ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੁਆਂਢੀ ਰਾਜਾਂ ਤੋਂ ਕਣਕ ਦੀ ਆਮਦ 'ਤੇ ਸਖ਼ਤ ਨਿਗਰਾਨੀ ਰੱਖਣ ਦੇ ਹੁਕਮ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਮਾਰਚ 2025: ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਗੁਆਂਢੀ ਰਾਜਾਂ ਤੋਂ ਕਣਕ ਦੀ ਗੈਰ-ਕਾਨੂੰਨੀ ਆਮਦ ਨੂੰ ਰੋਕਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਗੀਤਿਕਾ ਸਿੰਘ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਸਖ਼ਤ ਚੌਕਸੀ ਰੱਖਣ ਅਤੇ ਝਰਮੜੀ ਬੈਰੀਅਰ, ਬੱਸ ਸਟੈਂਡ ਹੰਡੇਸਰਾ, ਸਿਸਵਾਂ ਟੀ ਪੁਆਇੰਟ, ਸੇਖੋਂ ਬੈਂਕੁਇੰਟ ਢਕੋਲੀ, ਬੇਹੜਾ ਮੋੜ ਡੇਰਾਬੱਸੀ, ਰਾਮਗੜ੍ਹ-ਦਫ਼ਰਪੁਰ ਰੋਡ ਮੁਬਾਰਕਪੁਰ ਵਿਖੇ ਵਿਸ਼ੇਸ਼ ਅੰਤਰਰਾਜੀ ਸਰਹੱਦੀ ਨਾਕੇ ਲਗਾਉਣ ਲਈ ਆਖਿਆ ਹੈ।
ਉਨ੍ਹਾਂ ਨੇ ਜ਼ਿਲ੍ਹਾ ਮੰਡੀ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਦੇ ਸਕੱਤਰਾਂ ਨੂੰ ਸਥਾਨਕ ਮੰਡੀਆਂ ਵਿੱਚ ਹੋਰ ਰਾਜਾਂ ਤੋਂ ਕਣਕ ਦੀ ਆਮਦ 'ਤੇ ਨਜ਼ਰ ਰੱਖਣ ਦੇ ਹੁਕਮ ਵੀ ਦਿੱਤੇ। ਵਧੀਕ ਡਿਪਟੀ ਕਮਿਸ਼ਨਰ ਅਨੁਸਾਰ ਕਣਕ ਦਾ ਖਰੀਦ ਸੀਜ਼ਨ ਮਿਤੀ 01.04.2025 ਤੋਂ ਸ਼ੁਰੂ ਹੋਣ ਕਾਰਨ ਸਮੂਹ ਖਰੀਦ ਏਜੰਸੀਆਂ ਵੱਲੋਂ ਪੰਜਾਬ ਰਾਜ ਵਿੱਚ ਸਥਾਪਿਤ ਕੀਤੀਆਂ ਮੰਡੀਆਂ ਰਾਜ ਦੇ ਕਿਸਾਨਾਂ ਦੁਆਰਾ ਲਿਆਂਦੀ ਜਾਣ ਵਾਲੀ ਕਣਕ ਦੀ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦ ਕੀਤੀ ਜਾਣੀ ਹੈ ਤਾਂ ਜੋ ਰਾਜ ਦੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ ਪਰੰਤੂ ਫਿਰ ਵੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਦੂਜੇ ਰਾਜਾਂ ਤੋਂ ਘੱਟ ਰੇਟ ਤੇ ਕਣਕ ਖਰੀਦ ਕੇ ਪੰਜਾਬ ਰਾਜ ਵਿੱਚ ਐਮ.ਐਸ.ਪੀ (MSP) ਤੇ ਵੇਚਣ ਲਈ ਲਿਆਉਣ ਦੀ ਕੋਸ਼ਿਸ ਕੀਤੀ ਜਾਂਦੀ ਹੈ, ਜਿਸ ਨਾਲ ਕਣਕ ਦੀ ਬੋਗਸ ਖਰੀਦ ਦਾ ਖਦਸ਼ਾ ਰਹਿੰਦਾ ਹੈ। ਇਸ ਨਾਲ ਨਾ ਸਿਰਫ ਸਰਕਾਰ ਦਾ ਅਕਸ ਖਰਾਬ ਹੁੰਦਾ ਹੈ, ਬਲਕਿ ਸਰਕਾਰੀ ਖਰੀਦ ਏਜੰਸੀਆਂ ਨੂੰ ਵਿੱਤੀ ਨੁਕਸਾਨ ਵੀ ਹੁੰਦਾ ਹੈ।
ਇਸ ਲਈ ਦੂਜੇ ਰਾਜਾਂ ਤੋਂ ਸਸਤੀ ਕਣਕ ਖਰੀਦਣ ਉਪਰੰਤ ਪੰਜਾਬ ਰਾਜ ਵਿੱਚ ਐਮ.ਐਸ.ਪੀ (MSP) ਤੇ ਮੁੜ ਵੇਚਣ ਦੇ ਮੰਤਵ ਲਈ ਲਿਆਂਦੇ ਜਾ ਰਹੇ ਟਰੱਕਾਂ ਨੂੰ ਰੋਕਣ, ਉਨ੍ਹਾਂ ਦੇ ਬਿਲ ਆਦਿ ਚੈੱਕ ਕਰਨ ਅਤੇ ਕਾਨੂੰਨੀ ਕਾਰਵਾਈ ਕਰਨ ਲਈ ਜ਼ਿਲ੍ਹਾ ਮੰਡੀ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਦੇ ਸਕੱਤਰਾਂ ਨੂੰ ਸਥਾਨਕ ਮੰਡੀਆਂ ਵਿੱਚ ਹੋਰ ਰਾਜਾਂ ਤੋਂ ਕਣਕ ਦੀ ਆਮਦ 'ਤੇ ਨਜ਼ਰ ਰੱਖਣ ਦੇ ਹੁਕਮ ਵੀ ਦਿੱਤੇ।