ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਅਰਿਜੀਤ ਭੱਟਾਚਾਰੀਆ ਨੂੰ ਮਿਲਿਆ 'ਯੰਗ ਸਾਇੰਟਿਸਟ' ਪੁਰਸਕਾਰ
- ਪ੍ਰੋ. ਓਮ ਸਿਲਾਕਾਰੀ ਦੀ ਅਗਵਾਈ ਵਾਲ਼ੀ ਲੈਬ ਦੇ ਤਿੰਨ ਵਿਦਿਆਰਥੀਆਂ ਨੂੰ ਪਹਿਲਾਂ ਵੀ ਮਿਲ ਚੁੱਕਾ ਹੈ ਇਹ ਪੁਰਸਕਾਰ
ਪਟਿਆਲਾ, 10 ਫਰਵਰੀ 2025 - ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਅਰਿਜੀਤ ਭੱਟਾਚਾਰੀਆ ਨੂੰ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਹੋਈ 8ਵੀਂ ਪੰਜਾਬ ਸਾਇੰਸ ਕਾਂਗਰਸ ਦੌਰਾਨ 'ਯੰਗ ਸਾਇੰਟਿਸਟ' ਪੁਰਸਕਾਰ ਨਾਲ਼ ਨਿਵਾਜਿਆ ਗਿਆ ਹੈ। ਉਹ ਪੰਜਾਬੀ ਯੂਨੀਵਰਸਿਟੀ ਵਿਖੇ ਫਾਰਮਾਸਿਊਟੀਕਲ ਸਾਇੰਸਜ਼ ਅਤੇ ਡਰੱਗ ਰਿਸਰਚ ਵਿਭਾਗ ਵਿੱਚ ਪ੍ਰੋ. ਓਮ ਸਿਲਾਕਾਰੀ ਦੀ ਅਗਵਾਈ ਹੇਠ ਮੌਲੀਕਿਊਲਰ ਮਾਡਲਿੰਗ ਲੈਬ ਵਿੱਚ ਖੋਜ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਚੌਥੀ ਵਾਰ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ. ਓਮ ਸਿਲਾਕਾਰੀ ਦੀ ਖੋਜ ਟੀਮ ਦੇ ਕਿਸੇ ਮੈਂਬਰ ਨੂੰ ਇਹ ਪੁਰਸਕਾਰ ਮਿਲਿਆ ਹੈ। ਪ੍ਰੋ. ਓਮ ਸਿਲਾਕਾਰੀ ਨੇ ਦੱਸਿਆ ਕਿ ਅਰਿਜੀਤ ਭੱਟਾਚਾਰੀਆ ਨੂੰ ਸੈਕਸ਼ਨ ਈ (ਮੈਡੀਕਲ, ਵੈਟਰਨਰੀ, ਨਰਸਿੰਗ, ਫਿਜ਼ੀਓਥੈਰੇਪੀ, ਹੈਲਥਕੇਅਰ ਅਤੇ ਫਾਰਮਾਸਿਊਟੀਕਲ ਸਾਇੰਸਜ਼) ਦੇ ਤਹਿਤ ਇਹ ਪੁਰਸਕਾਰ ਪ੍ਰਾਪਤ ਹੋਇਆ। ਇਸ ਵੱਕਾਰੀ ਪੁਰਸਕਾਰ ਵਿੱਚ ਸੋਨ ਤਗ਼ਮਾ, ਸਰਟੀਫਿਕੇਟ ਅਤੇ 7,500/- ਰੁਪਏ ਦਾ ਪ੍ਰੋਤਸਾਹਨ ਰਾਸ਼ੀ ਸ਼ਾਮਿਲ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਅਰਿਜੀਤ ਨੇ ਉਨ੍ਹਾਂ ਦੀ ਅਗਵਾਈ ਹੇਠ ਕੈਂਸਰ ਵਿੱਚ ਡਾਕਟਰੀ ਤੌਰ 'ਤੇ ਵਰਤੇ ਜਾਣ ਵਾਲੇ ਦਰਦ-ਨਿਵਾਰਕ ਦਵਾਈ ਦੇ ਅਣੂਆਂ ਦੀ ਉਪਯੋਗਤਾ ਬਾਰੇ ਪ੍ਰਦਰਸ਼ਨ ਕੀਤਾ ਹੈ। ਇਹ ਖੋਜ ਕੈਂਸਰ ਮਾਹਿਰਾਂ ਨੂੰ ਇਲਾਜ ਨਿਰਧਾਰਤ ਕਰਨ ਵਿੱਚ ਮਦਦ ਕਰੇਗੀ।
ਉਨ੍ਹਾਂ ਆਪਣੀ ਲੈਬ ਦੇ ਮਾਣਮੱਤੇ ਕਾਰਜਾਂ ਬਾਰੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ 2012 ਦੌਰਾਨ ਡਾ. ਮਲਕੀਤ ਸਿੰਘ ਬਾਹੀਆ , 2014 ਦੌਰਾਨ ਡਾ. ਮਨਿੰਦਰ ਕੌਰ ਅਤੇ 2023 ਦੌਰਾਨ ਡਾ. ਗੇਰਾ ਨਰਿੰਦਰ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ, ਇਸ ਲੈਬ ਦੇ ਖੋਜਾਰਥੀ ਡਾ. ਮਨਜਿੰਦਰ ਸਿੰਘ ਨੂੰ ਇਟਲੀ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਆਯੋਜਿਤ 'ਯੂਰਪੀਅਨ ਕੈਮੀਕਲ ਕਾਨਫਰੰਸ-2018' ਵਿੱਚ ਸਰਵੋਤਮ ਪੋਸਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਪ੍ਰੋ. ਸਿਲਾਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਲੈਬ ਉੱਤਰੀ ਭਾਰਤ ਖੇਤਰ ਵਿੱਚ ਇੱਕ ਚੰਗੀ ਤਰ੍ਹਾਂ ਲੈਸ ਅਣੂ ਮਾਡਲਿੰਗ ਲੈਬ ਹੈ ਅਤੇ ਇਸ ਲੈਬ ਦਾ ਖੋਜ ਕਾਰਜ 150 ਤੋਂ ਵੱਧ ਖੋਜ ਲੇਖਾਂ ਦੇ ਰੂਪ ਵਿੱਚ ਅੰਤਰਰਾਸ਼ਟਰੀ ਖੋਜ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਇਆ ਹੈ। ਪ੍ਰੋ. ਓਮ ਸਿਲਾਕਾਰੀ ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ ਦੁਆਰਾ ਸਪਾਂਸਰ ਕੀਤੇ ਗਏ ਬਾਇਓਇਨਫਾਰਮੈਟਿਕਸ ਸੈਂਟਰ ਦੀ ਅਗਵਾਈ ਵੀ ਕਰ ਰਹੇ ਹਨ।
ਉਨ੍ਹਾਂ ਦੀ ਇਸ ਪ੍ਰਾਪਤੀ ਉੱਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਅਤੇ ਵਿਭਾਗ ਦੇ ਮੁਖੀ ਪ੍ਰੋ. ਗੁਲਸ਼ਨ ਬਾਂਸਲ ਸਮੇਤ ਸਾਰੇ ਫੈਕਲਟੀ ਮੈਂਬਰਾਂ ਨੇ ਵਧਾਈ ਦਿੱਤੀ।