ADC ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਮਾਰਚ 2025: ਡਿਪਟੀ ਕਮਿਸ਼ਨਰ ਐੱਸ.ਏ.ਐੱਸ.ਨਗਰ ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਧੀਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਲਈ ਬਣਾਈ ਗਈ ਜ਼ਿਲ੍ਹਾ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਪਰਾਲੀ ਦੀ ਵਰਤੋਂ ਕਰਨ ਵਾਲੀਆਂ ਫਰਮਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਐੰਸ.ਏ.ਐੱਸ.ਨਗਰ ਨੇ ਦੱਸਿਆ ਕਿ ਬੀਤੀ 03 ਮਾਰਚ ਨੂੰ ਚੇਅਰਮੈਨ, ਕਮਿਸ਼ਨ ਫਾਰ ਏਅਰ ਕੁਆਲਟੀ ਮੈਨੇਜਮੈਂਟ ਭਾਰਤ ਸਰਕਾਰ ਵੱਲੋਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਜ਼ ਨਾਲ ਮੀਟਿੰਗ ਕੀਤੀ ਗਈ ਅਤੇ ਸਾਲ 2025 ਦੌਰਾਨ ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਵਾਰ ਐਕਸ਼ਨ ਪਲਾਨ ਤਿਆਰ ਕੀਤਾ ਗਿਆ। ਉਨ੍ਹਾਂ ਨੇ ਮੀਟਿੰਗ ਵਿੱਚ ਭਾਗ ਲੈ ਰਹੀਆਂ ਫਰਮਾਂ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਵੱਲੋਂ ਜ਼ਿਲ੍ਹਾ ਐੱਸ.ਏ.ਐੱਸ.ਨਗਰ ਦੇ ਕਿਸਾਨਾਂ ਵਲੋਂ ਪੈਦਾ ਕੀਤੀ ਜਾ ਰਹੀ ਝੋਨੇ ਦੀ ਪਰਾਲੀ ਨੂੰ ਪਹਿਲ ਦੇ ਆਧਾਰ ਤੇ ਵੱਧ ਤੋਂ ਵੱਧ ਮਾਤਰਾ ਵਿੱਚ ਖ੍ਰੀਦਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਕੰਮ ਲਈ ਸਮੇਂ ਸਿਰ ਲੋੜੀਂਦਾ ਇਕਰਾਰਨਾਮਾ ਵੀ ਕੀਤਾ ਜਾਵੇ।
ਫਰਮਾਂ ਨੂੰ ਪਰਾਲੀ ਦੇ ਰੱਖ-ਰਖਾਅ ਲਈ ਸਟੋਰੇਜ ਵਾਸਤੇ ਲੋੜੀਂਦੀ ਜ਼ਮੀਨ ਦੀ ਮੰਗ ਇੱਕ ਮਹੀਨੇ ਦੀ ਅੰਦਰ-ਅੰਦਰ ਭੇਜਣ ਲਈ ਕਿਹਾ ਤਾਂ ਜੋ ਸਮੇਂ ਸਿਰ ਉਚਿਤ ਪ੍ਰਬੰਧ ਕੀਤੇ ਜਾ ਸਕਣ। ਏ ਡੀ ਸੀ ਨੇ ਮੁੱਖ ਖੇਤੀਬਾੜੀ ਅਫਸਰ, ਐੱਸ.ਏ.ਐੱਸ.ਨਗਰ ਡਾ. ਗੁਰਮੇਲ ਸਿੰਘ ਨੂੰ ਕਿਹਾ ਕਿ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਨਾਉਣ ਵਾਲੇ ਬੇਲਰ ਮਾਲਕਾਂ ਨਾਲ ਤਾਲਮੇਲ ਕਰਕੇ ਜ਼ਿਲ੍ਹੇ ਵਿੱਚ ਕੁੱਲ ਇੱਕਠੀ ਕੀਤੀ ਜਾਣ ਵਾਲੀ ਪਰਾਲੀ ਦੀ ਸੂਚਨਾ ਤਿਆਰ ਕੀਤੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਪਰਾਲੀ ਦੀ ਢੋਆ ਢੁਆਈ ਸਮੇਂ ਪਿੰਡਾਂ ਵਿੱਚ ਲਟਕਦੀਆਂ ਬਿਜਲੀ ਦੀਆਂ ਤਾਰਾਂ ਕਾਰਨ ਸਪਾਰਕਿੰਗ ਨਾਲ ਅੱਗ ਲੱਗਣ ਦੀਆ ਘਟਨਾਵਾਂ ਵੇਖਣ ਵਿੱਚ ਆਉਦੀਆਂ ਹਨ। ਇਸ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਅਗਲੀ ਮੀਟਿੰਗ ਵਿੱਚ ਬਿਜਲੀ ਵਿਭਾਗ ਦੇ ਨੁਮਾਇੰਦਿਆਂ ਦੀ ਹਾਜਰੀ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੀਟਿੰਗ ਵਿੱਚ ਹਰਸਿਮਰਤ ਸਿੰਘ ਡੀ.ਐਸ.ਪੀ. ਹੈਡਕੁਆਟਰ ਐੱਸ.ਏ.ਐੱਸ.ਨਗਰ, ਰਣਤੇਜ ਸ਼ਰਮਾ, ਵਾਤਾਵਰਨ ਇੰਜੀਨੀਅਰ, ਗੁਰਬੀਰ ਸਿੰਘ ਢਿਲੋਂ, ਉਪ ਰਜਿਸਟਾਰ, ਸਹਿਕਾਰੀ ਸਭਾਵਾਂ, ਪਾਰਲ ਗੁਪਤਾ ਸਹਾਇਕ ਪ੍ਰੋਫੈਸਰ ਕੇ.ਵੀ.ਕੇ ਮੋਹਾਲੀ ., ਸਮੂਹ ਬਲਾਕਾਂ ਦੇ ਬੀ.ਡੀ.ਪੀ.ਓ, ਅਤੇ ਪਰਾਲੀ ਪ੍ਰਬੰਧਨ ਸਕੀਮ ਅਧੀਨ ਖੇਤੀਬਾੜੀ ਵਿਭਾਗ ਦੇ ਨੋਡਲ ਅਫਸਰ ਡਾ. ਗੁਰਦਿਆਲ ਕੁਮਾਰ ਨੇ ਭਾਗ ਲਿਆ।