BabuShahi Special: ਧਨਾਢਾਂ ਦਾ ਦਬਾਅ, ਰੇਲਾਂ ਨੂੰ ਨਾ ਮਿਲਿਆ ਰਾਹ ਲੁੱਟੀਂਦੇ ਲੋਕ
ਅਸ਼ੋਕ ਵਰਮਾ
ਬਠਿੰਡਾ,28ਮਾਰਚ 2025:ਕੀ ਰਾਜਧਾਨੀ ਚੰਡੀਗੜ੍ਹ ਤੱਕ ਰੇਲ ਲਿੰਕ ਨਾਂ ਬਣਨ ਪਿੱਛੇ ਧਨਾਡ ਟਰਾਂਸਪੋਰਟਰਾਂ ਦਾ ਦਬਾਅ ਹੈ ਜਿੰਨ੍ਹਾਂ ਨੂੰ ਪਟਿਆਲਾ ਚੰਡੀਗੜ੍ਹ ਰੂਟ ਤੇ ਰੇਲ ਗੱਡੀਆਂ ਚੱਲਣ ਨਾਲ ਆਪਣੀ ਆਮਦਨ ਨੂੰ ਵੱਡੀ ਪੱਧਰ ਤੇ ਸੱਟ ਵੱਜਣ ਦਾ ਖਤਰਾ ਸਤਾ ਰਿਹਾ ਹੈ। ਆਮ ਲੋਕਾਂ ਅਤੇ ਅਕਸਰ ਰਾਜਧਾਨੀ ਚੰਡੀਗੜ੍ਹ ਜਾਣ ਲਈ ਸਫਰ ਕਰਨ ਵਾਲੇ ਮੁਸਾਫਰਾਂ ’ਚ ਚੱਲ ਰਹੀ ਚੁੰਝ ਚਰਚਾ ਦੀ ਮੰਨੀਏ ਤਾਂ ਕਾਫੀ ਹੱਦ ਤੱਕ ਇਸ ਗੱਲ ਵਿੱਚ ਵਜ਼ਨ ਜਾਪਦਾ ਹੈ। ਜਾਣਕਾਰੀ ਅਨੁਸਾਰ ਰਾਜਪੁਰਾ ਤੋਂ ਨਲਾਸ ਤੱਕ ਰੇਲ ਲਾਈਨ ਵਿਛਾਈ ਜਾ ਚੁੱਕੀ ਹੈ ਜਦੋਂਕਿ ਅੱਗੇ ਸਿਰਫ 16 ਕਿੱਲੋਮੀਟਰ ਟਰੈਕ ਵਿਛਾਉਣਾ ਬਾਕੀ ਹੈ। ਇਸ ਰੇਲ ਲਾਈਨ ਲਈ ਫਤਿਹਗੜ੍ਹ ਸਾਹਿਬ , ਪਟਿਆਲਾ ਅਤੇ ਮੁਹਾਲੀ ਜਿਲਿ੍ਹਆਂ ਦੀ ਤਕਰੀਬਨ 41 ਏਕੜ ਜਮੀਨ ਐਕਵਾਇਰ ਕੀਤੀ ਜਾਣੀ ਹੈ। ਸੂਤਰ ਦੱਸਦੇ ਹਨ ਕਿ ਇਸ ਪ੍ਰਜੈਕਟ ਲਈ ਬਜਟ ਦਾ ਅਨੁਮਾਨ ਵੀ ਲਾਇਆ ਜਾ ਚੁੱਕਿਆ ਹੈ ਅਤੇ ਕਿਸਾਨ ਜਮੀਨ ਦੇਣ ਨੂੰ ਵੀ ਤਿਆਰ ਦੱਸੇ ਜਾ ਰਹੇ ਹਨ।
ਸੂਤਰਾਂ ਨੇ ਦੱਸਿਆ ਹੈ ਕਿ ਬੁਰਜੀਆਂ ਤੋਂ ਇਲਾਵਾ ਨਕਸ਼ੇ ਵੀ ਬਣਾਏ ਜਾ ਚੁੱਕੇ ਹਨ। ਇਸ ਦੇ ਬਾਵਜੂਦ ਰਾਜਪੁਰਾ ਮੁਹਾਲੀ ਰੇਲ ਲਿੰਕ ਲਈ ਜਮੀਨ ਐਕਵਾਇਰ ਕਰਨ ਵਿੱਚ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਹੈ। ਰੇਲ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਜਦੋਂ ਪੰਜਾਬ ਸਰਕਾਰ ਜਮੀਨ ਮੁਹੱਈਆ ਨਹੀਂ ਕਰਵਾ ਸਕੀ ਤਾਂ ਇਹ ਪ੍ਰਜੈਕਟ ਇੱਕ ਵਾਰ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ। ਰੇਲ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜੇਕਰ ਹੁਣ ਰੇਲ ਰਾਹੀਂ ਮੁਹਾਲੀ ਜਾਣਾ ਹੋਵੇ ਤਾਂ ਵਾਇਆ ਸਰਹਿੰਦ ਫਤਿਹਗੜ੍ਹ ਸਾਹਿਬ ਹੋਕੇ ਜਾਣਾ ਪੈਂਦਾ ਹੈ ਜੋਕਿ ਦੂਰ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸਿੱਧੀ ਰੇਲ ਲਾਈਨ ਵਿਛਾ ਦਿੱਤੀ ਜਾਂਦੀ ਹੈ ਤਾਂ ਸਮਾਂ ਵੀ ਘੱਟ ਲੱਗੇਗਾ ਅਤੇ ਪੈਸਿਆਂ ਦੀ ਬੱਚਤ ਵੀ ਹੋਵੇਗੀ। ਵੇਰਵਿਆਂ ਅਨੁਸਾਰ ਇਕੱਲੇ ਬਠਿੰਡਾ ਤੋਂ ਰੋਜਾਨਾ ਔਸਤਨ 7 ਤੋਂ 8 ਸੌ ਲੋਕ ਪ੍ਰਾਈਵੇਟ ਏਸੀ ਜਾਂ ਸਰਕਾਰੀ ਬੱਸਾਂ ਰਾਹੀਂ ਚੰਡੀਗੜ੍ਹ ਜਾਂਦੇ ਹਨ ਜਦੋਂਕਿ ਰਾਹ ’ਚ ਪੈਂਦੇ ਸ਼ਹਿਰਾਂ ਤੋਂ ਰਾਜਧਾਨੀ ਜਾਣ ਵਾਲਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ।
ਖਾਸ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਦੇ ਦਫਤਰਾਂ ’ਚ ਜਾਣ ਵਾਲੇ ਮੁਲਾਜਮਾਂ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਆਦਿ ’ਚ ਵੀ ਲੋਕਾਂ ਨੂੰ ਆਪੋ ਆਪਣੇ ਕੰਮ ਧੰਦਿਆਂ ਲਈ ਅਕਸਰ ਚੰਡੀਗੜ੍ਹ ਜਾਣਾ ਪੈਂਦਾ ਹੈ। ਬਠਿੰਡਾ ਤੋਂ ਚੱਲਣ ਵਾਲੀ ਪ੍ਰਾਈਵੇਟ ਏਸੀ ਲਗਜ਼ਰੀ ਬੱਸ ਦਾ ਕਿਰਾਇਆ 700 ਰੁਪਏ ਹੈ ਜੋਕਿ ਪੱਕੀਆਂ ਜਾਂ ਜਿਆਦਾ ਸਵਾਰੀਆਂ ਤੋਂ 600 ਰੁਪਏ ਤੱਕ ਵੀ ਵਸੂਲ ਲਿਆ ਜਾਂਦਾ ਹੈ। ਇਸ ਦੇ ਉਲਟ ਸਰਕਾਰੀ ਏਸੀ ਬੱਸ ਸੇਵਾ ਦਾ ਕਿਰਾਇਆ ਤਕਰੀਬਨ 450 ਰੁਪਏ ਅਤੇ ਸਧਾਰਨ ਬੱਸ ਹੋਰ ਵੀ ਸਸਤੀ ਪੈਂਦੀ ਹੈ। ਬਠਿੰਡਾ ਤੋਂ ਮੁਹਾਲੀ ਤੱਕ ਰੇਲ ਸਫਰ ਦੀ ਸਹੂਲਤ ਸ਼ੁਰੂ ਹੋਣ ਦੀ ਸੂਰਤ ’ਚ ਆਮ ਕਿਸਮ ਦੀ ਬੱਸ ਨਾਲੋਂ ਵੀ ਘੱਟ ਪੈਸੇ ਲੱਗਣਗੇ ਅਤੇ ਸਫਰ ਵੀ ਅਰਾਮਦਾਇਕ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਤੋਂ ਰਾਜਪੁਰਾ ਤੱਕ ਰੇਲ ਲਾਈਨ ਨੂੰ ਦੋਹਰੀ ਕਰਨ ਦਾ ਪ੍ਰਜੈਕਟ ਮੁਕੰਮਲ ਹੋ ਗਿਆ ਹੈ ਅਤੇ ਬਿਜਲੀਕਰਨ ਦਾ ਕੰਮ ਬਕਾਇਆ ਹੈ ਜਿਸ ਦੇ ਜਲਦੀ ਹੀ ਨੇਪਰੇ ਚੜ੍ਹਨ ਦੀ ਆਸ ਹੈ।
ਰੇਲ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਗੱਡੀਆਂ ਬਿਜਲੀ ਨਾਲ ਚੱਲਣ ਲੱਗ ਪਈਆਂ ਤਾਂ ਨਾਂ ਕੇਵਲ ਪ੍ਰਦੂਸ਼ਣ ਘਟੇਗਾ ਬਲਕਿ ਰਫਤਾਰ ਵੀ ਵਧੇਗੀ ਜੋ ਸਮਾਂ ਬਚਾਉਣ ’ਚ ਸਹਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਡਾਕਟਰ ਧਰਮਵੀਰ ਗਾਂਧੀ ਦੇ ਯਤਨਾਂ ਦੀ ਬਦੌਲਤ ਇਹ ਪ੍ਰਜੈਕਟ ਹੋਂਦ ’ਚ ਆਇਆ ਸੀ ਜਿੰਨ੍ਹਾਂ ਪਿਛਲੀ ਕਾਂਗਰਸ ਸਰਕਾਰ ਦੇ ਰਾਜ ’ਚ ਤੱਤਕਾਲੀ ਮੁੱਖ ਮੰਤਰੀ ਨਾਲ ਮੀਟਿੰਗ ਵੀ ਕੀਤੀ ਸੀ ਜਿਸ ਦਾ ਕੋਈ ਸਾਰਥਿਕ ਸਿੱਟਾ ਨਹੀਂ ਨਿਕਲਿਆ ਸੀ। ਪਟਿਆਲਾ ਦੇ ਇੱਕ ਕਾਂਗਰਸੀ ਆਗੂ ਨੇ ਦੱਸਿਆ ਕਿ ਡਾਕਟਰ ਗਾਂਧੀ ਇਸ ਪ੍ਰਜੈਕਟ ਨਿੱਜੀ ਦਿਲਚਸਪੀ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਰੇਲਵੇ ਬੋਰਡ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਸਨ। ਓਧਰ ਇਸ ਮਾਮਲੇ ਸਬੰਧੀ ਪੰਜਾਬ ਸਰਕਾਰ ਦਾ ਪੱਖ ਜਾਨਣ ਲਈ ਵਜ਼ੀਰ ਅਮਨ ਅਰੋੜਾ ਨਾਲ ਸੰਪਰਕ ਕਰਨ ਤੇ ਫੋਨ ਉਨ੍ਹਾਂ ਦੇ ਨਿੱਜੀ ਸਹਾਇਕ ਨੇ ਚੁੱਕਿਆ ਜਿੰਨ੍ਹਾਂ ਕਿਹਾ ਕਿ ਮੰਤਰੀ ਕਿਸੇ ਜਰੂਰੀ ਕੰਮ ’ਚ ਰੁੱਝੇ ਹੋਏ ਹਨ।
ਕਈ ਜ਼ਿਲ੍ਹਿਆਂ ਨੂੰ ਫਾਇਦਾ
ਬਠਿੰਡਾ ਰਾਜਪੁਰਾ ਮੁਹਾਲੀ ਰੇਲ ਟਰੈਕ ਬਣਨ ਨਾਲ ਬਠਿੰਡਾ,ਬਰਨਾਲਾ,ਧੂਰੀ ,ਨਾਭਾ, ਪਟਿਆਲਾ,ਸ੍ਰੀ ਮੁਕਤਸਰ ਸਾਹਿਬ,ਫਰੀਦਕੋਟ, ਫਾਜ਼ਿਲਕਾ ਆਦਿ 10 ਜਿਲਿ੍ਹਆਂ ਤੋਂ ਇਲਾਵਾ ਰਾਜਸਥਾਨ ਦੇ ਸ੍ਰੀ ਗੰਗਾਨਗਰ, ਅਨੂਪਗੜ੍ਹ ਅਤੇ ਬੀਕਾਨੇਰ ਤੱਕ ਸਿੱਧਾ ਸੰਪਰਕ ਹੋ ਸਕੇਗਾ। ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਇਹ ਪ੍ਰਜੈਕਟ ਮੁਕੰਮਲ ਹੋਣ ਨਾਲ ਬੱਸਾਂ ਦੇ ਮਹਿੰਗੇ ਕਿਰਾਏ ਅਦਾ ਕਰਕੇ ਸਫਰ ਕਰਨ ਵਾਲੇ ਹਜ਼ਾਰਾਂ ਮੁਸਾਫਰਾਂ ਦੀ ਜੇਬ ਕੱਟਣੋ ਬਚ ਜਾਏਗੀ।
ਮੁੜ ਸ਼ੁਰੂ ਹੋ ਰਿਹਾ ਪ੍ਰਜੈਕਟ:ਗਾਂਧੀ
ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਦਾ ਕਹਿਣਾ ਸੀ ਕਿ ਅਸਲ ’ਚ ਧਨਾਢ ਟਰਾਂਸਪੋਰਟਰਾਂ ਨੇ ਪ੍ਰਜੈਕਟ ’ਚ ਅੜਿੱਕੇ ਡਾਹ ਰਹੇ ਹਨ ਜਿੰਨ੍ਹਾਂ ਨੂੰ ਇਸ ਰੂਟ ਤੇ ਮੋਟੀ ਕਮਾਈ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਇਹ ਪ੍ਰਜੈਕਟ ਮੁੜ ਸੁਰਜੀਤ ਕਰ ਰਹੀ ਹੈ ਜਿਸ ਲਈ ਬਜਟ ’ਚ ਫੰਡ ਵੀ ਰੱਖੇ ਹਨ। ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ 41 ਏਕੜ ਜਮੀਨ ਐਕਵਾਇਰ ਨਹੀਂ ਕੀਤੀ ਤੇ ਇਸੇ ਰਾਹ ਮੌਜੂਦਾ ਸਰਕਾਰ ਵੀ ਇਸੇ ਰਾਹ ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਜੈਕਟ ਦੇ ਮੁਕੰਮਲ ਹੋਣ ਨਾਲ ਲੋਕਾਂ ਨੂੰ ਦੀ ਟੋਲ ਪਲਾਜਿਆਂ ਰਾਹੀਂ ਹੁੰਦੀ ਲੁੱਟ ਵੀ ਖਤਮ ਹੋਵੇਗੀ।