ਸੀ ਪੀ ਆਈ ਮਾਲੇ ਵਲੋਂ ਖੱਟਕੜ ਕਲਾਂ 'ਚ ਸਿਆਸੀ ਕਾਨਫਰੰਸ - ਫਾਸ਼ੀਵਾਦ ਅਤੇ ਫੈਡਰਲਿਜ਼ਮ ਤੋੜਨ ਵਿਰੁੱਧ ਤਿੱਖੇ ਸ਼ੰਘਰਸ਼ਾਂ ਦਾ ਦਿੱਤਾ ਸੱਦਾ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 23 ਮਾਰਚ,2025 - ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ)ਨਿਊਡੈਮੋਕ੍ਰੇਸੀ ਵਲੋਂ ਖੱਟਕੜ ਕਲਾਂ ਵਿਖੇ ਸਿਆਸੀ ਕਾਨਫਰੰਸ ਕਰਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸ਼ਹੀਦ ਭਗਤ ਦੇ ਬੁੱਤ 'ਤੇ ਫੁੱਲ ਪੱਤੀਆਂ ਭੇਂਟ ਕਰਨ ਉਪਰੰਤ ਕੀਤੀ ਗਈ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਪੰਜਾਬ ਇਕਾਈ ਦੇ ਸੀਨੀਅਰ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ, ਕੁਲਵਿੰਦਰ ਸਿੰਘ ਵੜੈਚ ਅਤੇ ਦਲਜੀਤ ਸਿੰਘ ਐਡਵੋਕੇਟ ਨੇ ਕਿਹਾ ਕਿ ਕੇਂਦਰ ਦੀ ਆਰ. ਐਸ. ਐਸ-ਭਾਜਪਾ ਸਰਕਾਰ ਫਾਸ਼ੀਵਾਦੀ ਅਤੇ ਹਿੰਦੂਤਵੀ ਅਜੰਡੇ ਲਾਗੂ ਕਰ ਰਹੀ ਹੈ।ਇਸਦੇ ਲਈ ਇਹ ਜਮਹੂਰੀ ਅਤੇ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਪੈਰਾਂ ਹੇਠ ਰੋਲ ਰਹੀ ਹੈ।ਇਹ ਸਰਕਾਰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟਰਾਂ ਦੇ ਹਿੱਤੂ ਅਤੇ ਲੋਕ ਵਿਰੋਧੀ ਨੀਤੀਆਂ ਨੂੰ ਤੇਜੀ ਨਾਲ ਲਾਗੂ ਕਰ ਰਹੀ ਹੈ।
ਆਗੂਆਂ ਨੇ ਕਿਹਾ ਕਿ ਦੇਸ਼ ਦੇ ਜੰਗਲਾਂ-ਪਹਾੜਾਂ ਵਿੱਚ ਛੁਪੇ ਖਜਾਨੇ ਕਾਰਪੋਰੇਟਰਾਂ ਨੂੰ ਲੁਟਾਉਣ ਲਈ ਆਦਿਵਾਸੀਆਂ ਦਾ ਵੱਡੀ ਪੱਧਰ ਉੱਤੇ ਉਜਾੜਾ ਕਰ ਰਹੀ ਹੈ।ਆਦਿਵਾਸੀਆਂ ਨੂੰ ਮਾਓਵਾਦੀ ਆਖਕੇ ਫੌਜ ਅਤੇ ਪੁਲਸ ਰਾਹੀਂ ਵੱਡੀ ਪੱਧਰ ਉੱਤੇ ਕਤਲ ਕੀਤਾ ਜਾ ਰਿਹਾ ਹੈ।ਆਦਿਵਾਸੀਆਂ ਤੇ ਹੁੰਦੇ ਜਬਰ ਵਿਰੁੱਧ ਜੋ ਵੀ ਆਵਾਜ਼ ਬੁਲੰਦ ਕਰਦਾ ਹੈ ਤਾਂ ਉਸਨੂੰ 'ਅਰਬਨ ਨਕਸਲੀ' ਆਖਕੇ ਝੂਠੇ ਕੇਸਾਂ ਰਾਹੀਂ ਜੇਹਲੀਂ ਸੁੱਟਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਲੋਕ ਲਹਿਰਾਂ ਅੱਗੇ ਵੱਡੀਆਂ ਵੱਡੀਆਂ ਜਾਬਰ ਹਕੂਮਤਾਂ ਰੇਤ ਦੀ ਕੰਧ ਦੀ ਤਰ੍ਹਾਂ ਧਾਰਾਸ਼ਾਹੀ ਹੋ ਗਈਆਂ।ਭਾਰਤੀ ਲੋਕਾਂ ਦੀ ਮਿਹਨਤਸ਼ਕਤੀ ਅਤੇ ਦੇਸ਼ ਦੀ ਸੰਪਤੀ ਦੀ ਲੁੱਟ ਕਰ ਰਹੇ ਦੇਸੀ ਵਿਦੇਸ਼ੀ ਕਾਰਪੋਰੇਟ ਭਾਰਤੀ ਲੋਕ ਲਹਿਰਾਂ ਅੱਗੇ ਟਿਕ ਨਹੀਂ ਸਕਦੇ ਭਾਵੇਂ ਮੋਦੀ ਸਰਕਾਰ ਇਹਨਾਂ ਦੀ ਉਮਰ ਲੰਮੀ ਕਰਨ ਲਈ ਦੇਸ਼ ਵਾਸੀਆਂ ਨੂੰ ਗੁੰਮਰਾਹ ਕਰ ਰਹੀ ਹੈ।ਮੋਦੀ ਸਰਕਾਰ ਨੇ 2025-26 ਵਰ੍ਹੇ ਦੇ 57 ਲੱਖ ਕਰੋੜ ਦੇ ਬੱਜਟ ਵਿੱਚ ਖੇਤੀਬਾੜੀ ਲਈ ਮਹਿਜ 1.27 ਲੱਖ ਕਰੋੜ ਰੁਪਏ ਰੱਖੇ ਹਨ ਜਦਕਿ ਇਸ ਕਿੱਤੇ ਵਿੱਚ ਦੇਸ਼ ਦੀ 67 ਫੀਸਦੀ ਆਬਾਦੀ ਲੱਗੀ ਹੋਈ ਹੈ।ਉਹਨਾਂ ਕਿਹਾ ਕਿ ਜਿਸ ਢੰਗ ਨਾਲ਼ ਅਮਰੀਕਾ ਸਰਕਾਰ ਨੇ ਭਾਰਤੀਆਂ ਨੂੰ ਹੱਥਕੜੀਆਂ ਅਤੇ ਬੇੜੀਆਂ ਵਿੱਚ ਜਕੜ ਕੇ ਰਾਜਾ ਸਾਂਸੀ (ਅਮ੍ਰਿਤਸਰ)ਏਅਰਪੋਰਟ ਉੱਤੇ ਉਤਾਰਿਆ ਅਤੇ ਮੋਦੀ ਸਰਕਾਰ ਨੇ ਚੂੰ ਤੱਕ ਨਹੀਂ ਕੀਤੀ ਇਸਤੋਂ ਪੂਰੀ ਤਰ੍ਹਾਂ ਸਾਫ ਹੋ ਜਾਂਦਾ ਹੈ ਕਿ ਮੋਦੀ ਸਰਕਾਰ ਦੀ ਰੀੜ੍ਹ ਦੀ ਹੱਡੀ ਹੈ ਹੀ ਨਹੀਂ।
ਸ਼ਹੀਦੇ ਆਜਮ ਸ. ਭਗਤ ਸਿੰਘ ਨੇ ਇਨਕਲਾਬ ਜਿੰੰਦਾਬਾਦ-ਸਾਮਰਾਜਵਾਦ ਮੁਰਦਾਬਾਦ ਦਾ ਨਾਹਰਾ ਬੁਲੰਦ ਕੀਤਾ ਸੀ ਪਰ ਮੋਦੀ ਸਰਕਾਰ ਸਾਮਰਾਰਵਾਦੀਆਂ ਦਾ ਬਗਲਬੱਚਾ ਬਣੀ ਹੋਈ ਹੈ।ਆਗੂਆਂ ਨੇ ਕਿਹਾ ਕਿ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਸੱਤਾ ਹਥਿਆਉਣ ਲਈ ਸ਼ਹੀਦ ਭਗਤ ਸਿੰਘ ਦਾ ਨਾਂਅ ਵਰਤਦੀਆਂ ਹਨ ਜਦਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਇਹਨਾਂ ਦਾ ਕੋਈ ਸਬੰਧ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਭਾਜਪਾ ਦੇ ਪਦ ਚਿੰਨ੍ਹਾਂ ਤੇ ਚੱਲਦਿਆਂ ਤਾਨਾਸ਼ਾਹੀ ਉੱਤੇ ਉੱਤਰ ਆਈ ਹੈ।ਚੰਡੀਗੜ ਵਿੱਚ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਵਾਪਸ ਪਰਤਦੀ ਕਿਸਾਨੀ ਲੀਡਰਸ਼ਿਪ ਨੂੰ ਗ੍ਰਿਫ਼ਤਾਰ ਕਰਕੇ ਅਤੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉੱਤੇ ਕਿਸਾਨਾਂ ਦੇ ਮੋਰਚਿਆਂ ਉੱਤੇ ਬੁਲਡੋਜ਼ਰ ਚਲਾ ਕੇ ਮਾਨ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਫਾਸ਼ੀਵਾਦੀ ਸਰਕਾਰ ਹੈ।
ਉੱਤਰ ਪ੍ਰਦੇਸ਼ ਦੀ ਜੋਗੀ ਸਰਕਾਰ ਵਾਂਗੂੰ ਘਰਾਂ ਉੱਤੇ ਬੁਲਡੋਜ਼ਰ ਚਲਾ ਕੇ ਦਹਿਸ਼ਤ ਫੈਲਾ ਰਹੀ ਹੈ ਜਦਕਿ ਨਸ਼ੇ ਦੇ ਕਾਰੋਬਾਰ ਵਿੱਚ ਲੱਗੇ ਵੱਡੇ ਮਗਰਮੱਛਾਂ ਨੂੰ ਹੱਥ ਨਹੀਂ ਪਾ ਰਹੀ।ਨਿੱਜੀਕਰਨ ਦਾ ਭੂਤ ਮਾਨ ਸਰਕਾਰ ਦੇ ਸਿਰ ਚੜ੍ਹ ਬੋਲ ਰਿਹਾ ਹੈ।ਇਸਦੇ ਆਪ ਕਲੀਨਿਕਾਂ ਨੂੰ ਇਕ ਨਿੱਜੀ ਕੰਪਨੀ ਚਲਾ ਰਹੀ ਹੈ,ਸਿੱਖਿਆ ਦਾ ਨਿੱਜੀਕਰਨ ਕਰ ਰਹੀ ਹੈ। ਪਾਰਟੀ ਦੇ ਆਗੂਆਂ ਅਵਤਾਰ ਸਿੰਘ ਤਾਰੀ, ਕਮਲਜੀਤ ਸਨਾਵਾ ਨੇ ਕਿਹਾ ਕਿ ਦੇਸ਼ ਦੇ ਨੇਤਾਵਾਂ ਦੇ ਚਿਹਰੇ ਬਦਲਣ ਨਾਲ ਦੇਸ਼ ਦੀਆਂ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ ਇਸਦੇ ਲਈ ਬਰਾਬਰਤਾ ਵਾਲਾ,ਸਮਾਜਵਾਦੀ ਨਵਾਂ ਸਿਆਸੀ -ਆਰਥਿਕ ਢਾਂਚਾ ਉਸਾਰਨ ਲਈ ਇਨਕਲਾਬ ਕਰਨਾ ਪਵੇਗਾ ।ਸ਼ਹੀਦ ਭਗਤ ਸਿੰਘ ਦੀ ਸੋਚ ਅਨੁਸਾਰ ਭਾਰਤ ਵਿਚੋਂ ਸਾਮਰਾਜੀਆਂ ਦੀ ਦਖਲਅੰਦਾਜ਼ੀ ਪੂਰੀ ਤਰ੍ਹਾਂ ਖਤਮ ਕਰਨੀ ਹੋਵੇਗੀ। ਸਰਕਾਰਾਂ ਦੀਆਂ ਨੀਤੀਆਂ ਵਿਚ ਇਹਨਾਂ ਦੀ ਸੋਚ ਕਿਧਰੇ ਵੀ ਨਜਰ ਨਹੀਂ ਆਉਂਦੀ।ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਫਾਸ਼ੀਵਾਦੀ ਅਤੇ ਦੇਸੀ ਵਿਦੇਸ਼ੀ ਕਾਰਪੋਰੇਟ ਪੱਖੀ ਸਰਕਾਰ ਹੈ ਜੋ ਇਕ ਤੋਂ ਬਾਅਦ ਇਕ ਸਰਕਾਰੀ ਅਦਾਰੇ ਵੇਚ ਰਹੀ ਹੈ।ਮੋਦੀ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਰੋਲਣ ਦਾ ਕੰਮ ਕਰ ਰਹੀ ਹੈ। ਮਜਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਦੇ ਸੰਘਰਸ਼ਾਂ ਨੂੰ ਜਬਰ ਦੇ ਸਹਾਰੇ ਦਬਾਉਣ ਦੇ ਯਤਨ ਕਰ ਰਹੀਆਂ ਹਨ।
ਇਸ ਮੌਕੇ ਆਜਾਦ ਕਲਾ ਮੰਚ ਫਗਵਾੜਾ ਵਲੋਂ ਬੀਬਾ ਕੁਲਵੰਤ ਦੀ ਨਿਰਦੇਸ਼ਨਾ ਹੇਠ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ।ਗਾਇਕ ਹਰਦੇਵ ਚਾਹਲ,ਯਮਲਾ ਅਤੇ ਅਲੀਸ਼ਾ ਕਾਠਗੜ੍ਹ ਨੇ ਇਨਕਲਾਬੀ ਗੀਤ ਪੇਸ਼ ਕੀਤੇ।ਅੰਤ ਵਿੱਚ ਕਾਨਫਰੰਸ ਵਿੱਚ ਮਾਨ ਸਰਕਾਰ ਵੱਲੋਂ ਕਿਸਾਨਾਂ ਦੀ ਗ੍ਰਿਫਤਾਰੀ ਦੀ ਨਿੰਦਾ ਕਰਦਿਆਂ ਸਾਰੇ ਕਿਸਾਨ ਬਿਨਾਂ ਸ਼ਰਤ ਰਿਹਾਅ ਕਰਨ,ਮਾਓਵਾਦੀਆਂ ਦੇ ਨਾਂਅ ਹੇਠ ਆਦਿਵਾਸੀਆਂ ਦੇ ਕਤਲ ਅਤੇ ਉਜਾੜਾ ਬੰਦ ਕਰਨ, ਮਾਨ ਸਰਕਾਰ ਵੱਲੋਂ ਗੈਂਗਸਟਰਾਂ ਦੇ ਬਣਾਏ ਜਾਂਦੇ ਝੂਠੇ ਪੁਲਿਸ ਮੁਕਾਬਲੇ ਬੰਦ ਕਰਨ ਅਤੇ ਘਰਾਂ ਉੱਤੇ ਬੁਲਡੋਜ਼ਰ ਚਲਾਉਣੇ ਬੰਦ ਕਰਨ ਦੀ ਮੰਗ ਕੀਤੀ ਗਈ।