ਕੈਨੇਡਾ: ਮਹਾਨ ਚਿੱਤਰਕਾਰ ਜਰਨੈਲ ਸਿੰਘ ਦੇ ਅਚਾਨਕ ਸਦੀਵੀ ਵਿਛੋੜੇ ਕਾਰਨ ਸਰੀ ਵਿਚ ਸੋਗ ਦੀ ਲਹਿਰ
ਹਰਦਮ ਮਾਨ
ਸਰੀ, 10 ਫਰਵਰੀ 2025-ਮਹਾਨ ਚਿੱਤਰਕਾਰ ਜਰਨੈਲ ਸਿੰਘ ਦੇ ਅਚਾਨਕ ਸਦੀਵੀ ਵਿਛੋੜੇ ਕਾਰਨ ਸਰੀ ਦੇ ਸਾਹਿਤਕ, ਕਲਾਤਮਿਕ ਅਤੇ ਸਭਿਆਚਾਰ ਹਲਕਿਆਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਬਹੁਤ ਹੀ ਨਿਮਰ ਸ਼ਖ਼ਸੀਅਤ ਦੇ ਮਾਲਕ, ਕਲਾ, ਸਾਹਿਤ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਚਿੱਤਰਕਾਰ ਜਰਨੈਲ ਸਿੰਘ ਨੇ ਸਿੱਖ ਇਤਿਹਾਸ, ਪੰਜਾਬੀ ਸਭਿਆਚਾਰ ਨੂੰ ਆਪਣੀ ਕਲਾ ਰਾਹੀਂ ਬਾਖੂਬੀ ਚਿਤਰਿਆ ਅਤੇ ਦੁਨੀਆਂ ਭਰ ਦੇ ਪੰਜਾਬੀਆਂ ਵਿਚ ਬੇਹੱਦ ਮਕਬੂਲੀਅਤ ਅਤੇ ਪਿਆਰ ਸਤਿਕਾਰ ਹਾਸਲ ਕੀਤਾ।
![](https://www.babushahi.in/upload/cke/1739188816_Jarnail-2.jpg)
ਸਰੀ ਵਿਚ ਉਨ੍ਹਾਂ ਵੱਲੋਂ ਸਥਾਪਿਤ ਕੀਤੀ ‘ਜਰਨੈਲ ਆਰਟ ਗੈਲਰੀ’ ਸਿਰਫ ਚਿੱਤਰਕਾਰੀ ਤੱਕ ਹੀ ਸੀਮਤ ਨਹੀਂ ਸੀ ਸਗੋਂ ਪਿਛਲੇ ਕਾਫੀ ਸਮੇਂ ਇਕ ਅਜਿਹਾ ਪਲੇਟਫਾਰਮ ਬਣਿਆ ਹੋਇਆ ਹੈ ਜਿੱਥੇ ਸਾਹਿਤਕ, ਸਭਿਆਚਾਰਕ, ਕਲਾਤਮਿਕ ਪ੍ਰੋਗਰਾਮ ਹੁੰਦੇ ਰਹਿੰਦੇ ਹਨ। ਇਹ ਗੈਲਰੀ ਇਕ ਅਜਿਹਾ ਮੰਚ ਹੈ ਕਿ ਜਿੱਥੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਸ਼ਖ਼ਸੀਅਤਾਂ ਨੂੰ ਜੀ ਆਇਆਂ ਕਿਹਾ ਜਾਂਦਾ ਹੈ। ਸਰੀ ਵਿਚ ਆਏ ਮਹਿਮਾਨ ਇਸ ਗੈਲਰੀ ਵਿਚ ਆ ਕੇ ਆਪਣੀ ਯਾਤਰਾ ਨੂੰ ਸਫਲ ਸਮਝਦੇ ਹਨ। ਪੰਜਾਬੀ ਪਿਆਰਿਆਂ ਨੂੰ ਖਿੜੇ ਮੱਥੇ ਆਪਣੀ ਬੁੱਕਲ ਦਾ ਨਿੱਘ ਦੇਣ ਵਾਲੀ ਇਹ ਗੈਲਰੀ ਅੱਜ ਬਹੁਤ ਉਦਾਸ ਹੈ।
ਹਰਮਨ ਪਿਆਰੇ ਆਰਟਿਸਟ ਜਰਨੈਲ ਸਿੰਘ ਵੱਲੋਂ ਅਲਵਿਦਾ ਕਹਿ ਜਾਣ ‘ਤੇ ਵੈਨਕੂਵਰ ਵਿਚਾਰ ਮੰਚ, ਪੰਜਾਬੀ ਲੇਖਕ ਮੰਚ, ਗ਼ਜ਼ਲ ਮੰਚ ਸਰੀ ਅਤੇ ਹੋਰ ਕਈ ਸੰਸਥਾਵਾਂ ਦੇ ਆਗੂਆਂ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਵੈਨਕੂਵਰ ਵਿਚਾਰ ਮੰਚ ਦੇ ਸਰਪ੍ਰਸਤ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਅੰਗਰੇਜ਼ ਬਰਾੜ, ਪਰਮਜੀਤ ਸਿੰਘ ਸੇਖੋਂ, ਹਰਦਮ ਮਾਨ, ਗ਼ਜ਼ਲ ਮੰਚ ਸਰੀ ਦੇ ਨਾਮਵਰ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਕ੍ਰਿਸ਼ਨ ਭਨੋਟ, ਦਵਿੰਦਰ ਗੌਤਮ, ਦਸ਼ਮੇਸ਼ ਗਿੱਲ ਫਿਰੋਜ਼, ਪ੍ਰੀਤ ਮਨਪ੍ਰੀਤ, ਗੁਰਮੀਤ ਸਿੱਧੂ ਤੇ ਬਲਦੇਵ ਸੀਹਰਾ, ਉੱਘੇ ਵਿਦਵਾਨ ਡਾ. ਪ੍ਰਿਥੀਪਾਲ ਸਿੰਘ ਸੋਹੀ, ਪ੍ਰੋ. ਹਰਿੰਦਰ ਕੌਰ ਸੋਹੀ, ਗੁਲਾਟੀ ਪਬਲਿਸ਼ਰਜ਼ ਸਰੀ ਦੇ ਸਤੀਸ਼ ਗੁਲਾਟੀ, ਡਾ. ਸੁਖਵਿੰਦਰ ਵਿਰਕ, ਨਵਰੂਪ ਸਿੰਘ, ਜਸਕਰਨ ਸਿੰਘ, ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਅਤੇ ਹੋਰ ਕਈ ਸ਼ਖ਼ਸੀਅਤਾਂ ਨੇ ਦੁੱਖ ਪ੍ਰਗਟ ਕਰਦਿਆਂ ਉਸ ਮਹਾਨ ਕਲਾਕਾਰ ਨੂੰ ਸਿਜਦਾ ਕੀਤਾ ਹੈ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com