ਪੀਏਯੂ ਦੇ ਖੇਤੀਬਾੜੀ ਕਾਲਜ ਦੀ 60ਵੀਂ ਐਲੂਮਨੀ ਮੀਟ 6 ਅਤੇ 7 ਫਰਵਰੀ ਨੂੰ
ਲੁਧਿਆਣਾ 4 ਫਰਵਰੀ, 2025 - ਪੀਏਯੂ ਦੇ ਖੇਤੀਬਾੜੀ ਕਾਲਜ ਵੱਲੋਂ ਛੇ ਅਤੇ ਸੱਤ ਫਰਵਰੀ ਨੂੰ ਕਾਲਜ ਦੀ 60ਵੀਂ ਸਲਾਨਾ ਐਲੂਮੀਨੀ ਮੀਟ ਕਰਵਾਈ ਜਾ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਦੀ ਐਲੂਮਨੀ ਐਸੋਸੀਏਸ਼ਨ ਦੇ ਸਕੱਤਰ ਡਾ ਪ੍ਰਭਜੋਧ ਸਿੰਘ ਸੰਧੂ ਨੇ ਦੱਸਿਆ ਕਿ ਇਹ ਐਲੂਮਨੀ ਮੀਟ ਦੇਸ਼ ਵਿਦੇਸ਼ ਵਿੱਚ ਵਸਦੇ ਖੇਤੀਬਾੜੀ ਕਾਲਜ ਦੇ ਸਾਬਕਾ ਵਿਦਿਆਰਥੀਆਂ ਲਈ ਹਰ ਵਰੇ ਵਿਸ਼ੇਸ਼ ਆਯੋਜਨ ਵਾਂਗ ਹੁੰਦੀ ਹੈ। ਵਿਸ਼ੇਸ਼ ਤੌਰ ਤੇ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਕਾਲਜ ਦੇ ਸਾਬਕਾ ਵਿਦਿਆਰਥੀ ਇਸ ਮੀਟ ਵਿੱਚ ਹੁੰਮ ਹੁੰਮਾ ਕੇ ਹਰ ਸਾਲ ਪਹੁੰਚਦੇ ਹਨ।
ਉਹਨਾਂ ਕਿਹਾ ਕਿ ਇਸ ਮੀਟ ਵਿੱਚ ਪੀਏਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਜਦਕਿ ਕਾਲਜ ਦੇ ਸਭ ਤੋਂ ਉਮਰਦਰਾਜ਼ ਵਿਦਿਆਰਥੀ ਡਾ ਸਰਦਾਰਾ ਸਿੰਘ ਜੌਹਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹਿਣਗੇ। ਕਾਲਜ ਵਿੱਚ 1970 ਵਿੱਚ ਪੰਜ ਸਾਲਾ ਪ੍ਰੋਗਰਾਮ ਅਤੇ 1971 ਵਿੱਚ ਚਾਰ ਸਾਲਾ ਪ੍ਰੋਗਰਾਮ ਵਿੱਚ ਦਾਖਲ ਹੋਏ ਅਤੇ 1975 ਵਿੱਚ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਬੈਚ ਇਸ ਸਾਲ ਅਲੂਮਨੀ ਮੀਟ ਦਾ ਵਿਸ਼ੇਸ਼ ਤੌਰ ਤੇ ਹਿੱਸਾ ਬਣੇਗਾ। ਇਸ ਦੇ ਨਾਲ ਹੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਗੀਤ ਸੰਗੀਤ ਅਤੇ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ। ਬੀਤੇ ਵਰੇ ਦੌਰਾਨ ਕਾਲਜ ਲਈ ਅਕਾਦਮਿਕ ਅਤੇ ਸਹਿਸਭਿਆਚਾਰਕ ਗਤੀਵਿਧੀਆਂ ਵਿੱਚ ਜਿੱਤਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਕਾਲਜ ਦੇ ਸਾਬਕਾ ਵਿਦਿਆਰਥੀ ਇਸ ਮੌਕੇ ਭਾਰੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਆਪਣੇ ਪੁਰਾਣੇ ਦਿਨਾਂ ਦੀ ਯਾਦ ਤਾਜ਼ਾ ਕਰਨਗੇ ਅਤੇ ਅਜੋਕੇ ਵਿਦਿਆਰਥੀਆਂ ਲਈ ਪ੍ਰੇਰਨਾ ਦੇ ਸ਼ਬਦ ਕਹਿਣਗੇ। ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਇਸ ਸੰਬੰਧ ਵਿੱਚ ਪੇਸ਼ ਕੀਤੀਆਂ ਜਾਣ ਵਾਲੀਆਂ ਕਵਿਤਾਵਾਂ ਹਰ ਸਾਲ ਵਾਂਗ ਆਕਰਸ਼ਣ ਦਾ ਮੁੱਖ ਕੇਂਦਰ ਹੋਣਗੀਆਂ। ਇਸ ਦੇ ਨਾਲ ਹੀ ਐਲੂਮਨੀ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦੀ ਚੋਣ ਵੀ ਕੀਤੀ ਜਾਵੇਗੀ।
ਇਸ ਸਬੰਧੀ ਕਿਸੇ ਵੀ ਜਾਣਕਾਰੀ ਲਈ ਡਾ ਪ੍ਰਭਜੋਧ ਸਿੰਘ ਸੰਧੂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।