ਕੈਨੇਡਾ: ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਸਮਾਗਮ 23 ਫਰਵਰੀ ਨੂੰ
ਹਰਦਮ ਮਾਨ
ਸਰੀ, 10 ਫਰਵਰੀ 2025-ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀਅ) ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 23 ਫਰਵਰੀ (ਐਤਵਾਰ) ਨੂੰ ਤਾਜ ਪਾਰਕ ਕਨਵੈਨਸ਼ਨ ਸੈਂਟਰ (8580-132 ਸਟਰੀਟ) ਸਰੀ ਵਿਖੇ ਇਕ ਵਜੇ ਤੋਂ ਤਿੰਨ ਵਜੇ ਤੱਕ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਪਲੀਅ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਦੱਸਿਆ ਹੈ ਕਿ ਦੀਪਕ ਬਿਨਿੰਗ ਫਾਊਂਡੇਸ਼ਨ ਅਤੇ ਤਾਜ ਪਾਰਕ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ਵਿਚ ਸਰੀ ਨਿਊਟਨ ਤੋਂ ਐਮ. ਐਲ. ਏ. ਅਤੇ ਐਂਟੀ ਰੇਸਿਜਮ ਅਤੇ ਡਿਪਟੀ ਪ੍ਰੀਮੀਅਰ ਅਤੇ ਅਟੌਰਨੀ ਜਨਰਲ ਨਿੱਕੀ ਸ਼ਰਮਾਂ ਦੇ ਪਾਰਲੀਮੈਂਟਰੀ ਸਕੱਤਰ ਜੈਸੀ ਸੁੰਨੜ ਮੁੱਖ ਬੁਲਾਰੇ ਹੋਣਗੇ।
ਸਮਾਗਮ ਵਿਚ ਸਰੀ ਸਕੂਲ ਬੋਰਡ ਦੇ ਮੈਂਬਰ ਗੈਰੀ ਥਿੰਦ, ਐਬਸਫੋਰਡ ਸਕੂਲ ਬੋਰਡ ਦੇ ਵਾਈਸ ਚੇਅਰ ਪ੍ਰੀਤ ਰਾਏ ਅਤੇ ਡੈਲਟਾ ਸਕੂਲ ਬੋਰਡ ਦੇ ਮੈਂਬਰ ਨਿੰਮੀ ਡੌਲਾ ਆਪੋ ਆਪਣੇ ਸਕੂਲ ਜ਼ਿਲਿਆਂ ਵਿਚ ਪੰਜਾਬੀ ਬਾਰੇ ਹੋ ਰਹੇ ਉਪਰਾਲਿਆਂ ਦੀ ਜਾਣਕਾਰੀ ਸਾਂਝੀ ਕਰਨਗੇ। ਸਥਾਨਿਕ ਸਕੂਲਾਂ, ਕਾਲਜਾਂ ਅਤੇ ਯੂਨੀਵਰਸਟੀਆਂ ਦੇ ਵਿਦਿਆਰਥੀ ਮਾਂ ਬੋਲੀ ਪੰਜਾਬੀ ਸੰਬੰਧੀ ਆਪਣੇ ਵਿਚਾਰ, ਕਵਿਤਾਵਾਂ, ਗੀਤ ਪੇਸ਼ ਕਰਨਗੇ। ਗਾਇਕ ਸੁੱਖੀ ਲਾਲੀ ਅਤੇ ਬਿੰਦਰ ਰੋਡੇ ਆਪਣੇ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਕਰਨਗੇ। ਸਕੂਲ ਵਿਦਿਆਰਥੀਆਂ ਵੱਲੋਂ ਪੰਜਾਬੀ ਸਿੱਖਣ ਲਈ ਪ੍ਰੇਰਨਾ ਦੇਣ ਵਾਲੀ ਛੋਟੀ ਵੀਡੀੳ ਵੀ ਦਿਖਾਈ ਜਾਵੇਗੀ।
ਸਮਾਗਮ ਵਿਚ ਸ਼ਾਮਲ ਹੋਣ ਲਈ ਕੋਈ ਐਂਟਰੀ ਫੀਸ ਨਹੀਂ। ਪਲੀਅ ਵੱਲੋਂ ਸਮੂਹ ਪੰਜਾਬੀਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਅਤੇ ਮਾਂ ਬੋਲੀ ਪੰਜਾਬੀ ਦਾ ਮਾਣ ਵਧਾਉਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਹੋਰ ਜਾਣਕਾਰੀ ਲਈ ਬਲਵੰਤ ਸਿੰਘ ਸੰਘੇੜਾ ਨਾਲ ਫੋਨ ਨੰਬਰ 604-836-8976 ਅਤੇ ਸਾਧੂ ਬਿਨਿੰਗ ਨਾਲ 778-773-1886 ਉਪਰ ਸੰਪਰਕ ਕੀਤਾ ਜਾ ਸਕਦਾ ਹੈ।