ਲੈਹਲੀ ਕਬੱਡੀ ਟੂਰਨਾਮੈਂਟ 'ਚ ਲੈਹਲੀ - ਬਨੂੰੜ ਦੀ ਟੀਮ ਨੇ ਗੱਡੇ ਝੰਡੇ
- ਰੰਧਾਵਾ ਵੱਲੋਂ ਪ੍ਰਬੰਧਕਾਂ ਨੂੰ 21 ਹਜ਼ਾਰ ਦੀ ਰਾਸ਼ੀ ਭੇਟ
ਮਲਕੀਤ ਸਿੰਘ ਮਲਕਪੁਰ
ਲਾਲੜੂ 28 ਮਾਰਚ 2025: ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਪ੍ਰਬੰਧਕ ਕਮੇਟੀ ਅਤੇ ਯੂਵਕ ਸੇਵਾਵਾਂ ਕਲੱਬ ਲੈਹਲੀ ਵੱਲੋਂ ਪਿੰਡ ਲੈਹਲੀ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਤੈ ਹਰਿਆਣਾ ਸਮੇਤ ਚੰਡੀਗੜ੍ਹ ਦੀਆਂ ਟੀਮਾਂ ਨੇ ਹਿੱਸਾ ਲਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਪ੍ਰਬੰਧਕ ਸਾਬਕਾ ਸਰਪੰਚ ਬਲਕਾਰ ਸਿੰਘ , ਕੁਲਵਿੰਦਰ ਸਿੰਘ ਬਾਜਵਾ ਤੇ ਭਿੰਦਰ ਧਾਂਦੀ ਨੇ ਦੱਸਿਆ ਕਿ ਕਬੱਡੀ ਟੂਰਨਾਮੈਂਟ ਵਿੱਚ ਓਪਨ ਅਤੇ 75 ਕਿੱਲੋ ਵਰਗ ਦੇ ਮੁਕਾਬਲੇ ਕਰਵਾਏ ਗਏ । ਓਪਨ ਕਬੱਡੀ ਦੇ ਹੋਏ ਮੁਕਾਬਲਿਆਂ ਵਿੱਚ ਲੈਹਲੀ- ਬਨੂੰੜ ਕਲੱਬ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰ ਕੇ 61 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਜਦਕਿ ਦੂਜੇ ਸਥਾਨ ਉਤੇ ਰਹੀ ਪੜੌਲ (ਨੇੜੇ ਨਿਊ ਚੰਡੀਗੜ੍ਹ) ਦੀ ਟੀਮ ਨੇ 51 ਹਜ਼ਾਰ ਰੁਪਏ ਦੀ ਰਾਸ਼ੀ ਜਿੱਤੀ ।
ਇਸੇ ਪ੍ਰਕਾਰ 75 ਕਿਲੋ ਦੇ ਵਰਗ ਵਿੱਚ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਮੁਕੰਦਪੁਰ ਦੀ ਟੀਮ ਨੂੰ 6100 ਰੁਪਏ ਅਤੇ ਦੂਜਾ ਸਥਾਨ ਹਾਸਿਲ ਕਰਨ ਵਾਲੀ ਸੂਰਮੀ (ਹਰਿਆਣਾ) ਦੀ ਟੀਮ ਨੂੰ 5100 ਰੁਪਏ ਰਾਸ਼ੀ ਦਿੱਤੀ ਗਈ। ਕਬੱਡੀ ਟੂਰਨਾਮੈਂਟ ਵਿੱਚ ਵਿਸ਼ੇਸ਼ ਤੌਰ ਉਤੇ ਪੁੱਜੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪ੍ਰਬੰਧਕਾਂ ਨੂੰ 21 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਦਕਿ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੇਬੀਰ ਸਿੰਘ ਢਿੱਲੋਂ , ਆਪ ਆਗੂ ਸੁਭਾਸ਼ ਸ਼ਰਮਾ ਤੇ ਨਿਰਮੈਲ ਸਿੰਘ ਜੌਲਾ ਕਲਾਂ ਨੇ ਟੂਰਨਾਮੈਂਟ 'ਚ ਸ਼ਮੂਲੀਅਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਟੂਰਨਾਮੈਂਟ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਲੱਖੋਵਾਲ ਜਥੇਬੰਦੀਆਂ ਦੇ ਆਗੂਆਂ ਵੱਲੋਂ ਹਾਜ਼ਰੀ ਲਗਵਾਈ ਗਈ ।
ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਟੂਰਨਾਮੈਂਟ ਪ੍ਰਬੰਧਕਾਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਅਗਲੇ ਸਾਲ ਤੱਕ ਲਹਿਲੀ ਵਿਚ ਵੱਡਾ ਖੇਡ ਸਟੇਡੀਅਮ ਬਣਾ ਦਿੱਤਾ ਜਾਵੇਗਾ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਟੂਰਨਾਮੈਂਟ ਵਿੱਚ ਪੁੱਜੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਜਸਵੀਰ ਸਿੰਘ, ਮਨਜੀਤ ਸਿੰਘ ਜਲਾਲਪੁਰ,ਸੋਨੂੰ ਨਰੂਲਾ,ਸਵਰਨ ਸਿੰਘ ਪੰਮੀ,ਜੱਸੀ,ਚੰਨੀ, ਹਰਨੇਕ ਸਿੰਘ, ਕਪਤਾਨ ਸਿੰਘ, ਲਾਭ ਸਿੰਘ , ਕੌਮਾਂਤਰੀ ਕਬੱਡੀ ਖਿਡਾਰੀ ਗੁਰਦੀਪ ਸਿੰਘ,ਬਲਬੀਰ ਸਿੰਘ ,ਲਾਲਾ, ਬਲਜਿੰਦਰ ਸਿੰਘ ਤੇ ਸੰਤੋਖ ਸਿੰਘ ਆਦਿ ਨੇ ਵੱਡੀ ਭੂਮਿਕਾ ਨਿਭਾਈ।