ਪੰਜਾਬ ਐਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਪੱਤਰਕਾਰਾਂ ਦੀ ਸੁਰੱਖਿਆ ਅਤੇ ਦਰਪੇਸ਼ ਸਮੱਸਿਆਵਾਂ ਉੱਤੇ ਸੂਬਾ ਪੱਧਰੀ ਸੈਮੀਨਾਰ
- ਜੇਕਰ ਸਰਕਾਰ ਨੇ ਪੱਤਰਕਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਸੰਘਰਸ਼ ਲਈ ਮਜਬੂਰ ਹੋਵਾਂਗੇ- ਜੰਮੂ
ਬਲਰਾਜ ਸਿੰਘ ਰਾਜਾ
ਬਿਆਸ 11 ਫਰਵਰੀ 2025 - ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਅੰਮ੍ਰਿਤਸਰ ਦਿਹਾਤੀ ਇਕਾਈ ਵੱਲੋਂ ਪੱਤਰਕਾਰਾਂ ਦੀ ਸੁਰੱਖਿਆ ਅਤੇ ਦਰਪੇਸ਼ ਸਮੱਸਿਆਵਾਂ ਉੱਤੇ ਵਿਚਾਰ ਚਰਚਾ ਲਈ ਅੱਜ ਕਲਗ਼ੀਧਰ ਪਬਲਿਕ ਸਕੂਲ ਬਤਾਲਾ ਵਿਖੇ ਸੂਬਾ ਪੱਧਰੀ ਸੈਮੀਨਾਰ ਕਰਵਾਇਆ ਗਿਆ ਇਸ ਸੈਮੀਨਾਰ ਵਿੱਚ ਰਾਜ ਭਰ ਤੋਂ ਪਹੁੰਚੇ ਸੀਨੀਅਰ ਪੱਤਰਕਾਰਾਂ ਨੇ ਪੱਤਰਕਾਰਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਉੱਤੇ ਗੰਭੀਰ ਚਰਚਾ ਕੀਤੀ।
ਇਸ ਮੌਕੇ ਯੂਨੀਅਨ ਦੇ ਨੈਸ਼ਨਲ ਸਕੱਤਰ ਜਨਰਲ ਬਲਵਿੰਦਰ ਜੰਮੂ ਨੇ ਕਿਹਾ ਕਿ ਹੁਣ ਤੱਕ ਦੇ ਸੰਘਰਸ਼ ਜਿਸ ਵਿੱਚ ਪੱਤਰਕਾਰਾਂ ਦੀਆਂ ਮੰਗਾਂ ਦੀ ਵਿਸਥਾਰ ਪੂਰਵਕ ਵਿੱਚ ਜਾਣਕਾਰੀ ਦਿੱਤੀ ਉਨ੍ਹਾਂ ਮੌਜੂਦਾ ਸਮੇਂ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਆਰਥਿਕ ਸ਼ੋਸ਼ਣ ਉੱਤੇ ਚਰਚਾ ਕਰਦੇ ਕਿਹਾ ਕਿ ਮੌਜੂਦਾ ਐਨਡੀਏ ਦੀ ਸਰਕਾਰ ਨੇ ਪੱਤਰਕਾਰ ਲਈ ਬਣਿਆ ਐਕਟ ਭੰਗ ਕਰਕੇ ਵੱਡਾ ਧਰੋਹ ਕਮਾਇਆ ਹੈ , ਅੱਜ ਪੱਤਰਕਾਰਾਂ ਨੂੰ ਜਿੱਥੇ ਫ਼ੀਲਡ ਵਿੱਚ ਕੰਮ ਕਰਦੇ ਹੋਏ ਆਪਣੀ ਜਾਨ ਨੂੰ ਜੋਖ਼ਮ ਵਿੱਚ ਪਾਉਣਾ ਪੈ ਰਿਹਾ ਹੈ ਉੱਥੇ ਉਹਨਾਂ ਦੇ ਅਦਾਰਿਆਂ ਵੱਲੋਂ ਵੀ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਨਾਲ ਸਰਕਾਰਾਂ ਵੀ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਲਗਾਤਾਰ ਅਣਗੌਲ਼ਿਆ ਕਰ ਰਹੀਆਂ ਹਨ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਜੇਕਰ ਇਹ ਮੁੱਦੇ ਹੱਲ ਨਾ ਹੋਏ ਤਾਂ ਪੱਤਰਕਾਰ ਵੀ ਆਮ ਲੋਕਾਂ ਦੀ ਤਰ੍ਹਾਂ ਸੜਕ ਉੱਤੇ ਸੰਘਰਸ਼ ਕਰਨ ਲਈ ਉੱਤਰਨਗੇ।
ਇਸ ਮੌਕੇ ਸੂਬਾ ਪ੍ਰਧਾਨ ਸ੍ਰੀ ਬਲਬੀਰ ਸਿੰਘ ਜੰਡੂ ਨੇ ਪੱਤਰਕਾਰਾਂ ਨੂੰ ਕੰਮ ਕਰਨ ਵਿੱਚ ਪੇਸ਼ ਆ ਰਹੀਆਂ ਔਕੜਾਂ ਉੱਤੇ ਚਰਚਾ ਕਰਦੇ ਹੋਏ ਇਹਨਾਂ ਦੇ ਫ਼ੌਰੀ ਹੱਲ ਲਈ ਸਰਕਾਰਾਂ ਕੋਲੋਂ ਦਖ਼ਲ ਦੀ ਮੰਗ ਕੀਤੀ ।
ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਅਖ਼ਬਾਰਾਂ ਅਤੇ ਹੋਰ ਅਦਾਰਿਆਂ ਵਿੱਚ ਤਨਖ਼ਾਹਾਂ ਦੇ ਵਾਧੇ ਲਈ ਵੇਜ ਬੋਰਡ ਲਾਗੂ ਕਰਵਾਇਆ ਪਰ ਕੁਝ ਇੱਕ ਅਦਾਰਿਆਂ ਨੂੰ ਛੱਡ ਕੇ ਬਾਕੀਆਂ ਨੇ ਚਕਮਾ ਦਿੰਦੇ ਹੋਏ ਜਾਂ ਆਪਣੀ ਰਾਜਸੀ ਪਹੁੰਚ ਵਰਤ ਕੇ ਇਸ ਵੇਜ ਬੋਰਡ ਨੂੰ ਲਾਗੂ ਨਹੀਂ ਕੀਤਾ ਜਿਸ ਕਾਰਨ ਪੱਤਰਕਾਰਾਂ ਦੀਆਂ ਤਨਖ਼ਾਹਾਂ ਵਿੱਚ ਮਹਿੰਗਾਈ ਦੇ ਬਰਾਬਰ ਵਾਧਾ ਨਹੀਂ ਹੋ ਸਕਿਆ।
ਪ੍ਰਵਾਸੀ ਭਾਰਤੀ ਪੱਤਰਕਾਰ ਸੁਖਵਿੰਦਰ ਸਿੰਘ ਚੋਹਲਾ ਨੇ ਆਪਣਾ ਪੰਜਾਬ ਦੀ ਪੱਤਰਕਾਰੀ ਅਤੇ ਕੈਨੇਡਾ ਦੀ ਪੱਤਰਕਾਰੀ ਦਾ ਫ਼ਰਕ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇਸ਼ਾਂ ਵਿੱਚ ਅਜੇ ਲੋਕਤੰਤਰ ਕਾਇਮ ਹੈ ਅਤੇ ਲੋਕਤੰਤਰ ਦਾ ਥੰਮ੍ਹ ਵਜੋਂ ਜਾਣਿਆ ਜਾਂਦਾ ਪੱਤਰਕਾਰ ਵੀ ਆਜ਼ਾਦ ਪੱਤਰਕਾਰੀ ਕਰਨ ਦੇ ਸਮਰੱਥ ਹੈ ਜਦ ਕਿ ਸਾਡੇ ਦੇਸ਼ ਵਿੱਚ ਇਹ ਹੁਣ ਬੀਤੇ ਯੁੱਗ ਦੀ ਗੱਲ ਬਣ ਕੇ ਰਹਿ ਗਈ ਹੈ ਉਹਨਾਂ ਨੇ ਇਸ ਉੱਤੇ ਕੰਮ ਕਰਨ ਲਈ ਅੰਮ੍ਰਿਤਸਰ ਦੇ ਪੱਤਰਕਾਰਾਂ ਵੱਲੋਂ ਕੀਤੀ ਪਹਿਲ ਕਦਮੀ ਨੂੰ ਸਲਾਹਿਆ।ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ਼ੇਰ ਜੰਗ ਸਿੰਘ ਹੁੰਦਲ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਪੱਤਰਕਾਰਾਂ ਦੀਆਂ ਮੰਗਾਂ ਉੱਤੇ ਬੋਲਦੇ ਹੋਏ ਡੀ ਪੀ ਆਰ ਓ ਹੁੰਦਲ ਨੇ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਕਿ ਤੁਹਾਡੇ ਜੋ ਵੀ ਮਸਲੇ ਪੰਜਾਬ ਸਰਕਾਰ ਨਾਲ ਸੰਬੰਧਿਤ ਹਨ ਉਹ ਪੰਜਾਬ ਸਰਕਾਰ ਕੋਲ ਉਠਾਏ ਜਾਣਗੇ ਅਤੇ ਤੁਹਾਡੀ ਸੁਰੱਖਿਆ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਆਂਚ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਲੋਕਤੰਤਰ ਦੀ ਬਹਾਲੀ ਲਈ ਪ੍ਰੈੱਸ ਦਾ ਵੱਡਾ ਯੋਗਦਾਨ ਹੈ ਅਤੇ ਇਸ ਨੂੰ ਮਹੱਤਤਾ ਨੂੰ ਕਦੇ ਵੀ ਘੱਟ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਮੌਕੇ ਅੰਮ੍ਰਿਤਸਰ ਦਿਹਾਤੀ ਇਕਾਈ ਵੱਲੋਂ ਵੱਖ-ਵੱਖ ਵਰਗਾਂ ਵਿੱਚ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਵਾਲੇ ਸੱਤ ਅਧਿਕਾਰੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ। ਜਿਨ੍ਹਾਂ ਵਿਚ ਸੁਖਵਿੰਦਰ ਪਾਲ ਸਿੰਘ ਡੀ ਐੱਸ ਪੀ ਵਿਜੀਲੈਂਸ ਪਠਾਨਕੋਟ,ਜ਼ਿਲ੍ਹਾ ਮੰਡੀ ਅਫ਼ਸਰ ਅਮਨਦੀਪ ਸਿੰਘ,ਕਾਮੇਡੀਅਨ ਸੁਰਿੰਦਰ ਫਰਿਸਤਾ, ਡਾ ਗੁਰਵਿੰਦਰ ਸਿੰਘ ਬਲ ਪੀ ਜੀ ਆਈ ਚੰਡੀਗੜ੍ਹ, ਸੀਨੀਅਰ ਸਹਾਇਕ ਮੁਖਤਾਰ ਸਿੰਘ, ਪ੍ਰਿੰਸੀਪਲ ਰਾਜੀਵ ਕਪੂਰ ਬਿਆਸ, ਮਿਸ ਬੀਵੀ ਚੀਮਾ ਬਾਠ ਦੇ ਨਾਮ ਸ਼ਾਮਲ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐੱਸ ਡੀ ਐਮ ਬਾਬਾ ਬਕਾਲਾ ਸਾਹਿਬ ਸ ਅਮਨਪ੍ਰੀਤ ਸਿੰਘ ਡੀ ਐੱਸ ਪੀ ਡੀ ਬਲਰਾਜ ਸਿੰਘ ਹਾਜ਼ਰ ਹੋਏ ਅਤੇ ਯੂਨੀਅਨ ਵਲੋ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਦਿਹਾਤੀ ਇਕਾਈ ਦੇ ਚੇਅਰਮੈਨ ਦਵਿੰਦਰ ਸਿੰਘ, ਪ੍ਰਧਾਨ ਰਜਿੰਦਰ ਰਿਖੀ, ਸਕੱਤਰ ਜਨਰਲ ਬਲਰਾਜ ਸਿੰਘ ਰਾਜਾ ,ਰਾਜਨ ਮਾਨ, ਸੁਰਜੀਤ ਸਿੰਘ,ਜਗਦੀਸ਼ ਸਿੰਘ ਬਮਰਾਹ, ਰਾਕੇਸ਼ ਬਾਬਾ ਬਕਾਲਾ, ਪਰਮਿੰਦਰ ਸਿੰਘ ਜੋਸਨ ਜੰਡਿਆਲਾ ਗੁਰੂ, ਐਨ ਪੀ ਧਵਨ, ਦਵਿੰਦਰ ਬਜਾਜ,ਪ੍ਰਿੰਸੀਪਲ ਦਿਲਬਾਗ ਸਿੰਘ ਮਾਨ,ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ, ਨਗਰ ਪੰਚਾਇਤ ਬਾਬਾ ਬਕਾਲਾ ਪ੍ਰਧਾਨ ਸੁਰਜੀਤ ਸਿੰਘ ਕੰਗ, ਕਾਂਗਰਸ ਦੇ ਪ੍ਰਦੀਪ ਸਿੰਘ ਭਲਾਈਪੁਰ, ਜਰਮਨ ਜੀਤ ਸਿੰਘ ਜਸਪਾਲ ਸਮੇਤ ਵੱਡੀ ਗਿਣਤੀ ਵਿਚ ਪੱਤਰਕਾਰ,ਸਿਆਸੀ ਆਗੂ ਅਤੇ ਸਿਵਲ ਅਧਿਕਾਰੀ ਪੁੱਜੇ ਹੋਏ ਸਨ।