ਖਪਤਕਾਰ ਕਮਿਸ਼ਨ ਵੱਲੋਂ ਧੋਖਾਧੜੀ ਦੇ ਸ਼ਿਕਾਰ ਬੈਂਕ ਗਾਹਕ ਨੂੰ ਹਰਜਾਨੇ ਸਮੇਤ ਪੈਸੇ ਅਦਾ ਕਰਨ ਦੇ ਹੁਕਮ
ਅਸ਼ੋਕ ਵਰਮਾ
ਬਠਿੰਡਾ, 28 ਮਾਰਚ 2025:ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਬਠਿੰਡਾ ਨੇ ਇੱਕ ਬੈਂਕ ਗਾਹਕ ਦੇ ਕੇਸ ਦਾ ਨਿਬੇੜਾ ਕਰਦਿਆਂ ਬੈਂਕਿੰਗ ਅਦਾਰੇ ਨੂੰ ਆਦੇਸ਼ ਦਿੱਤੇ ਹਨ ਕਿ ਕਥਿਤ ਧੋਖਾਧੜੀ ਰਾਹੀਂ ਗਾਹਕ ਦੇ ਖਾਤੇ ’ਚ ਕੱਢੀ ਗਈ ਰਕਮ ਨੂੰ 7 ਪ੍ਰਤੀਸ਼ਤ ਸਾਲਾਨਾ ਵਿਆਜ ਸਮੇਤ ਅਦਾਇਗੀ ਕੀਤੀ ਜਾਵੇ। ਇਸ ਦੇ ਨਾਲ ਹੀ ਗਾਹਕ ਨੂੰ ਨਿਆਂ ਪ੍ਰਕਿਰਿਆ ’ਚ ਖ਼ਰਚੇ ਬਦਲੇ 10 ਹਜ਼ਾਰ ਰੁਪਏ ਵੱਖਰੇ ਅਦਾ ਕਰਨ ਲਈ ਵੀ ਕਿਹਾ ਗਿਆ ਹੈ। ਮੁਦੱਈ ਧਿਰ ਦੇ ਵਕੀਲ ਅਰੁਣ ਮਿੱਤਲ ਅਤੇ ਜਤਿੰਦਰ ਵੈਦ ਨੇ ਦੱਸਿਆ ਕਿ ਸ਼ਿਖ਼ਾ ਅਰੋੜਾ ਪਤਨੀ ਰਾਜਨ ਕਟਾਰੀਆ ਵਾਸੀ ਗਣੇਸ਼ਾ ਬਸਤੀ ਬਠਿੰਡਾ ਦਾ ਸਥਾਨਕ ਐਸਐਸਡੀ ਗਰਲਜ਼ ਕਾਲਜ ਰੋਡ ’ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖ਼ਾ ਵਿੱਚ ਖਾਤਾ ਸੀ।
ਉਨ੍ਹਾਂ ਦੱਸਿਆ ਕਿ ਕਰੋਨਾ ਕਾਲ ਦੌਰਾਨ 1 ਜੂਨ 2020 ਦੀ ਰਾਤ ਨੂੰ ਕਰੀਬ 11 ਵਜੇ ਤੋਂ 1:15 ਵਜੇ ਤੱਕ ਸਵਾ ਦੋ ਘੰਟਿਆਂ ਦਰਮਿਆਨ ਸ਼ਿਖ਼ਾ ਅਰੋੜਾ ਦੇ ਖਾਤੇ ’ਚ ਕਿਸੇ ਅਣਪਛਾਤੇ ਨੇ ਚੁੱਪ ਚੁਪੀਤਿਆਂ 84794 ਰੁਪਏ ਦੀ ਰਾਸ਼ੀ ਧੋਖੇ ਨਾਲ ਕਢਵਾ ਲਈ ਅਤੇ ਇਸ ਦੇ ਬਕਾਇਦਾ ਮੈਸੇਜ਼ ਮੁਦੱਈ ਦੇ ਫ਼ੋਨ ਨੰਬਰ ’ਤੇ ਆਏ।
ਮੁਦੱਈ ਵੱਲੋਂ ਇਹ ਮਾਮਲਾ ਤੁਰੰਤ ਬੈਂਕ ਅਧਿਕਾਰੀਆਂ ਸਮੇਤ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਗਿਆ, ਤਾਂ ਬੈਂਕਿੰਗ ਸ਼ਾਖ਼ਾ ਨੇ ਗਾਹਕ ਨੂੰ 66694 ਰੁਪਏ ਵਾਪਸ ਕਰ ਦਿੱਤੇ।ਮੁਦੱਈ ਨੇ ਨਿਆਂ ਪ੍ਰਾਪਤੀ ਲਈ ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਤਰਫ਼ ਆਪਣਾ ਰੁਖ਼ ਕੀਤਾ, ਤਾਂ ਉਸ ਵੱਲੋਂ ਫੈਸਲਾ ਸੁਣਾਉਂਦਿਆਂ ਬੈਂਕਿੰਗ ਅਦਾਰੇ ਨੂੰ ਬਾਕੀ ਬਚਦੀ 18100 ਰੁਪਏ ਦੀ ਰਕਮ ਸਮੇਤ 7 ਫੀਸਦੀ ਸਾਲਾਨਾ ਵਿਆਜ ਦੇ ਗਾਹਕ ਨੂੰ ਦੇਣ ਦੇ ਆਦੇਸ਼ ਦਿੱਤੇ। ਇਹ ਵੀ ਹੁਕਮ ਕੀਤਾ ਗਿਆ ਕਿ ਮੁਕੱਦਮੇਬਾਜ਼ੀ ਦੇ ਖਰਚਿਆਂ ਵਜੋਂ 10 ਹਜ਼ਾਰ ਰੁਪਏ ਹੋਰ ਅਦਾ ਕੀਤੇ ਜਾਣ।