ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਵਾਲੇ MLA ਦਾ ਸੱਜਣ ਸਿੰਘ ਚੀਮਾ ਨੇ ਗੁ. ਸ੍ਰੀ ਬੇਰ ਸਾਹਿਬ ਵਿਖੇ ਕੀਤਾ ਡੇਢ ਘੰਟਾ ਇੰਤਜ਼ਾਰ, ਪਰ ਉਹ ਨਾ ਪੁੱਜੇ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ: ,11 ਫਰਵਰੀ 2025 - ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਇਕ ਹਫਤਾ ਪਹਿਲਾਂ ਦਫਤਰ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਮੀਟਿੰਗ ਹਾਲ ਵਿਖੇ ਪ੍ਰੈਸ ਕਾਨਫਰੰਸ ਕਰਕੇ ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਚੈਲਿੰਜ ਕੀਤਾ ਸੀ ਕਿ ਉਹ ਮੇਰੇ ਖਿਲਾਫ਼ ਬੀ.ਡੀ.ਪੀ.ਓ. ਤੋਂ 1 ਲੱਖ ਰੁਪਏ ਲੈਣ ਵਗੈਰਾ ਦੇ ਲਗਾਏ ਦੋਸ਼ ਸਾਬਤ ਕਰਨ ਲਈ 11 ਫਰਵਰੀ ਨੂੰ ਸਵੇਰੇ 9 ਵਜੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਰਵ ਉਤਮ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਆ ਜਾਣ ਤੇ ਸਹੁੰ ਦੇਣ ।ਮੈ ਵੀ ਸਹੁੰ ਖਾਵਾਂਗਾ । ਅੱਜ ਉਸੇ ਐਲਾਨ ਮੁਤਾਬਕ ਸੱਜਣ ਸਿੰਘ ਚੀਮਾ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਨਤਮਸਤਕ ਹੋਏ ਤੇ ਸਹੁੰ ਚੁੱਕਦੇ ਹੋਏ ਇਹ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ ਉਨ੍ਹਾਂ ਅਗਰ ਕਿਸੇ ਅਧਿਕਾਰੀ ਕੋਲੋਂ ਇਕ ਰੁਪਿਆ ਵੀ ਲਿਆ ਹੋਵੇ ਤਾਂ ਪ੍ਰਮਾਤਮਾ ਦੇਖ ਲਵੇ ।
ਇਸ ਸਮੇ ਆਮ ਆਦਮੀ ਪਾਰਟੀ ਦੇ ਹਲਕੇ ਨਾਲ ਸਬੰਧਤ ਬਹੁ ਗਿਣਤੀ ਆਪ ਵਰਕਰ ਤੇ ਵਲੰਟੀਅਰ, ਬਲਾਕ ਪ੍ਰਧਾਨ ਵੀ ਆਪ ਮੁਹਾਰੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜ ਗਏ ਤੇ ਸਾਰਿਆਂ ਨੇ ਚੁੱਪ ਚਾਪ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਦਰਬਾਰ ਸਾਹਿਬ ਦੇ ਬਾਹਰ ਗੁਰਦੁਆਰਾ ਸਾਹਿਬ ਦੀਆਂ ਪਰਕਰਮਾ ਵਿਚ ਬੈਠ ਕੇ ਡੇਢ ਘੰਟਾ ਵਾਹਿਗੁਰੂ ਨਾਮ ਸਿਮਰਨ ਕੀਤਾ ਤੇ ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦਾ ਇੰਤਜਾਰ ਕੀਤਾ ।ਪਰ ਜਦੋਂ ਇੰਦਰਪ੍ਰਤਾਪ ਸਿੰਘ ਨਾ ਆਏ ਤਾਂ ਉਹ ਸਾਰੇ ਦਾਨਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਵਰਕਰਾਂ ਸਮੇਤ ਪੁੱਜੇ। ਜਿੱਥੇ ਉਨ੍ਹਾਂ ਜਿੱਥੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ,ਜੋ ਆਪ ਮੁਹਾਰੇ ਹੀ ਏਨੀ ਵੱਡੀ ਗਿਣਤੀ ਵਿਚ ਪਹੁੰਚ ਗਏ ਹਨ ।
ਸੱਜਣ ਸਿੰਘ ਚੀਮਾ ਨੇ ਇਸ ਸਮੇ ਦਫਤਰ ਮਾਰਕੀਟ ਕਮੇਟੀ ਵਿਖੇ ਦੋਬਾਰਾ ਫਿਰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਾਣਾ ਇੰਦਰਪ੍ਰਤਾਪ ਨੇ ਚੈਲਿੰਜ ਕੀਤਾ ਕਿ ਮੇਰੇ ਖਿਲਾਫ਼ ਇਕ ਰੁਪਏ ਦਾ ਵੀ ਭ੍ਰਿਸ਼ਟਾਚਾਰ ਦਾ ਕੋਈ ਵੀ ਦੋਸ਼ ਸਾਬਿਤ ਕਰ ਦੇਵੇ । ਐਵੇਂ ਕਿਸੇ ਖਿਲਾਫ਼ ਵੀ ਕੋਈ ਵੀ ਦੋਸ਼ ਲਗਾ ਸਕਦਾ ਹੈ । ਉਨ੍ਹਾਂ ਕਿਹਾ ਕਿ 4 ਫਰਵਰੀ ਨੂੰ ਮੈ ਖੁਲ੍ਹੇਆਮ ਪ੍ਰੈਸ ਕਾਨਫਰੰਸ ਕਰਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਸਥਾਨ ਗੁਰਦੁਆਰਾ ਬੇਰ ਸਾਹਿਬ ਵਿਖੇ ਪਹੁੰਚ ਕੇ ਸਹੁੰ ਦੇਣ ਲਈ ਵੰਗਾਰਿਆ ਸੀ,ਪਰ ਝੂਠਾ ਬੰਦਾ ਕਦੇ ਵੀ ਗੁਰਦੁਆਰਾ ਸਾਹਿਬ ਨਹੀ ਆ ਸਕਦਾ ।ਉਨ੍ਹਾਂ ਅਗਾਂਹ ਵੀ ਰਾਣਾ ਨੂੰ ਚੈਲਿੰਜ ਕੀਤਾ ਕਿ ਅੱਗੇ ਤੋਂ ਵੀ ਉਹ ਅਗਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਮੇਰੇ ਖਿਲਾਫ਼ ਲਗਾਏ ਦੋਸ਼ ਸਬੰਧੀ ਸਹੁੰ ਦੇਣਾ ਚਾਹੁਣ ਤਾਂ ਮੈ ਉਨ੍ਹਾਂ ਦੇ ਦਿੱਤੇ ਹੋਏ ਸਮੇ ਤੇ ਫਿਰ ਗੁਰਦੁਆਰਾ ਸਾਹਿਬ ਪਹੁੰਚ ਜਾਵਾਂਗਾ । ਉਨ੍ਹਾਂ ਕਿਹਾ ਕਿ ਮੈ ਇਮਾਨਦਾਰ ਹਾਂ ਤੇ ਸੱਚੀ ਸੁੱਚੀ ਰਾਜਨੀਤੀ ਕਰਦਾ ਹਾਂ, ਕਦੇ ਵੀ ਭ੍ਰਿਸ਼ਟਾਚਾਰਕ ਲੋਕਾਂ ਦਾ ਸਾਥ ਨਹੀ ਦਿੰਦਾ ।
ਦਾਨਾ ਮੰਡੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੱਜਣ ਸਿੰਘ ਨੇ ਮੁੜ ਕਿਹਾ ਕਿ ਆਪਣੇ ਹਲਕੇ ਵਿਚ ਪੈਸਾ ਤੇ ਨਸ਼ੇ ਵੰਡ ਕੇ ਵੋਟਾਂ ਲੈਣ ਵਾਲਾ ਵਿਧਾਇਕ ਸਿਰਫ ਝੂਠ ਦੀ ਰਾਜਨੀਤੀ ਕਰੇਗਾ , ਨਸ਼ੇ ਵੰਡੇਗਾ ਤੇ ਨਸ਼ਿਆਂ ਤੇ ਨੌਜਵਾਨਾਂ ਨੂੰ ਲਗਾ ਕੇ ਕੁਰਾਹੇ ਪਾਵੇਗਾ । ਉਨ੍ਹਾਂ ਫਿਰ ਦੋਸ਼ ਲਗਾਇਆ ਕਿ ਕਿ ਜਿਹੜੇ ਲੋਕ ਚੋਣਾਂ ਵਿੱਚ ਪੈਸਾ ਵੰਡ ਕੇ ਸੱਤਾ ਹਾਸਲ ਕਰਨ ਲਈ ਲੋਕਾਂ ਨੂੰ ਨਸ਼ਿਆਂ ਦੇ ਆਦੀ ਬਣਾਉਂਦੇ ਹਨ, ਉਹ ਇਹ ਭੁੱਲ ਜਾਂਦੇ ਹਨ ਕਿ ਨਸ਼ੇ ਦੇ ਆਦੀ ਲੋਕ ਚੋਣਾਂ ਮਗਰੋਂ ਆਪਣੀ ਆਦਤ ਪੂਰੀ ਕਰਨ ਲਈ ਲੁੱਟਾਂ ਖੋਹਾਂ ਕਰਦੇ ਤੇ ਫਿਰੌਤੀਆਂ ਲਈ ਕਤਲ ਤੱਕ ਕਰਦੇ ਹਨ ਅਤੇ ਡਾਕੇ ਮਾਰਦੇ ਹਨ। ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਵੀ ਵਿਗੜਦੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਵਪਾਰੀਆਂ ਤੋਂ ਫਿਰੌਤੀ ਮੰਗਣ ਵਾਲੇ ਲੋਕਾਂ ਨੂੰ ਪੁਲਸ ਕੋਲੋ ਕੋਣ ਛੁਡਵਾਉਦਾ ਰਿਹਾ ਹੈ , ਇਹ ਇਲਾਕੇ ਦੇ ਲੋਕ ਚੰਗੀ ਤਰ੍ਹਾਂ ਜਾਣ ਚੁੱਕੇ ਹਨ ਤੇ ਇਹਨਾਂ ਦਾ ਚਿਹਰਾ ਜਲਦੀ ਨੰਗਾ ਹੋ ਚੁੱਕਾ ਹੈ ।
ਅੱਜ ਸੱਜਣ ਸਿੰਘ ਚੀਮਾ ਨੇ ਕਿਹਾ ਮੈ ਕਿਸੇ ਕੋਲੋ ਇਕ ਰੁਪਿਆ ਵੀ ਰਿਸ਼ਵਤ ਦਾ ਲਿਆ ਕੋਈ ਵੀ ਸਾਬਤ ਕਰ ਦੇਵੇ ਤਾਂ ਰਾਜਨੀਤੀ ਛੱਡ ਦਿਆਂਗਾ । ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਇੰਦਰਪ੍ਰਤਾਪ ਨੇ ਨੇ ਚੋਣਾਂ ਵਿੱਚ ਪੈਸੇ ਅਤੇ ਨਸ਼ੇ ਵੰਡਣ ਦਾ ਐਸਾ ਗਲਤ ਕੰਮ ਸ਼ੁਰੂ ਕੀਤਾ ਹੈ ਕਿ ਕੋਈ ਇਮਾਨਦਾਰ ਵਿਅਕਤੀ ਦਾ ਜਿੱਤਣਾ ਬਹੁਤ ਮੁਸ਼ਕਲ ਹੋਵੇਗਾ ।ਪਰ ਇਹ ਝੂਠੀ ਰਾਜਨੀਤੀ ਜਿਆਦਾ ਚਿਰ ਨਹੀ ਚੱਲੇਗੀ।ਜਦੋਂ ਲੋਕ ਜਾਗ ਪਏ , ਉਦੋ ਨਸ਼ਾ ਤੇ ਪੈਸਾ ਵੰਡਣ ਵਾਲਿਆਂ ਨੂੰ ਲੋਕ ਪਿੰਡਾਂ ਵਿਚ ਵੀ ਨਹੀ ਵੜਨ ਦੇਣਗੇ।
ਸੱਜਣ ਸਿੰਘ ਚੀਮਾ ਨੇ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਆਪਣੇ ਪਿੰਡਾਂ ਵਿਚ ਖੇਡਾਂ ਨੂੰ ਪ੍ਰਫੁਲਤ ਕਰਨ ਲਈ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਈ ਖੇਡ ਮੈਦਾਨ ਤਿਆਰ ਕਰਨ । ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੋੜ ਕੇ ਮੈ ਕਈ ਨੌਜਵਾਨਾਂ ਦੀਆਂ ਜਿੰਦਗੀਆਂ ਸਵਾਰ ਦਿੱਤੀਆਂ ।
ਦੂਜੇ ਪਾਸੇ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਸੱਜਣ ਸਿੰਘ ਚੀਮਾ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਕਰਾਰ ਦਿੱਤਾ ਹੈ ।