ਸਰਪੰਚ ਸਤਨਾਮ ਸਿੰਘ ਹਮੀਰਾ, ਜਸਵਿੰਦਰ ਸਿੰਘ ਜੰਮੂ, ਅਮਨਪ੍ਰੀਤ ਸਿੰਘ ਜੰਮੂ, ਮਨਦੀਪ ਸਿੰਘ ਸੰਧੂ, ਸੁਖਵੰਤ ਸਿੰਘ, ਜਗਮੀਤ ਸਿੰਘ ਜੱਗੀ, ਸੁਖਦੇਵ ਸਿੰਘ ਦੇਬੂ, ਜੋਗਿੰਦਰ ਸਿੰਘ, ਨੰਬਰਦਾਰ ਬਲਦੇਵ ਸਿੰਘ, ਪਰਮਜੀਤ ਸਿੰਘ ਪੱਡਾ ਸਰਪੰਚ ਜੋਗਿੰਦਰ ਸਿੰਘ ਪੱਡਾ, ਭੁਪਿੰਦਰ ਸਿੰਘ ਜੰਮੂ, ਜਸਵਿੰਦਰ ਸਿੰਘ ਕੋਕਲਪੁਰੀਆ, ਸਰਪੰਚ ਸੁਰਜੀਤ ਕੌਰ ਹਮੀਰਾ, ਮਨਦੀਪ ਸਿੰਘ ਬਾਜਵਾ, ਦਰਸ਼ਨ ਸਿੰਘ ਠੇਕੇਦਾਰ, ਚਰਨਜੀਤ ਸਿੰਘ, ਜਤਿੰਦਰ ਸਿੰਘ, ਸੁਖਦੇਵ ਸਿੰਘ ਸਰਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।