ਨਵੇਂ ਮੇਅਰ ਨੇ ਸ਼ਹਿਰ ਵਾਸੀਆਂ ਸਾਹਮਣੇ ਰੱਖਿਆ ਸੁਰੱਖਿਅਤ ਅਤੇ ਸਾਫ ਸੁਥਰੇ ਬਠਿੰਡਾ ਦਾ ਏਜੰਡਾ
ਅਸ਼ੋਕ ਵਰਮਾ
ਬਠਿੰਡਾ, 11 ਫਰਵਰੀ 2025: ਨਗਰ ਨਿਗਮ ਵੱਲੋਂ ਐਸ-ਟੂ ਵਿਜ਼ਨ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਬਠਿੰਡਾਨੂੰ ਸਾਫ ਤੇ ਸੇਫ ਰੱਖਣਾ ਉਨ੍ਹਾਂ ਦੇ ਮਿਸ਼ਨ ਵਿੱਚ ਸ਼ਾਮਿਲ ਹੈ। ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਗਾਰਬੇਜ ਦੀ ਹੈ, ਜਿਸ ਦੇ ਹੱਲ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਕੂੜਾ ਉਠਾਉਣ ਲਈ 14 ਟਰੈਕਟਰ ਟਰਾਲੀਆਂ ਦਾ ਆਰਡਰ ਵੀ ਦੇ ਦਿੱਤਾ ਗਿਆ ਹੈ, ਜਿੰਨਾਂ ਵਿੱਚੋਂ ਚਾਰ ਟਰੈਕਟਰ ਟਰਾਲੀਆਂ ਬਠਿੰਡਾ ਪਹੁੰਚ ਚੁੱਕੀਆਂ ਹਨ। ਇਸ ਦੌਰਾਨ ਉਨ੍ਹਾਂ ਨਾਲ ਨਗਰ ਨਿਗਮ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ, ਐਕਸੀਐਨ ਗੁਰਪ੍ਰੀਤ ਸਿੰਘ ਬੁੱਟਰ ਵੀ ਹਾਜ਼ਰ ਸਨ। ਮੇਅਰ ਨੇ ਕੂੜਾ ਉਠਾਉਣ ਲਈ ਬਠਿੰਡਾ ਪਹੁੰਚੀਆਂ ਟਰੈਕਟਰ ਟਰਾਲੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਵੀ ਕੀਤਾ।
ਮੇਅਰ ਮਹਿਤਾ ਨੇ ਕਿਹਾ ਕਿ ਦੂਜੀ ਸਭ ਤੋਂ ਵੱਡੀ ਸਮੱਸਿਆ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਦੀ ਹੈ, ਜਿਸ ਦੇ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਹਨ, ਜਿਸ ਦੇ ਤਹਿਤ ਨਗਰ ਸੁਧਾਰ ਟਰਸਟ ਕੋਲੋਂ ਹਾਈਟੈਕ ਮਸ਼ੀਨ ਕੁੱਝ ਦਿਨਾਂ ਵਾਸਤੇ ਲਈ ਗਈ ਹੈ ਅਤੇ ਦੋ ਮਸ਼ੀਨਾਂ ਨੂੰ ਖਰੀਦਣ ਦੀ ਪ੍ਰਪੋਜ਼ਲ ਵੀ ਤਿਆਰ ਕੀਤੀ ਜਾ ਰਹੀ ਹੈ। ਮੇਅਰ ਸ੍ਰੀ ਪਦਮਜੀਤ ਮਹਿਤਾ ਨੇ ਕਿਹਾ ਕਿ ਤੀਜੀ ਸਭ ਤੋਂ ਵੱਡੀ ਸਮੱਸਿਆ ਕ੍ਰਾਈਮ ਸਬੰਧੀ ਹੈ, ਜਿਸ 'ਤੇ ਲਗਾਮ ਲਾਉਣ ਲਈ ਕਰੀਬ ਇੱਕ ਕਰੋੜ ਦੀ ਲਾਗਤ ਨਾਲ ਪੂਰੇ ਬਠਿੰਡਾ ਨੂੰ ਸੀਸੀਟੀਵੀ ਸਰਵੀਲਾਂਸ ਦੇ ਅਧੀਨ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਾਰਬੇਜ ਉਠਾਉਣ ਲਈ ਡਿਊਟੀ ਵੀ ਫਿਕਸ ਕੀਤੀ ਜਾ ਰਹੀ ਹੈ, ਜਿਸ ਦੇ ਤਹਿਤ ਬਠਿੰਡਾ ਨੂੰ ਮਲਟੀਪਲ ਜੋਨ ਵਿੱਚ ਵੰਡ ਕੇ ਟਿੱਪਰ ਤੇ ਮੁਲਾਜ਼ਮਾਂ ਦੀਆਂ ਪੱਕੀਆਂ ਡਿਊਟੀਆਂ ਲਗਾ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਟਰੈਫਿਕ ਲਾਈਟਾਂ ਦੇ ਸੁਧਾਰ ਲਈ ਵੀ ਯਤਨ ਕੀਤੇ ਜਾ ਰਹੇ ਹਨ ਅਤੇ ਬੇਸਹਾਰਾ ਪਸ਼ੂਆਂ ਲਈ ਗੌਸ਼ਾਲਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਬੱਸ ਸਟੈਂਡ ਦੇ ਮੁੱਦੇ ਤੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਘੱਟੋ ਘੱਟ 15 ਦਿਨ ਅਤੇ ਵੱਧ ਤੋਂ ਵੱਧ 60 ਦਿਨਾਂ ਵਿੱਚ ਕਲੀਅਰ ਕਰ ਦਿੱਤਾ ਜਾਵੇਗਾ ਕਿ ਬੱਸ ਅੱਡਾ ਬਣੇਗਾ ਜਾਂ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਬਸ ਅੱਡੇ ਲਈ ਪ੍ਰਪੋਜ਼ਲ ਸਰਕਾਰ ਨੂੰ ਭੇਜੀ ਗਈ ਹੈ ਅਤੇ ਕੈਬਨਿਟ ਵਿੱਚ ਹੀ ਇਸ 'ਤੇ ਫੈਸਲਾ ਹੋਣਾ ਹੈ। ਸ਼ਹਿਰ ਦੇ ਪਾਰਕਾਂ ਦਾ ਨਵੀਨੀਕਰਨ ਵੀ ਸ਼ੁਰੂ ਹੋ ਗਿਆ ਹੈ। ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਸਮਾਧਾਨ ਲਈ ਸਟਰਲਾਈਜੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਨਾਜਾਇਜ਼ ਕਲੋਨੀਆਂ ਦੇ ਨਿਰਮਾਣ ਦੇ ਮਾਮਲੇ ਵਿੱਚ ਮੇਅਰ ਨੇ ਬਿਲਡਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਰਕਾਰੀ ਨਿਯਮਾਂ ਦੇ ਮੁਤਾਬਿਕ ਕੰਮ ਕਰਵਾਉਣ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਸ 'ਤੇ ਸਖਤਾਈ ਕੀਤੀ ਜਾ ਰਹੀ ਹੈ।
ਇਸ ਦੌਰਾਨ ਸ਼ਹਿਰ ਵਿੱਚ ਕੂੜਾ ਡੰਪ ਦੇ ਹੋ ਰਹੇ ਵਿਰੋਧ ਬਾਰੇ ਨਗਰ ਨਿਗਮ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਜਲਦ ਹੀ ਸੁਧਾਰ ਕੀਤਾ ਜਾ ਰਿਹਾ ਹੈ ਅਤੇ ਡੇਲੀ ਬੇਸਿਸ 'ਤੇ ਕੂੜੇ ਨੂੰ ਪ੍ਰੋਸੈਸ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਖਰਾਬ ਟਿੱਪਰਾਂ ਦੀ ਰਿਪੇਅਰ ਵੀ ਕਰਵਾਈ ਜਾ ਰਹੀ ਹੈ। ਖਾਲੀ ਪਲਾਟਾਂ ਨੂੰ ਗਾਰਬੇਜ ਦੇ ਭੇਜੇ ਜਾ ਰਹੇ ਬਿਲਾਂ ਸਬੰਧੀ ਕਮਿਸ਼ਨਰ ਨੇ ਕਿਹਾ ਕਿ ਖਾਲੀ ਪਲਾਂਟਾਂ ਵਿੱਚ ਹੀ ਲੋਕਾਂ ਵੱਲੋਂ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖਾਲੀ ਪਲਾਂਟਾਂ ਦੇ ਮਾਲਕ ਆਪਣੇ ਪਲਾਟਾਂ ਦੀ ਚਾਰ ਦੀਵਾਰੀ ਕਰਕੇ ਉਨ੍ਹਾਂ ਦੀ ਦੇਖਭਾਲ ਕਰਨ, ਤਾਂ ਜੋ ਕੂੜੇ ਦੀ ਸਮੱਸਿਆ ਵੀ ਖਤਮ ਹੋਵੇਗੀ ਅਤੇ ਉਨ੍ਹਾਂ ਨੂੰ ਖਾਲੀ ਪਲਾਟਾਂ ਦੇ ਕੂੜੇ ਦਾ ਬਿੱਲ ਵੀ ਨਹੀਂ ਦੇਣਾ ਪਵੇਗਾ।
ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਰੇਹੜੀ ਵਾਲਿਆਂ ਕਰਕੇ ਟਰੈਫਿਕ ਸਮੱਸਿਆ ਆਉਂਦੀ ਹੈ, ਇਸ ਲਈ ਰੇਹੜੀਆਂ ਦੀ ਗਿਣਤੀ ਕਰਵਾ ਕੇ ਸਟ੍ਰੀਟ ਵੈਂਟਰ ਜੋਨ ਦੀ ਸਥਾਪਨਾ ਕੀਤੀ ਜਾਵੇਗੀ, ਜਿਸ ਦੇ ਲਈ ਅਗਲੀ ਮੀਟਿੰਗ ਵਿੱਚ ਪਲਾਨਿੰਗ ਹੋਵੇਗੀ। ਪਾਣੀ ਦੀ ਸਮੱਸਿਆ ਅਗਲੇ ਦੋ ਸਾਲਾਂ ਵਿੱਚ ਹੱਲ ਹੋ ਜਾਵੇਗੀ, ਕਿਉਂਕਿ ਜਲਦ ਹੀ 40 ਕਰੋੜ ਦੀ ਲਾਗਤ ਨਾਲ ਡਬਲਿਊਟੀਐਫ ਤਿਆਰ ਹੋਵੇਗਾ, ਜਿਸ ਦੀ ਪ੍ਰਪੋਜਲ ਸਰਕਾਰ ਨੂੰ ਭੇਜੀ ਗਈ ਹੈ। ਪਟਿਆਲਾ ਫਾਟਕ ਦੇ ਬਣ ਰਹੇ ਪੁੱਲਾਂ ਵਿੱਚੋਂ ਇੱਕ ਪੁੱਲ ਨੂੰ ਅਪ੍ਰੈਲ ਵਿੱਚ ਟ੍ਰੈਫਿਕ ਸੁਧਾਰ ਲਈ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਜੂਨ ਵਿੱਚ ਦੋਵੇਂ ਪੁੱਲ ਆਮ ਲੋਕਾਂ ਦੇ ਹਵਾਲੇ ਕਰ ਦਿੱਤੇ ਜਾਣਗੇ। ਮੇਅਰ ਅਤੇ ਕਮਿਸ਼ਨਰ ਨੇ ਕਿਹਾ ਕਿ ਆਗਾਮੀ ਕੁਝ ਹੀ ਸਮੇਂ ਵਿੱਚ ਬਠਿੰਡਾ ਵਿੱਚ ਸੁਧਾਰ ਵੇਖਣ ਨੂੰ ਮਿਲੇਗਾ।